ਐਨਏਬੀ ਨੇਤਰਹੀਣ ਭਲਾਈ ਲਈ ਮੁਫ਼ਤ ਸੇਵਾਵਾਂ ਦਿੰਦੀ ਹੈ : ਵਿਨੋਦ ਚੱਢਾ
ਚੰਡੀਗੜ੍ਹ,11 ਦਸੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਮੁਹਾਲੀ ਜ਼ਿਲ੍ਹੇ ਵਿੱਚ ਐਨਏਬੀ ਇੰਸਟੀਚਿਊਟ ਫਾਰ ਦਾ ਬਲਾਇੰਡ ਐਂਡ ਆਈ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਗਿਆ। ਭਾਰਤ ਦੇ ਪ੍ਰਸਿੱਧ ਬੈਂਕਰ ਸ਼੍ਰੀ ਬਿਸਵਾ ਕੇਤਨ ਦਾਸ, ਸੀਈਓ, ਇੰਡੀਅਨ ਇੰਸਟੀਚਿਊਟ ਆਫ ਬੈਂਕਿੰਗ ਐਂਡ ਫਾਇਨੈਂਸ ਅਤੇ ਸ਼੍ਰੀ ਸੰਜੇ ਪ੍ਰਕਾਸ਼, ਐਮਡੀ, ਐਸਬੀਆਈ ਫਾਊਂਡੇਸ਼ਨ ਇਸ ਦੇ ਉਦਘਾਟਨ ਲਈ ਨਿੱਜੀ ਤੌਰ ‘ਤੇ ਮੋਹਾਲੀ ਆਏ। ਇਹ ਇੰਸਟੀਟਿਊਟ ਇਨ੍ਹਾਂ ਦੋਵਾਂ ਸੰਸਥਾਵਾਂ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ।
ਇਸ ਮੌਕੇ ਤੇ ਪੀ.ਜੀ.ਆਈ ਦੇ ਐਡਵਾਂਸਡ ਆਈ ਸੈਂਟਰ ਦੇ ਐਚ.ਓ.ਡੀ, ਐਸ.ਐਸ.ਪਾਂਡਵ ਵੀ ਮੌਜੂਦ ਸਨ ਅਤੇ ਪੀ.ਜੀ.ਆਈ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਐਨਕਾਂ ਦਿੱਤੀਆਂ ਗਈਆਂ।
ਮਾਜਰੀ ਬਲਾਕ ਚਾਂਦਪੁਰ ਵਿਖੇ ਸਿਸਵਾ ਕੁਰਾਲੀ ਰੋਡ ‘ਤੇ ਸਥਾਪਿਤ ਇਹ ਸੰਸਥਾ ਦਿਵਿਆਂਗਾਂ ਲਈ ਐਜੂਕੇਸ਼ਨਲ ,ਵੋਕੇਸ਼ਨਲ ਟ੍ਰੇਨਿੰਗ, ਰੀਹੈਬਲੀਟੇਸ਼ਨ ਅਤੇ ਕੰਪਿਊਟਰ ਟ੍ਰੇਨਿੰਗ ਅਤੇ ਪੰਜਾਬ ਦੇ ਆਮ ਲੋਕਾਂ ਲਈ ਅੱਖਾਂ ਦੀ ਮੁਫ਼ਤ ਦੇਖਭਾਲ ਅਤੇ ਦਿਵਿਆਂਗਾ ਲਈ ਆਕੂਪੇਸ਼ਨਲ ਥੈਰੇਪੀ ਵਰਗੀਆਂ ਸਹੂਲਤਾਂ ਨਾਲ ਲੈਸ ਹੈ । ਇਸ ਨੂੰ ਨੈਸ਼ਨਲ ਐਸੋਸੀਏਸ਼ਨ ਫਾਰ ਦਾ ਬਲਾਈਂਡ ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਹੈ।
ਐਨਏਬੀ ਦੇ ਪ੍ਰਧਾਨ ਵਿਨੋਦ ਚੱਢਾ ਨੇ ਦੱਸਿਆ ਕਿ ਇਹ ਸੰਸਥਾ ਪਿਛਲੇ 72 ਸਾਲਾਂ ਤੋਂ ਭਾਰਤ ਵਿੱਚ ਨੇਤਰਹੀਣਾਂ ਲਈ ਕੰਮ ਕਰ ਰਹੀ ਹੈ। ਐਨਏਬੀ ਪਿਛਲੇ 32 ਸਾਲਾਂ ਤੋਂ ਚੰਡੀਗੜ੍ਹ ਅਤੇ ਪੰਜਾਬ ਵਿੱਚ ਨੇਤਰਹੀਣ ਭਲਾਈ ਦੇ ਹਰ ਖੇਤਰ ਵਿੱਚ ਮੁਫ਼ਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਸ ਸੰਸਥਾ ਵਿੱਚ ਪੰਜਾਬ ਦੇ ਲੋਕਾਂ ਲਈ ਅੱਖਾਂ ਦੇ ਚੈਕਅੱਪ ਦਾ ਪ੍ਰਬੰਧ ਕੀਤਾ ਗਿਆ ਹੈ। ਔਟਿਜ਼ਮ, ਸੇਰੇਬ੍ਰਲ ਪਾਲਸੀ, ਬੌਧਿਕ ਵਿਕਲਾਂਗਤਾ ਅਤੇ ਬਹੁ ਵਿਕਲਾਂਗਤਾ ਵਾਲੇ ਵਿਅਕਤੀਆਂ ਲਈ ਆਕੂਪੇਸ਼ਨਲ ਥੈਰੇਪੀ ਕੇਂਦਰ ਵੀ ਬਣਾਏ ਗਏ ਹਨ।
ਸੰਜੇ ਪ੍ਰਕਾਸ਼ ਨੇ ਐਨਏਬੀ ਦੀਆਂ ਨੇਤਰਹੀਣ ਭਲਾਈ ਗਤੀਵਿਧੀਆਂ ਦੀ ਭਰਪੂਰ ਸਰਹਾਣਾ ਕੀਤੀ ਅਤੇ ਅੱਗੇ ਵੀ ਯੋਗਦਾਨ ਕਰਨ ਦਾ ਭਰੋਸਾ ਦਿੱਤਾ। ਬਿਸਵਾ ਕੇਤਨ ਦਾਸ ਸੀ.ਈ.ਓ., ਇੰਡੀਅਨ ਇੰਸਟੀਚਿਊਟ ਆਫ ਬੈਂਕਿੰਗ ਐਂਡ ਫਾਈਨਾਂਸ ਨੇ ਸੰਸਥਾ ਦੇ ਅਧਿਆਪਕਾਂ ਅਤੇ ਮੈਨੇਜਮੈਂਟ ਦੀ ਹੌਸਲਾ ਅਫਜਾਈ ਵੀ ਕੀਤੀ।