ਕੋਟਕਪੂਰਾ, 9 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਵੇਂ ਅੱਜ ਦੇ ਬਦਲਵੇਂ ਯੁੱਗ ਵਿਚ ਇਲੈਕਟ੍ਰਾਨਿਕ ਲੜੀਆਂ ਨੇ ਦੀਵਿਆਂ ਦੀ ਥਾਂ ਲੈ ਲਈ ਹੈ ਪਰ ਫਿਰ ਵੀ ਜੋ ਰੌਣਕ ਦੀਵਾਲੀ ਦੀਆਂ ਖੁਸ਼ੀਆਂ ਵੇਲੇ ਦੀਵਿਆਂ ਨਾਲ ਮਿਲਦੀ ਹੈ, ਉਹ ਬਿਜਲੀ ਵਾਲੀਆਂ ਲੜੀਆਂ ’ਚ ਨਹੀਂ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਮਿੱਟੀ ਦੇ ਦੀਵੇ ਅਤੇ ਹੋਰ ਸਮਾਨ ਬਣਾਉਣ ਵਾਲੇ ਕਾਰੀਗਰ ਪ੍ਰੇਮਪਾਲ ਪ੍ਰਜਾਪਤੀ ਨੇ ਇਸ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਰ ਸਾਲ 2-3 ਮਹੀਨੇ ਪਹਿਲਾਂ ਹੀ ਮਿੱਟੀ ਦੇ ਦੀਵੇ ਬਣਾਉਣ ਵਿੱਚ ਰੁੱਝ ਜਾਂਦਾ ਹੈ ਤੇ ਦੀਵੇ ਬਣਾ ਕੇ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਘਰਾਂ ਅਤੇ ਦੂਰ ਦੁਰਾਡੇ ਸ਼ਹਿਰਾਂ ’ਚ ਭੇਜਣ ਦਾ ਕੰਮ ਕਰਦੇ ਹਨ ਅਤੇ ਵਰਤਾਂ ਸਮੇਂ ਕਰੂਏ ਅਰਥਾਤ ਕੁੱਜੀਆਂ ਨੂੰ ਆਦਿ ਘਰਾਂ ’ਚ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਲੋਕਾਂ ’ਚ ਮੁੜ ਮਿੱਟੀ ਦੇ ਬਣਾਏ ਦੀਵਿਆਂ ਦਾ ਰੁਝਾਨ ਵੱਧ ਗਿਆ ਹੈ, ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੇ ਬਣਾਏ ਮਿੱਟੀ ਦੇ ਦੀਵਿਆਂ ਤੋਂ ਪਿਆਰ ਅਤੇ ਆਪਸੀ ਸਾਂਝ ਦੀ ਝਲਕ ਪੈਂਦੀ ਹੈ, ਜੋ ਬਾਜ਼ਾਰੋਂ ਖ਼ਰੀਦੀਆਂ ਲੜੀਆਂ ’ਚੋਂ ਨਹੀਂ ਮਿਲਦੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਰੀਬ ਦੋ ਮਹੀਨੇ ਪਹਿਲਾਂ ਦੂਰ-ਦਰਾਡਿਊਂ ਬੜੀ ਮੁਸ਼ਕਿਲ ਨਾਲ ਮਿੱਟੀ ਲਿਆ ਕੇ ਫਿਰ ਰਾਤਾਂ ਨੂੰ ਸਾਰੀ-ਸਾਰੀ ਰਾਤ ਕੰਮ ਕਰਕੇ ਆਪਣੀ ਕਲਾ ਰਾਹੀਂ ਦੀਵੇ, ਘਰੂੰਡੀਆਂ, ਕਰੂਏ, ਮਿਸਾਲਾਂ ਆਦਿ ਚੱਕ ਰਾਹੀਂ ਤਿਆਰ ਕਰਦੇ ਹਨ ਅਤੇ ਫਿਰ ਸੁੱਕਣ ਤੋਂ ਬਾਅਦ ਇਨ੍ਹਾਂ ਨੂੰ ਅੱਗ ਦੀ ਭੱਠੀ ’ਚ ਪਾ ਕੇ ਪਕਾਇਆ ਜਾਂਦਾ ਹੈ। ਇਨ੍ਹਾਂ ਤਿਆਰ ਹੋਏ ਦੀਵੇ, ਘਰੂੰਡੀਆਂ, ਕਰੂਏ, ਮਿਸਾਲਾਂ ਆਦਿ ਨੂੰ ਲੋਕ ਬੜ੍ਹੇ ਚਾਅ ਨਾਲ ਲੈਂਦੇ ਹਨ ਅਤੇ ਲੋਕ ਸ਼ਗਨ ਵਜੋਂ ਘਰਾਂ ’ਚੋਂ ਕਣਕ ਦਾਣੇ ਪਾਉਂਦੇ ਹਨ। ਮਿੱਟੀ ਦੇ ਦੀਵਿਆਂ ਰਾਹੀਂ ਸਰੋਂ ਦਾ ਤੇਲ ਬਾਲਣਾ ਲੋਕਾਂ ਵਲੋਂ ਦੀਵਾਲੀ ਵਾਲੇ ਦਿਨ ਸ਼ਗਨ ਵੀ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਵੀ ਪੂਰਾ ਸਕੂਨ ਮਿਲਦਾ ਹੈ ਤੇ ਪਿੰਡ ਦੇ ਲੋਕਾਂ ਨਾਲ ਆਪਸੀ ਤਾਲ-ਮੇਲ ਬਣਿਆ ਰਹਿੰਦਾ ਹੈ, ਜੋ ਸਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਇਹ ਸਾਡਾ ਰੋਟੀ ਤਾ ਸਾਧਨ ਵੀ ਹੁੰਦਾ ਹੈ।