ਕੋਟਕਪੂਰਾ, 28 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫਸਰ ਸਮੇਤ ਵਾਟਰ ਵਰਕਸ ਵਿਭਾਗ ਤੇ ਸੀਵਰੇਜ ਬੋਰਡ ਨੂੰ ਲਿਖਤੀ ਅਤੇ ਜੁਬਾਨੀ ਤੌਰ ’ਤੇ ਸ਼ਿਕਾਇਤਾਂ ਕਰ ਕਰ ਕੇ ਅੱਕ ਅਤੇ ਥੱਕ ਚੁੱਕੇ ਮੁਹੱਲਾ ਆਨੰਦ ਨਗਰ ਦੀ ਗਲੀ ਨੰਬਰ 15 ਦੇ ਵਸਨੀਕਾਂ ਨੇ ਹਾਰ ਕੇ ਆਪਣੇ ਪੱਧਰ ’ਤੇ ਖਰਚਾ ਕਰਕੇ ਸਫਾਈ ਪ੍ਰਬੰਧਾਂ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ। ਇਸ ਸਬੰਧੀ ਮੁਹੱਲਾ ਵਾਸੀਆਂ ’ਚ ਸ਼ਾਮਲ ਭੁਪਿੰਦਰ ਸਿੰਘ ਵਾਹਲਾ, ਗੁਰਬਾਜ ਸਿੰਘ, ਸੂਬਾ ਸਿੰਘ, ਸੁਖਮੰਦਰ ਸਿੰਘ, ਕੁਲਦੀਪ ਸਿੰਘ, ਜਗਸੀਰ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ ਖਾਲਸਾ, ਨਰੇਸ਼ ਕੁਮਾਰ ਆਦਿ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀ ਕਰਵਾਇਆ ਜਾ ਰਿਹਾ, ਜਿਸ ਕਾਰਨ ਇੱਥੋਂ ਦੇ ਲਗਭਗ ਤਿੰਨ ਦਰਜਨ ਘਰਾਂ ਦੇ ਵਸਨੀਕਾਂ ਵਲੋਂ ਆਪਣੇ ਪੱਧਰ ’ਤੇ ਰੁਪਏ ਖਰਚ ਕੇ ਸਫਾਈ ਪ੍ਰਬੰਧ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਮੱਸਿਆ ਸਬੰਧੀ ਕਈ ਰਾਜਨੀਤਿਕ ਆਗੂਆਂ ਤੋਂ ਇਲਾਵਾ ਸਰਕਾਰੀ ਦਰਬਾਰੇ ਫਰਿਆਦ ਕਰ ਚੁੱਕੇ ਹਨ ਪਰ ਕੋਈ ਸੁਣਵਾਈ ਨਹੀ ਹੋ ਰਹੀ, ਸਿਰਫ ਲਾਰੇ ਹੀ ਲਾਏ ਗਏ। ਉਨਾਂ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਇਸ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸੜਕ ਜਾਮ ਕਰਕੇ ਧਰਨਾ ਲਾ ਕੇ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਾ ਕੇ ਬਹੁਤ ਜਲਦੀ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ।
Leave a Comment
Your email address will not be published. Required fields are marked with *