ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਉਦਮਾ ਸਦਕਾ ਇਸ ਵਾਰ ਬਹੁ-ਗਿਣਤੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਕਣਕ ਦੀ ਬਿਜਾਈ ਕੀਤੀ ਪਰ ਕੁਝ ਖੇਤਾਂ ’ਚ ਗੁਲਾਬੀ ਸੁੰਡੀ ਦਾ ਹਮਲਾ ਹੋਣ ਕਾਰਨ ਕਿਸਾਨ ਯੂਨੀਅਨ ਦੇ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ, ਗੁਰਮੀਤ ਸਿੰਘ ਤੇ ਕੁਝ ਕਿਸਾਨਾਂ ਵੱਲੋਂ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਗਈ। ਇਸੇ ਸਬੰਧ ’ਚ ਕਾਰਵਾਈ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਵਿਸ਼ੇਸ਼ ਟੀਮ ਦਾ ਗਠਨ ਕੀਤਾ, ਜਿਸ ’ਚ ਵਿਭਾਗ ਦੇ ਅਧਿਕਾਰੀ ਅਤੇ ਕਿ੍ਰਸੀ ਵਿਗਿਆਨ ਕੇਂਦਰ ਦੇ ਸਾਇੰਸਦਾਨ ਸ਼ਾਮਲ ਹਨ। ਟੀਮ ਦੇ ਇੰਚਾਰਜ ਏਡੀਓ ਡਾ. ਯਾਦਵਿੰਦਰ ਸਿੰਘ, ਮੈਂਬਰ ਏਡੀਓ ਡਾ. ਅਸਵਨੀ ਕੁਮਾਰ, ਕੇ.ਵੀ.ਕੇ. ਤੋਂ ਡਾ. ਪਵਿੱਤਰ ਸਿੰਘ ਅਤੇ ਡਾ. ਫਤਹਿ ਸਿੰਘ ਨਾਲ ਡਾ. ਗਿੱਲ ਨੇ ਕਿਸਾਨਾਂ ਨੂੰ ਨਾਲ ਲੈ ਕੇ ਪਿੰਡ ਗੋਲੇਵਾਲਾ ਦੇ ਵੱਖ-ਵੱਖ ਖੇਤਾਂ ਦਾ ਦੌਰਾ ਕੀਤਾ। ਡਾ. ਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਗੁਲਾਬੀ ਸੁੰਡੀ ਦਾ ਹਮਲਾ ਠੰਡ ਦੇਰੀ ਨਾਲ ਪੈਣ ਕਾਰਨ ਵੱਧ ਦੇਖਣ ਨੂੰ ਮਿਲਿਆ ਹੈ ਅਤੇ ਹੁਣ ਠੰਡ ਵਧਣ ਕਾਰਨ ਸੁੰਡੀ ਖੇਤ ’ਚ ਨਿਸਕਿਰਿਆ ਅਵਸਥਾ ’ਚ ਹੈ ਅਤੇ ਨੁਕਸਾਨ ਨਹੀਂ ਕਰੇਗੀ। ਉਹਨਾਂ ਦੱਸਿਆ ਕਿ ਸੁੰਡੀ ਨੂੰ ਮਾਰਨ ਦੀ ਸਪਰੇਅ ਕਰਨ ਨਾਲੋਂ ਕਿਸਾਨ ਹੋਰ ਗੱਲਾਂ ਵੱਲ ਧਿਆਨ ਦੇਣ ਜਿਵੇਂ ਕਿ ਦਿਨ ਵੇਲੇ ਪਾਣੀ ਲਾਉਣਾ, ਫਸਲ ’ਚ ਸੂਖਮ ਤੱਤਾਂ ਜਿਵੇਂ ਕਿ ਮੈਂਗਣੀਜ, ਗੰਧਕ ਆਦਿ ਦੀ ਘਾਟ ਪੂਰੀ ਕਰਨਾ। ਸਰਕਲ ਇੰਚਾਰਜ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਖੇਤਾਂ ਦਾ ਦੌਰਾ ਕਰ ਰਹੇ ਹਨ ਅਤੇ ਉਹਨਾਂ ਨੇ ਕਿਸਾਨਾਂ ਨੂੰ ਲੋੜ ਪੈਣ ’ਤੇ ਵਿਭਾਗ ਨਾਲ ਸੰਪਰਕ ਕਰਨ ਦੀ ਅਪੀਲ ਵੀ ਕੀਤੀ।