ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਪੁੱਤਰ ਜੈ ਸ਼ਾਹ ਅਤੇ ਰਾਘਵ ਚੱਡਾ ਮੈਂਬਰ ਰਾਜ ਸਭਾ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਪ੍ਰਧਾਨ ਅਮਰਜੀਤ ਮਹਿਤਾ ਨੇ ਕੀਤਾ ਵਿਸ਼ੇਸ਼ ਸਨਮਾਨ
ਬਠਿੰਡਾ, 15 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਮੁਹਾਲੀ ਦੇ ਖੇਡ ਸਟੇਡੀਅਮ ਵਿੱਚ ਬੀਤੇ ਦਿਨੀਂ ਦੇਰ ਰਾਤ 7 ਵਜੇ ਤੋਂ ਸ਼ੁਰੂ ਹੋਏ ਭਾਰਤ-ਅਫਗਾਨਿਸਤਾਨ ਦੇ ਟੀ-20 ਮੈਚ ਵਿੱਚ ਭਾਰੀ ਠੰਡ ਹੋਣ ਦੇ ਬਾਵਜੂਦ ਕ੍ਰਿਕਟ ਪ੍ਰੇਮੀਆਂ, ਖਾਸ ਕਰਕੇ ਪੰਜਾਬੀ ਨੌਜਵਾਨਾਂ ਦਾ ਉਤਸ਼ਾਹ ਵੇਖਦੇ ਹੀ ਬਣਦਾ ਸੀ, ਜਿਨ੍ਹਾਂ ਨੇ ਮੈਚ ਦਾ ਭਰਪੂਰ ਆਨੰਦ ਮਾਣਿਆ। ਇਸ ਮੈਚ ਨੂੰ ਦੇਖਣ ਲਈ ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ, ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਸਪੁੱਤਰ ਅਤੇ ਬੀਸੀਸੀਆਈ ਦੇ ਜਨਰਲ ਸਕੱਤਰ ਜੈ ਸ਼ਾਹ, ਬੀਬੀਸੀਆਈ ਦੇ ਮੀਤ ਪ੍ਰਧਾਨ ਰਜੀਵ ਸ਼ੁਕਲਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪੀਸੀਏ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕ੍ਰਿਕਟ ਦਾ ਬੁਖਾਰ ਕ੍ਰਿਕਟ ਪ੍ਰੇਮੀਆਂ ਦੇ ਸਿਰ ਚੜ੍ਹ ਕੇ ਬੋਲਦਾ ਹੈ, ਜਿਸ ਕਰਕੇ ਇਨੀਂ ਠੰਡ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕ੍ਰਿਕਟ ਪ੍ਰੇਮੀਆਂ ਨੇ ਮੁਹਾਲੀ ਦੇ ਖੇਡ ਸਟੇਡੀਅਮ ਵਿੱਚ ਹੋਏ ਭਾਰਤ ਅਤੇ ਅਫਗਾਨਿਸਤਾਨ ਦੇ ਮੈਚ ਦਾ ਉਤਸ਼ਾਹ ਨਾਲ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਖੇਡ ਪ੍ਰੇਮੀਆਂ ਦੇ ਮੈਚ ਦੇਖਣ ਆਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ, ਜੋ ਚਾਰ ਜਨਵਰੀ ਤੋਂ 10 ਜਨਵਰੀ ਤੱਕ ਬਠਿੰਡਾ ਵਿੱਚ ਹੋਈ ਵੱਡੀ ਧਾਰਮਿਕ ਕਥਾ ਵਿੱਚ ਵਿਅਸਤ ਸਨ, ਉਸ ਉਪਰੰਤ ਫ੍ਰੀ ਹੁੰਦੇ ਹੀ ਉਹ 11 ਜਨਵਰੀ ਨੂੰ ਹੋਏ ਮੈਚ ਦੇ ਪ੍ਰਬੰਧਾਂ ਲਈ ਚੰਡੀਗੜ੍ਹ ਪਹੁੰਚੇ ਅਤੇ ਉਨ੍ਹਾਂ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ। ਇਸ ਮੌਕੇ ਸਨਮਾਨਿਤ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਨਿਭਾਈ ਜਾ ਰਹੀ ਜਿੰਮੇਵਾਰੀ ਅਤੇ ਮੈਚ ਦੇਖਣ ਲਈ ਆਉਣ ਵਾਲੇ ਖੇਡ ਪ੍ਰੇਮੀਆਂ ਲਈ ਕੀਤੇ ਗਏ ਪ੍ਰਬੰਧਾਂ ਤੋਂ ਖੁਸ਼ ਹੋ ਕੇ ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ, ਰਾਜਸਭਾ ਮੈਂਬਰ ਰਾਘਵ ਚੱਡਾ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਸਪੁੱਤਰ ਤੇ ਬੀਸੀਸੀਆਈ ਦੇ ਜਨਰਲ ਸਕੱਤਰ ਜੈ ਸ਼ਾਹ ਵੱਲੋਂ ਸ੍ਰੀ ਅਮਰਜੀਤ ਮਹਿਤਾ ਨੂੰ ਵਧਾਈਆਂ ਦਿੱਤੀਆਂ ਗਈਆਂ।