ਚੈਕਿੰਗ ਦੌਰਾਨ 6031 ਗੋਲੀਆਂ ਅਤੇ 1270 ਕੈਪਸੂਲ ਬਰਾਮਦ ਕੀਤੇ ਗਏ
ਕੋਟਕਪੂਰਾ/ਜੈਤੋ, 6 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ’ਚੋਂ ਨਸ਼ੇ ਨੂੰ ਖਤਮ ਕਰਨ ਲਈ ਦ੍ਰਿੜ ਸੰਕਲਪਿਤ ਹੈ। ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ਮੁਤਾਬਿਕ ਡਾ. ਪ੍ਰਗਿਆ ਜੈਨ ਜਿਲਾ ਪੁਲਿਸ ਮੁਖੀ ਫ਼ਰੀਦਕੋਟ ਦੀ ਅਗਵਾਈ ਹੇਠ ‘ਯੁੱਧ ਨਸ਼ਿਆ ਵਿਰੁੱਧ’ ਤਹਿਤ ਫ਼ਰੀਦਕੋਟ ਪੁਲਿਸ ਪ੍ਰਸ਼ਾਸ਼ਨ ਵੱਲੋਂ ਜਿੱਥੇ ਡਰੱਗ ਹੋਟ ਸਪਾਟ ਇਲਾਕਿਆ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਜਿਲੇ ਦੇ ਅੰਦਰ ਦੁਕਾਨਾਂ ਅੰਦਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਨਸ਼ੇ ਦੀ ਵਿਕਰੀ ਉੱਪਰ ਮੁਕੰਮਲ ਤੌਰ ’ਤੇ ਪਾਬੰਧੀ ਲਾਈ ਜਾ ਸਕੇ। ਇਸੇ ਲੜੀ ਵਿੱਚ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਇਸੇ ਤਹਿਤ ਕਾਰਵਾਈ ਕਰਦੇ ਹੋਏ ਸੁਖਦੀਪ ਸਿੰਘ ਡੀ.ਐਸ.ਪੀ (ਜੈਤੋ) ਦੀ ਨਿਗਰਾਨੀ ਹੇਠ ਫ਼ਰੀਦਕੋਟ ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੈਡੀਕਲ ਸਟੋਰਾਂ ’ਤੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਕਾਰਵਾਈ ਵਿੱਚ ਕੁੱਲ 6 ਟੀਮਾਂ ਤਾਇਨਾਤ ਕੀਤੀਆਂ ਗਈਆਂ, ਜਿੰਨਾਂ ਵਿੱਚ 60 ਦੇ ਕਰੀਬ ਪੁਲਿਸ ਕਰਮਚਾਰੀ ਮੌਜ਼ੂਦ ਸਨ। ਇਸ ਦੌਰਾਨ ਗੋਇਲ ਮੈਡੀਕੋਜ ਅਤੇ ਕਲੀਨੀਕਲ ਲੈਬੋਰਟਰੀ, ਜੈਤੋ ਦੀ ਚੈਕਿੰਗ ਦੌਰਾਨ 6031 ਗੋਲੀਆਂ ਅਤੇ 1270 ਕੈਪਸੂਲ ਬਰਾਮਦ ਕੀਤੇ ਗਏ, ਜਿਹੜੀਆਂ ਕਿ ਪ੍ਰਤੀਬੰਧਿਤ ਹੋਣ ਕਾਰਨ ਹਰਜਿੰਦਰ ਸਿੰਘ ਡਰੱਗ ਇੰਸਪੈਕਟਰ ਅਤੇ ਉਹਨਾਂ ਦੀ ਟੀਮ ਵੱਲੋਂ ਪੁਲਿਸ ਦੀ ਮੌਜ਼ੂਦਗੀ ਵਿੱਚ ਇਹਨਾਂ ਨੂੰ ਸੀਲ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮੈਡੀਕਲ ਦੁਕਾਨ ਅੰਦਰ ਪ੍ਰਤੀਬੰਧਿਤ ਦਵਾਈਆਂ ਦੀ ਵਿਕਰੀ ਹੋਣ ਕਰਕੇ ਲਾਇਸੰਸ ਕੈਂਸਲ ਸਬੰਧੀ ਵੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਸ ਦੁਕਾਨ ਦੇ ਮਾਲਕ ਮੁਕੇਸ਼ ਗੋਇਲ ਪੁੱਤਰ ਮੋਹਨ ਲਾਲ ਵਾਸੀ ਮੇਨ ਬਜ਼ਾਰ, ਨੇੜੇ ਬੱਸ ਸਟੈਡ, ਜੈਤੋ ਹਨ। ਫ਼ਰੀਦਕੋਟ ਪੁਲਿਸ ਵੱਲੋਂ ਸਾਰੇ ਮੈਡੀਕਲ ਸਟੋਰ ਮਾਲਕਾਂ ਅਤੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਨਸ਼ਿਆਂ ਦੀ ਵਿਕਰੀ ਜਾਂ ਪ੍ਰਤੀਬੰਧਿਤ ਦਵਾਈਆਂ ਦੀ ਸੂਚਨਾ ਮਿਲਣ ’ਤੇ ਤੁਰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।