ਫਰੀਦਕੋਟ, 9 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀ ਹੋਈ ਗੜ੍ਹੇਮਾਰੀ, ਮੀਂਹ ਅਤੇ ਹਨੇਰੀ ਕਾਰਨ ਫਸਲਾਂ ਤੇ ਹੋਏ ਮਾੜੇ ਅਸਰ ਦਾ ਨਿਰੀਖਣ ਕਰਨ ਲਈ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਅਤੇ ਉਹਨਾਂ ਦੀ ਟੀਮ, ਜਿਸ ਵਿੱਚ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਅਫ਼ਸਰ, ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਬਲਾਕ ਫਰੀਦਕੋਟ ਦੇ ਪਿੰਡ ਰਾਜੋਵਾਲਾ, ਗੋਲੇਵਾਲਾ,ਮੰਨਾ ਸਿੰਘ, ਬਸਤੀ ਅਰਾਈਆਂਵਾਲਾ, ਘਣੀਆਂ ਆਦਿ ਪਿੰਡਾਂ ਵਿੱਚ ਕਣਕ, ਬਰਸੀਮ,ਸਰ੍ਹੋਂ ਆਦਿ ਫਸਲਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜਿਹੜੇ ਇਲਾਕਿਆਂ ਵਿੱਚ ਗੜ੍ਹੇਮਾਰੀ ਨਹੀਂ ਹੋਈ ਉੱਥੇ ਹਲਕਾ ਜਾਂ ਦਰਮਿਆਨਾ ਮੀਂਹ ਇਹਨਾਂ ਫਸਲਾਂ ਲਈ ਲਾਹੇਵੰਦ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦਾ ਪੱਕ ਰਹੀਆਂ ਫਸਲਾਂ ਉੱਪਰ ਮਾੜਾ ਅਸਰ ਪੈਂ ਸਕਦਾ ਸੀ, ਪ੍ਰੰਤੂ ਹੁਣ ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਅਜਿਹਾ ਨਹੀਂ ਹੋਵੇਗਾ l ਉਨ੍ਹਾਂ ਕਿਹਾ ਕਿ ਜਿੱਥੇ ਵੀ ਬਾਰਸ਼ ਨਾਲ ਗੜ੍ਹੇਮਾਰੀ ਹੋਈ ਹੈ ਉੱਥੇ ਇਹ ਫਸਲਾਂ ਪ੍ਰਭਾਵਿਤ ਹੋਈਆਂ ਹਨ। ਉਹਨਾਂ ਦੱਸਿਆ ਕਿ ਗੜ੍ਹੇਮਾਰੀ ਕਾਰਨ ਖਾਸ ਤੌਰ ਤੇ ਕਣਕ ਦੀ ਫਸਲ ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਰਿਪੋਰਟ ਡਿਪਟੀ ਕਮਿਸ਼ਨਰ ਫਰੀਦਕੋਟ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਦੀ ਪੈਦਾਵਾਰ ਤੇ ਪੈਣ ਵਾਲੇ ਪ੍ਰਭਾਵ ਦਾ ਸਹੀ ਅਨੁਮਾਨ ਫਸਲ ਕਟਾਈ ਤਜਰਬਿਆਂ ਉਪਰੰਤ ਹੀ ਲਗਾਇਆ ਜਾ ਸਕਦਾ ਹੈ। ਇਸ ਸੰਬੰਧੀ ਉਹਨਾਂ ਦੱਸਿਆ ਕਿ ਫਸਲ ਕਟਾਈ ਤਜਰਬਿਆਂ ਲਈ ਫਸਲ ਕੱਟਣ ਸਮੇਂ ਵੱਖ-ਵੱਖ ਟੀਮਾਂ ਦਾ ਗਠਨ ਕਰਨ ਉਪਰੰਤ ਇਹ ਫਸਲ ਕਟਾਈ ਤਜਰਬੇ ਕਰਵਾ ਕਿ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ। ਕਿਸਾਨ ਬੋਹੜ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਕਣਕ, ਬਰਸੀਮ ਅਤੇ ਸਰੋਂ ਦੀ ਫਸਲ, ਗੜ੍ਹੇ ਮਾਰੀ ਤੋੰ ਪਹਿਲਾਂ ਬਹੁਤ ਵਧੀਆ ਸੀ ਪਰ ਗੜ੍ਹੇ ਮਾਰੀ ਨੇ ਕਣਕ, ਬਰਸੀਮ ਅਤੇ ਸਰੋਂ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ ਹੈ l ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋੰ ਮੰਗ ਕੀਤੀ ਕਿ ਜਲਦ ਤੋੰ ਜਲਦ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਜਿਨ੍ਹਾਂ ਕਿਸਾਨਾਂ ਨੇ ਮੂੰਗੀ ਦੀ ਫਸਲ ਬੀਜਣੀ ਹੈ, ਉਹ ਸਮੇੰ ਸਿਰ ਬਿਜਾਈ ਕਰ ਸਕਣ l
Leave a Comment
Your email address will not be published. Required fields are marked with *