ਸਪੀਕਰ ਸੰਧਵਾਂ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਯਾਤਰੀ ਬੱਸ ਨੂੰ ਦਿੱਤੀ ਹਰੀ ਝੰਡੀ
ਕੋਟਕਪੂਰਾ ਤੋਂ ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਦੀ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਦਾ ਖਰਚਾ ਪੰਜਾਬ ਸਰਕਾਰ ਕਰੇਗੀ : ਸੰਧਵਾਂ
ਕੋਟਕਪੂਰਾ 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ਰੂ ਕੀਤੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਕੋਟਕਪੂਰਾ ਦੇ ਐਸ.ਡੀ.ਐਮ. ਦਫਤਰ ਤੋਂ ਸ਼ਹਿਰੀ ਪ੍ਰਧਾਨ ਸੰਜੀਵ ਕੁਮਾਰ ਕਾਲੜਾ ਅਤੇ ਨਰੇਸ਼ ਕੁਮਾਰ ਸਿੰਗਲਾ ਦੀ ਅਗਵਾਈ ਹੇਠ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਦਰਬਾਰ ਲਈ ਬੱਸ ਯਾਤਰਾ ਰਵਾਨਾ ਹੋਈ। ਬੱਸ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਰੋਜਾਨਾ ਜੀਵਨ ’ਚ ਵਰਤੀਆਂ ਜਾਂਦੀਆਂ ਵਸਤਾਂ ਦੀ ਇੱਕ ਕਿੱਟ ਤਿਆਰ ਕਰਕੇ ਸਮੂਹ ਸੰਗਤਾਂ ਨੂੰ ਦਿੱਤੀ ਗਈ। ਸ਼ਿਆਮ ਪ੍ਰੇਮੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਸਰਕਾਰ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਿਆਮ ਬਾਬਾ ਪ੍ਰਤੀ ਸ਼ਰਧਾਲੂਆਂ ਦੇ ਪਿਆਰ ਨੂੰ ਦੇਖਦੇ ਹੋਏ ਇਹ ਬੱਸ ਯਾਤਰਾ ਰਵਾਨਾ ਕੀਤੀ ਜਾ ਰਹੀ ਹੈ। ਕੋਟਕਪੂਰਾ ’ਚ ਸ਼ਿਆਮ ਸ਼ਰਧਾਲੂਆਂ ਦੀ ਕੋਈ ਕਮੀ ਨਾ ਹੋਣ ਕਰਕੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਵੱਲੋਂ ਇਸ ਬੱਸ ਸੇਵਾ ਲਾਈ ਗਈ ਹੈ। ਸਪੀਕਰ ਸੰਧਵਾਂ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਾਵਨ ਅਸਥਾਨ ਹਜ਼ੂਰ ਸਾਹਿਬ (ਨਾਂਦੇੜ), ਤਖਤ ਪਟਨਾ ਸਾਹਿਬ (ਬਿਹਾਰ), ਵਾਰਾਨਸੀ ਮੰਦਿਰ, ਅਯੁੱਧਿਆ ਅਤੇ ਵਰਿੰਦਾਵਨ ਧਾਮ (ਉੱਤਰ ਪ੍ਰਦੇਸ਼), ਅਜਮੇਰ ਸ਼ਰੀਫ਼ (ਰਾਜਸਥਾਨ) ਦੀ ਯਾਤਰਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ, ਅੰਮਿ੍ਰਤਸਰ ਸਾਹਿਬ, ਸਾਲਾਸਰ ਧਾਮ, ਖਾਟੂ ਸ਼ਿਆਮ, ਮਾਤਾ ਚਿੰਤਪੁਰਨੀ, ਮਾਤਾ ਵੈਸ਼ਨੂੰ ਦੇਵੀ, ਮਾਤਾ ਜਵਾਲਾ ਜੀ ਆਦਿ ਅਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਨਾਂ ਤੀਰਥ ਸਥਾਨਾਂ ਦੀ ਯਾਤਰਾ ਲਈ ਰੋਜ਼ਾਨਾ ਬੱਸਾਂ ਅਤੇ ਰੇਲਗੱਡੀਆਂ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਸਪੀਕਰ ਸੰਧਵਾਂ ਨੇ ਸਾਲਾਸਰ ਬਾਲਾਜੀ ਅਤੇ ਖਾਟੂ ਧਾਮ ਜਾਣ ਵਾਲੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਲਾਸਰ ਅਤੇ ਖਾਟੂ ਧਾਮ ਦੇ ਦਰਸ਼ਨ ਕਰਨ ਦਾ ਪਵਿੱਤਰ ਪੁੰਨ ਤੁਹਾਡੇ ਸਾਰਿਆਂ ਦੇ ਜੀਵਨ ’ਚ ਖੁਸ਼ਹਾਲੀ, ਤਰੱਕੀ, ਚੰਗੀ ਕਿਸਮਤ, ਯਸ ਅਤੇ ਸਿਹਤ ਲੈ ਕੇ ਆਵੇ। ਉਨਾਂ ਕਿਹਾ ਕਿ ਸ਼ਿਆਮ ਪ੍ਰਭੂ ਕਲਯੁਗ ਦੇ ਅਵਤਾਰ ਹਨ। ਕਿਹਾ ਜਾਂਦਾ ਹੈ ਕਿ ਕੋਈ ਵੀ ਸ਼ਰਧਾਲੂ ਸਅਿਾਮ ਬਾਬਾ ਤੋਂ ਜੋ ਕੁਝ ਮੰਗਦਾ ਹੈ, ਉਹ ਲੱਖਾਂ-ਕਰੋੜਾਂ ਵਾਰ ਦਿੰਦੇ ਹਨ, ਇਸੇ ਲਈ ਸ਼ਿਆਮ ਖਾਟੂ ਜੀ ਨੂੰ ਲਖਦਾਤਾਰ ਵੀ ਕਿਹਾ ਜਾਂਦਾ ਹੈ। ਹਿੰਦੂ ਧਰਮ ਦੇ ਅਨੁਸਾਰ, ਖਾਟੂ ਸ਼ਿਆਮ ਨੂੰ ਕਲਿਯੁਗ ’ਚ ਭਗਵਾਨ ਕਿ੍ਰਸ਼ਨ ਦਾ ਅਵਤਾਰ ਮੰਨਿਆ ਜਾਂਦਾ ਹੈ। ਇਸ ਮੌਕੇ ਸਾਰਾ ਮਾਹੌਲ ਸ਼ਿਆਮ ਬਾਬਾ ਅਤੇ ਸਾਲਾਸਰ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਮਨਪ੍ਰੀਤ ਸਿੰਘ ਧਾਰੀਵਾਲ ਪੀਆਰਓ ਵਿਧਾਨ ਸਭਾ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਪੰਜਾਬ ਸਰਕਾਰ ਦਾ ਲੋਕ ਭਲਾਈ ਉਪਰਾਲਾ ਹੈ। ਇਨਾਂ ਸ਼ਰਧਾਲੂਆਂ ਨੂੰ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਦਰਬਾਰ ਦੇ ਦਰਸ਼ਨ ਕਰਵਾਏ ਜਾਣਗੇ, ਨਾਲ ਹੀ ਸਾਰੇ ਸ਼ਰਧਾਲੂਆਂ ਨੂੰ ਰਿਹਾਇਸ ਅਤੇ ਭੋਜਨ ਦੀ ਸਹੂਲਤ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਸਰਧਾਲੂਆਂ ਲਈ ਵਿਸ਼ੇਸ ਪ੍ਰਬੰਧ ਕੀਤੇ ਹਨ। ਉਨਾਂ ਦੱਸਿਆ ਕਿ ਇਸ ਯਾਤਰਾ ’ਚ 42 ਦੇ ਕਰੀਬ ਯਾਤਰੀ ਸਵਾਰ ਹਨ। ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਡਾਕਟਰਾਂ, ਵਲੰਟੀਅਰਾਂ ਅਤੇ ਅਧਿਕਾਰੀਆਂ ਦੀ ਟੀਮ ਵੀ ਇਨਾਂ ਯਾਤਰੀਆਂ ਨਾਲ ਯਾਤਰਾ ਕਰੇਗੀ। ਯਾਤਰੀਆਂ ਦੇ ਪਹੁੰਚਣ ਤੋਂ ਪਹਿਲਾਂ ਸਾਰੇ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀ ਟੀਮ ਪਹਿਲਾਂ ਭੇਜੀ ਗਈ ਹੈ, 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਦੇਖਭਾਲ ਲਈ ਆਪਣੇ ਨਾਲ ਕਿਸੇ ਨੌਜਵਾਨ ਨੂੰ ਲਿਜਾਣ ਦੀ ਇਜਾਜਤ ਦਿੱਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਪਰਮਜੀਤ ਬਰਾੜ ਤਹਿਸੀਲਦਾਰ, ਵਿਕਾਸ ਸ਼ਰਮਾ ਬੀ.ਡੀ.ਓ ਦਫਤਰ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ, ਅਸ਼ੋਕ ਗੋਇਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਕੋਟਕਪੂਰਾ, ਅਮਿਤ ਕੁਮਾਰ ਜੁਗਨੂੰ ਮੁੱਖ ਸੇਵਾਦਾਰ ਸ਼ਿਆਮ ਪ੍ਰੇਮ ਧਾਮ ਫਰੀਦਕੋਟ, ਸੰਜੀਵ ਕਾਲੜਾ, ਨਰੇਸ਼ ਸਿੰਗਲਾ, ਜਤਿਨ ਕੁਮਾਰ, ਪਿੰਕੂ ਛਾਬੜਾ, ਕੈਲਾਸ਼ ਮਿੱਤਲ, ਮਹੇਸ਼ ਕਟਾਰੀਆ, ਰਾਜੀਵ ਕੁਕਰੇਜਾ, ਘਣਸ਼ਿਆਮ ਦਾਸ ਮਿੱਤਲ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਵੀ ਹਾਜਰ ਸਨ।