ਪੁਸਤਕ ਦਾ ਨਾਮ: ਮੇਰਾ ਕੀ ਕਸੂਰ
ਲੇਖਕ:-ਜਸਵੰਤ ਧਾਪ (+91-9855145330)
ਪ੍ਰਕਾਸ਼ਕ:- ਲੋਕਗੀਤ ਪ੍ਰਕਾਸ਼ਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਚੰਡੀਗੜ੍ਹ (+91-172-5027427)
ਕਿਤਾਬ ਸਮੀਖਿਆ:- ਰਸ਼ਪਿੰਦਰ ਕੌਰ ਗਿੱਲ (+91-9888697078)
ਕੁੱਲ ਪੰਨੇ–96, ਕੀਮਤ–195/-
29/12/2023 ਨੂੰ ਜਦੋਂ ਜਸਵੰਤ ਧਾਪ ਜੀ ਨੇ ਆਪਣੀ ਇਹ ਕਿਤਾਬ ਮੈਨੂੰ ਭੇਂਟ ਕੀਤੀ ਤਾਂ ਮੈਂ ਕਿਤਾਬ ਦਾ ਸਿਰਲੇਖ ਪੜ੍ਹਦਿਆਂ ਹੀ ਸਵਾਲ ਕੀਤਾ ਕਿ ਤੁਸੀਂ ਕਿਤਾਬ ਦਾ ਨਾਮ “ਮੇਰਾ ਕੀ ਕਸੂਰ” ਹੀ ਕਿਉਂ ਰੱਖਿਆ? ਕੀ ਇਸ ਵਿੱਚ ਕੋਈ ਇਸ ਤਰਾਂ ਦੀ ਗਾਥਾ ਹੈ ਜਿਸ ਰਾਹੀਂ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਤੁਹਾਡਾ ਕੋਈ ਕਸੂਰ ਨਹੀਂ ਸੀ? ਤਾਂ ਜਸਵੰਤ ਧਾਪ ਜੀ ਨੇ ਆਪਣੇ ਸੁਭਾਅ ਮੁਤਾਬਕ ਇੱਕ ਸੈਕੰਡ ਸੋਚ ਕੇ ਅਤੇ ਮੁਸਕਰਾ ਕੇ ਕਿਹਾ, “ਰਸ਼ਪਿੰਦਰ ਜੀ ਕਈ ਵਾਰ ਜ਼ਿੰਦਗੀ ਵਿੱਚ ਇਸ ਤਰਾਂ ਦੇ ਵਾਕਿਆਤ ਹੋ ਜਾਂਦੇ ਹਨ, ਜੋ ਸਾਨੂੰ ਪਤਾ ਹੀ ਨਹੀਂ ਹੁੰਦੇ, ਪਰ ਉਨ੍ਹਾਂ ਦਾ ਦੋਸ਼ ਸਾਡੇ ਉੱਪਰ ਲੱਗ ਜਾਂਦਾ ਹੈ। ਫਿਰ ਸਾਡੇ ਦਿਲ ਵਿੱਚ ਹਮੇਸ਼ਾਂ ਇਹ ਚੀਸ ਰਹਿ ਜਾਂਦੀ ਹੈ ਕਿ “ਮੇਰਾ ਕੀ ਕਸੂਰ”?
ਇਹ ਕਿਤਾਬ ਕੋਈ ਗਾਥਾ ਜਾਂ ਕਹਾਣੀ ਦੀ ਕਿਤਾਬ ਨਹੀਂ ਬਲਕਿ ਗ਼ਜ਼ਲਾਂ ਦਾ ਅਤੇ ਕਵਿਤਾਵਾਂ ਦਾ ਸੰਗ੍ਰਿਹ ਹੈ। ਇਹ ਕਿਤਾਬ ਜਸਵੰਤ ਧਾਪ ਜੀ ਦੀ ਚੌਥੀ ਕਿਤਾਬ ਹੈ। ਡਾ: ਜਸਪਾਲ ਸਿੰਘ ਜੀ ਸਾਬਕਾ ਡਿਪਟੀ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੇ ਇਸ ਕਿਤਾਬ ਦੀ ਭੂਮਿਕਾ ਲਿਖੀ ਹੈ। ਜਸਵੰਤ ਧਾਪ ਜੀ ਦੇ ਸ਼ਬਦ ਆਪਣੇ ਵੱਲੋਂ ਕਿਤਾਬ ਵਿਚਲੇ ਉੱਨਾਂ ਦੇ ਅਹਿਸਾਸਾਂ ਨੂੰ ਬਿਆਨ ਕਰ ਰਹੇ ਹਨ।
ਜਸਵੰਤ ਧਾਪ ਜੀ ਨੂੰ ਮੈਂ ਉੱਨਾਂ ਦੀ ਮਿੱਠੀ ਅਵਾਜ਼ ਵਿੱਚ ਤਰਨੁੰਮ ਵਿੱਚ ਗਾਉਂਦਿਆਂ ਕਈ ਵਾਰ ਸੁਣਿਆ ਹੈ। ਇਸ ਕਿਤਾਬ ਵਿੱਚ ਵੀ ਉਨ੍ਹਾਂ ਦੀਆਂ ਗ਼ਜ਼ਲਾਂ ਬਾ-ਕਮਾਲ ਹਨ। ਜ਼ਿੰਦਗੀ ਦੇ ਝਮੇਲਿਆਂ ਵਿੱਚੋਂ ਨਿਕਲਦੀ ਦੁਨੀਆ ਨੂੰ ਲ਼ਫਜਾਂ ਦੀ ਲੜੀ ਵਿੱਚ ਪਿਰੋਣਾ ਜਸਵੰਤ ਧਾਪ ਜੀ ਨੂੰ ਬਾਖੂਬੀ ਆਉਂਦਾ ਹੈ। ਇੱਕ ਸ਼ਾਇਰ ਦੋਸਤੀ ਨੂੰ ਕਿਸ ਨਜ਼ਰੀਏ ਨਾਲ ਦੇਖਦਾ ਹੈ, ਹਤਾਸ਼ ਹੋਇਆ ਪੁਨਰ ਜਨਮ ਦੀ ਵੀ ਕਾਮਨਾ ਕਰਦਾ ਹੈ, ਸੁਫ਼ਨੇ ਦੇਖਦਾ ਹੋਇਆ ਬਚਪਨ ਦੀਆਂ ਗੱਲਾਂ ਕਰਦਾ ਹੈ, ਇੱਕ ਕੁੜੀ ਤੇ ਸੋਹਣੀ ਵਹੁੱਟੀ ਨੂੰ ਕੁਦਰਤ ਦਾ ਇੱਕ ਜਜ਼ਬਾ ਮੰਨਦਾ ਹੈ, ਪੁਰਾਣੇ ਵਕਤ ਦੀ ਗੱਲ ਕਰਦਾ ਹੋਇਆ, ਕੁਝ ਪੀੜਾਂ ਦਰਸਾਉਂਦਾ ਹੋਇਆ, ਅੱਜ ਦੇ ਦੌਰ ਵਿੱਚ ਔਰਤ ਦਿਵਸ ਦੀ ਗੱਲ ਕਰਦਾ ਹੋਇਆ, ਇੱਕ ਆਰਜ਼ੂ ਰੱਖਦਾ ਹੈ ਕਿ
“ਤੁਰਿਆ ਜੇ ਇੱਕ ਰੋਜ਼ ਮੈਂ ਮਾਤਮ ਮਨਾਉਣਾ ਸਾਥਿਉ,
ਚਿੱਟੀ ਸਫੇਦ ਚਾਨਣੀ ਗੀਤਾਂ ਤੇ ਪਾਉਣਾ ਸਾਥਿਉ”
ਇਹ ਅਲਫਾਜ ਬੇਸ਼ੱਕ ਜਸਵੰਤ ਧਾਪ ਜੀ ਦੀ ਕਵਿਤਾ ਦੇ ਹਨ, ਪਰ ਇੱਕ ਸ਼ਾਇਰ ਦੇ ਅੰਦਰਲੇ ਵਲਵਲੇ ਦਰਸਾਉਂਦੇ ਹਨ, ਕਿ ਸ਼ਾਇਰ ਲਿਖਦਾ-ਲਿਖਦਾ ਆਪਣੇ ਖ਼ਿਆਲਾਂ ਵਿੱਚ ਇਸ ਜਹਾਨੋਂ ਪਾਰ ਦੀਆਂ ਵੀ ਗੱਲਾਂ ਕਰ ਜਾਂਦਾ ਹੈ। ਬਹੁਤ ਹੀ ਵਧੀਆ ਸ਼ਾਇਰੀ ਜਸਵੰਧ ਧਾਪ ਜੀ ਦੀ, ਹਰ ਗ਼ਜ਼ਲ, ਹਰ ਰਚਨਾ, ਹਰ ਗੀਤ ਕੋਈ ਮੁੱਦਾ ਛੇੜਦੀ ਦਿੱਸਦੀ ਹੈ। ਕੋਈ ਸੁਨੇਹਾ ਦਿੰਦੀ ਦਿੱਸਦੀ ਹੈ। ਕੋਈ ਆਪਣੇ ਜਜਬਾਤ ਬਿਆਨ ਕਰਦੀ ਦਿੱਸਦੀ ਹੈ।
ਪੜਣ ਵਾਲੀ ਕਿਤਾਬ ਹੈ ਜੀ। ਗਾਇਕ ਚਾਹੁਣ ਤਾਂ ਸੰਗੀਤ ਦੀ ਦੁਨੀਆ ਲਈ ਬਹੁਤ ਸੋਹਣੇ ਅਲਫਾਜ਼ ਇਸ ਕਿਤਾਬ ਵਿੱਚ ਜਸਵੰਤ ਧਾਪ ਜੀ ਨੇ ਪਿਰੋਏ ਹਨ। ਜੇਕਰ ਬੇਹਤਰ ਸੰਗੀਤਿਕ ਧੁਨਾ ਦਾ ਸੰਜੋਗ ਇਸ ਕਿਤਾਬ ਨੂੰ ਮਿਲੇ ਤਾਂ ਸੰਗੀਤ ਦੇ ਖੇਤਰ ਲਈ ਬੇਹਤਰੀਨ ਗੀਤ ਇਸ ਕਿਤਾਬ ਵਿੱਚ ਹਨ। ਜਸਵੰਤ ਧਾਪ ਜੀ ਨੂੰ ਇਸ ਕਿਤਾਬ ਲਈ ਬਹੁਤ ਬਹੁਤ ਮੁਬਾਰਕਾਂ ਜੀ।
ਜਸਵੰਤ ਧਾਪ ਜੀ ਦੀ ਅਗਲੀ ਕਿਤਾਬ ਦੀ ਉਡੀਕਵਾਨ

ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078