ਯਾਦਵਿੰਦਰ ਸਿੰਘ ਭੁੱਲਰ ਨੇ ਹੁਣ ਤੱਕ ਵਾਰਤਕ ਦੀਆਂ ਪੰਜ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ, ਜਿਨ੍ਹਾਂ ਵਿੱਚ ਦੋ ਸਫਰਨਾਮੇ, ਯਾਤਰਾ ਸ੍ਰੀ ਹੇਮਕੁੰਟ ਸਾਹਿਬ ਤੇ ਯਾਤਰਾ ਸ੍ਰੀ ਹਜ਼ੂਰ ਸਾਹਿਬ, ਚੁੱਪਾਂ ਤਿੜਕ ਪਈਆਂ, ਜਿੰਦ ਦੇਸ਼ ਦੇ ਲੇਖੇ ਅਤੇ ਇਕ ਬਾਲ ਸੰਗ੍ਰਹਿ ਬਾਲ ਵੰਡਣ ਖ਼ੁਸ਼ਬੋਆਂ ਸ਼ਾਮਲ ਹਨ। ਮਨਹੁ ਕੁਸੁਧਾ ਕਾਲੀਆ ਛੇਵੀਂ ਪੁਸਤਕ ਤੇ ਉਸ ਦਾ ਪਲੇਠਾ ਨਾਵਲ ਹੈ। ਇਸ ਨਾਵਲ ਦਾ ਵਿਸ਼ਾ ਡੇਰਿਆਂ ਵਿੱਚ ਹੋ ਰਹੇ ਕੁਕਰਮਾ ਸੰਬੰਧੀ ਹੈ। ਗੁਰਬਾਣੀ ਦੇ ਸ਼ਬਦ:
ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥
ਮਨਹੁ ਕੁਸੁਧਾ ਕਾਲੀਆ ਬਾਹਿਰ ਚਿਟਵੀਆਹ॥
‘ਤੇ ਅਧਾਰਤ ਹੈ। ਲੋਕ ਆਪਣੇ ਮੂੰਹ ਮੀਆਂ ਮਿੱਠੂ ਬਣਦੇ ਰਹਿੰਦੇ ਹਨ ਕਿ ਅਸੀਂ ਚੰਗੇ ਹਾਂ ਪ੍ਰੰਤੂ ਉਨ੍ਹਾਂ ਦੇ ਕੰਮ ਇਸ ਦੇ ਬਿਲਕੁਲ ਉਲਟ ਹੁੰਦੇ ਹਨ। ਭਾਵ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਡੇਰਿਆਂ ਵਾਲੇ ਆਪਣੇ ਆਪ ਨੂੰ ਮਾਨਵਤਾ ਦੇ ਜੀਵਨ ਨੂੰ ਸਫਲ ਕਰਨ ਦੇ ਦਾਅਵੇ ਕਰਦੇ ਹਨ ਪ੍ਰੰਤੂ ਅਸਲ ਵਿੱਚ ਇੰਝ ਨਹੀਂ ਹੁੰਦਾ। ਉਨ੍ਹਾਂ ਦਾ ਵਿਖਾਵਾ ਜ਼ਿਆਦਾ ਹੁੰਦਾ ਹੈ। ਅੱਜ ਕਲ੍ਹ ਸਿਆਸਤਦਾਨ ਵੀ ਉਨ੍ਹਾਂ ਦੇ ਸ਼ਰਧਾਲੂ ਵੋਟਾਂ ਵਟੋਰਨ ਕਰਕੇ ਬਣਦੇ ਹਨ। ਇਸੇ ਹੀ ਆਧਾਰ ‘ਤੇ ਇਹ ਨਾਵਲ ਲਿਖਿਆ ਗਿਆ ਹੈ। ਇਸ ਨਾਵਲ ਵਿੱਚ ਦੋ ਪੱਖਾਂ ਦਾ ਖਾਸ ਤੌਰ ‘ਤੇ ਵਰਣਨ ਕੀਤਾ ਗਿਆ ਹੈ। ਇੱਕ ਪਰਿਵਾਰਾਂ ਵਿੱਚ ਜਾਇਦਾਦਾਂ ਦੇ ਝਗੜੇ ਅਤੇ ਦੂਜੇ ਡੇਰਾਵਾਦ ਦੀਆਂ ਗੁਮਰਾਹਕੁਨ ਚਾਲਾਂ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਦੇਸ਼ ਅਤੇ ਖਾਸ ਤੌਰ ‘ਤੇ ਪੰਜਾਬ ਵਿੱਚ ਡੇਰਿਆਂ ਦੀ ਬਹੁਤਾਤ ਦਾ ਖਮਿਆਜਾ ਭੋਲੀ ਭਾਲੀ ਜਨਤਾ ਭੁਗਤ ਰਹੀ ਹੈ। ਸਾਰੇ ਡੇਰਿਆਂ ਨੂੰ ਤਾਂ ਇਕੋ ਰੱਸੇ ਨਹੀਂ ਬੰਨਿ੍ਹਆਂ ਜਾ ਸਕਦਾ ਪ੍ਰੰਤੂ ਬਹੁਤੇ ਡੇਰਿਆਂ ਵਿੱਚ ਸਭ ਅੱਛਾ ਨਹੀਂ ਹੋ ਰਿਹਾ। ਯਾਦਵਿੰਦਰ ਸਿੰਘ ਭੁੱਲਰ ਨੇ ਇਸ ਨਾਵਲ ਦਾ ਖੇਤਰ ਪੰਜਾਬ ਦਾ ਮਲਵਈ ਖੇਤਰ ਚੁਣਿਆਂ ਹੈ। ਵੈਸੇ ਵੀ ਬਹੁਤੇ ਡੇਰੇ ਮਾਲਵੇ ਵਿੱਚ ਹੀ ਸਥਿਤ ਹਨ। ਨਾਵਲ ਪੜ੍ਹਨ ਤੋਂ ਬਾਅਦ ਮਹਿਸੂਸ ਹੋ ਰਿਹਾ ਹੈ ਕਿ ਨਾਵਲਕਾਰ ਨੇ ਕੁਝ ਸਮਾਂ ਪਹਿਲਾਂ ਇਕ ਡੇਰੇ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਇਹ ਨਾਵਲ ਲਿਖਣ ਦਾ ਮਨ ਬਣਾਇਆ ਲਗਦਾ ਹੈ ਕਿਉਂਕਿ ਇਸ ਨਾਵਲ ਦੇ ਗੰਭੀਰ ਵਿਸ਼ੇ ਵਿੱਚ ਚਰਚਾ ਅਧੀਨ ਡੇਰੇ ਦੀਆਂ ਅਖ਼ਬਾਰਾਂ ਵਿੱਚ ਆਈਆਂ ਖਬਰਾਂ ਦੀਆਂ ਘਟਨਾਵਾਂ ਨਾਲ ਕਾਫੀ ਕੁਝ ਮਿਲਦਾ ਜੁਲਦਾ ਹੀ ਹੈ। ਨਾਵਲਕਾਰ ਪੱਤਰਕਾਰ ਹੋਣ ਕਰਕੇ ਉਸ ਕੋਲ ਡੇਰਿਆਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਾ ਖ਼ਜਾਨਾ ਹੈ। ਇਸ ਨਾਵਲ ਦੇ 33 ਚੈਪਟਰ ਹਨ। ਲੇਖਕ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਇਸ ਦੇ ਸਾਰੇ ਚੈਪਟਰਾਂ ਦੀ ਲੜੀ ਇਕ ਦੂਜੇ ਚੈਪਟਰ ਨਾਲ ਜੁੜੀ ਹੋਈ ਹੈ, ਜਿਸ ਕਰਕੇ ਨਾਵਲ ਪੜ੍ਹਨ ਵਿੱਚ ਪਾਠਕ ਦੀ ਦਿਲਚਸਪੀ ਬਰਕਰਾਰ ਰਹਿੰਦੀ ਹੈ। ਹਰ ਘਟਨਾ ਨੂੰ ਨਾਵਲਕਾਰ ਨੇ ਇਸ ਪ੍ਰਕਾਰ ਉਲੀਕਿਆ ਹੈ ਕਿ ਪਾਠਕ ਉਸ ਨੂੰ ਸੰਪੂਰਨ ਪੜ੍ਹੇ ਬਿਨਾ ਅੱਧ ਵਿਚਕਾਰ ਛੱਡ ਨਹੀਂ ਸਕਦਾ। ਜਰਨੈਲ ਸਿੰਘ ਅਤੇ ਉਸ ਦੇ ਭਾਣਜੇ ਦੀ ਗੱਲਬਾਤ ਨੂੰ ਨਾਵਲਕਾਰ ਨੇ ਬਹੁਤ ਹੀ ਬਰੀਕੀ ਨਾਲ ਦਿਲਚਸਪ ਬਣਾਇਆ ਹੈ। ਅੱਗੇ ਕੀ ਹੋਇਆ ਬਾਰੇ ਜਾਨਣ ਦੀ ਉਤਸੁਕਤਾ ਬਣੀ ਰਹਿੰਦੀ ਹੈ। ਨਾਵਲਕਾਰ ਬਰਨਾਲੇ ਦਾ ਰਹਿਣ ਵਾਲਾ ਹੋਣ ਕਰਕੇ, ਉਸ ਦੀ ਬੋਲੀ ਸਰਲ ਅਤੇ ਠੇਠ ਮਲਵਈ ਹੈ। ਉਦਾਹਰਣ ਲਈ ਰੱਬ ਨਹੀਂ ਯੱਬ ਹੈ’, ‘ਜਿਹੋ ਜਿਹਾ ਬੀਜਿਆ ਉਹੋ ਜਿਹਾ ਵੱਢ ਲਿਆ’, ‘ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਵਿਖਾਉਣ ਵਾਲੇ ਹੋਰ’, ‘ਤੋਰੀ ਵਾਂਗੂੰ ਮੂੰਹ ਲਮਕਾਈ ਫਿਰਦੈਂ’ ਅਤੇ ‘ਇੱਕੀ ਦੇ ਇਕੱਤੀ’। ਬਰਨਾਲਾ ਨੂੰ ਵੈਸੇ ਵੀ ਸਾਹਿਤਕਾਰਾਂ ਦੀ ਨਰਸਰੀ ਕਿਹਾ ਜਾਂਦਾ ਹੈ। ਇਹ ਸਾਰਾ ਨਾਵਲ ਜਗਤਾਰ ਸਿੰਘ ਤੇ ਜਰਨੈਲ ਸਿੰਘ ਦੇ ਪਰਿਵਾਰਾਂ ਅਤੇ ਡੇਰੇ ਦੇ ਆਲੇ ਦੁਆਲੇ ਹੀ ਘੁੰਮਦਾ ਹੈ। ਜਦੋਂ ਜਰਨੈਲ ਸਿੰਘ ਦਾ ਲੜਕਾ ਮਨਪ੍ਰੀਤ ਸਿੰਘ ਕੈਂਸਰ ਦੀ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਆ ਜਾਂਦਾ ਹੈ ਤਾਂ ਡੇਰੇ ਦੇ ਦਲਾਲ ਉਸ ਨੂੰ ਵਹਿਮਾ ਭਰਮਾ ਵਿੱਚ ਪਾ ਕੇ ਡੇਰੇ ਵਿੱਚ ਲਿਜਾ ਕੇ ਡੇਰੇ ਦੇ ਸੰਤ ਦਾ ਸ਼ਰਧਾਲੂ ਬਣਾ ਦਿੰਦੇ ਹਨ। ਡਾਕਟਰਾਂ ਦੇ ਇਲਾਜ ਨਾਲ ਥੋੜ੍ਹਾ ਬਹੁਤਾ ਤੰਦਰਸਤ ਹੋਣ ਨੂੰ ਵੀ ਡੇਰੇ ਦੇ ਸੰਤ ਦੀ ਕਿ੍ਰਪਾ ਕਹਿਕੇ ਡੇਰੇ ਦੀ ਉਪਮਾ ਕੀਤੀ ਜਾਂਦੀ ਹੈ। ਇਥੋਂ ਤੱਕ ਕਿ ਉਸ ਨੂੰ ਡੇਰੇ ਵਿੱਚ ਪੱਕੇ ਤੌਰ ‘ਤੇ ਚੜ੍ਹਾ ਦਿੰਦੇ ਹਨ। ਮਨਪ੍ਰੀਤ ਸਿੰਘ ਦੀ ਭੂਆ ਦਾ ਲੜਕਾ ‘ਯਾਦ’ ਜਰਨੈਲ ਸਿੰਘ ਨਾਲ ਡੇਰੇ ਜਾਂਦਾ ਹੈ ਤੇ ਬਾਲਪਨ ਵਿੱਚ ਗੁਮਰਾਹ ਹੋ ਕੇ ਡੇਰੇ ਦਾ ਸ਼ਰਧਾਲੂ ਬਣ ਜਾਂਦਾ ਹੈ। ਡੇਰਾ ਦੇ ਸੰਤ ਵੱਲੋਂ ਮਨਪ੍ਰੀਤ ਸਿੰਘ ਨੂੰ ਤੰਦਰੁਸਤ ਕਰਨ ਦੇ ਖੋਖਲੇ ਢੰਗ ਤੋਂ ਬਾਅਦ ਵੀ ਮਨਪ੍ਰੀਤ ਦੀ ਮੌਤ ਹੋ ਜਾਂਦੀ ਹੈ। ਡੇਰੇ ਦੇ ਮੁੱਖੀ ਨੇ ਪੈਸੇ ਦੇ ਜ਼ੋਰ ਨਾਲ ਬਹਾਦਰ ਸਿੰਘ ਵਰਗੇ ਫ਼ੌਜੀ ਆਪਣੇ ਦਲਾਲ ਬਣਾਏ ਹੋਏ ਹਨ, ਜਿਹੜੇ ਪਿੰਡਾਂ ਦੇ ਲੋਕਾਂ ਨੂੰ ਫੁਸਲਾ ਕੇ ਡੇਰੇ ਵਿੱਚ ਜਾਣ ਲਈ ਤਿਆਰ ਕਰਦੇ ਹਨ। ਹੈਰਾਨੀ ਇਹ ਹੈ ਕਿ ਡੇਰੇ ਵਿੱਚ ਬੰਦੂਕਾਂ ਵਾਲੇ ਪਹਿਰੇਦਾਰ ਹਨ। ਯਾਦ ਡੇਰੇ ਵਿੱਚ ਸੰਤ ਵੱਲੋਂ ਬਲਾਤਕਾਰ, ਕਤਲ ਅਤੇ ਹੋਰ ਗ਼ੈਰ ਮਨੁੱਖੀ ਕਾਰਵਾਈਆਂ ਵੇਖਦਾ ਹੋਇਆ ਸੰਤ ਨੂੰ ਘਿਰਣਾ ਕਰਨ ਲੱਗ ਜਾਂਦਾ ਹੈ। ਜ਼ੈਲੇ ਦੀ ਜ਼ਮੀਨ ਹੜੱਪਣ ਲਈ ਉਸ ਦਾ ਕਤਲ ਡੇਰੇ ਵਿੱਚ ਕਰਕੇ ਦਿਲ ਦੇ ਦੌਰੇ ਨਾਲ ਮਰਨ ਦਾ ਢਕਵੰਜ ਰਚਿਆ ਗਿਆ। ਯਾਦ ਇੱਕ ਦਿਨ ਸੰਤ ਦੀਆਂ ਕਰਤੂਤਾਂ ਤੋਂ ਦੁੱਖੀ ਹੋ ਕੇ ਡੇਰੇ ਵਿੱਚੋਂ ਭੱਜ ਜਾਂਦਾ ਹੈ। ਆਪਣੇ ਮਾਮੇ ਜਰਨੈਲ ਸਿੰਘ ਨੂੰ ਸਾਰਾ ਕੁਝ ਦੱਸ ਦਿੰਦਾ ਹੈ। ਫਿਰ ਸੰਤ ਜਰਨੈਲ ਸਿੰਘ ਨੂੰ ਬੁਲਾ ਕੇ ਆਪਣੇ ਭਾਣਜੇ ਯਾਦ ਨੂੰ ਵਾਪਸ ਭੇਜਣ ਲਈ ਕਹਿੰਦਾ ਹੋਇਆ ਧਮਕੀ ਦਿੰਦਾ ਹੈ ਕਿ ਜੇ ਵਾਪਸ ਡੇਰੇ ਵਿੱਚ ਨਹੀਂ ਆਉਂਦਾ ਤਾਂ ਉਸ ਦਾ ਐਕਸੀਡੈਂਟ ਹੋ ਸਕਦਾ ਹੈ। ਅਸਲ ਵਿੱਚ ਡੇਰੇਦਾਰ ਅੰਦਰੋਂ ਖੋਖਲਾ ਹੈ, ਡਰ ਰਿਹਾ ਹੈ ਕਿ ਉਸ ਦਾ ਯਾਦ ਕਿਤੇ ਪਰਦਾ ਫਾਸ਼ ਨਾ ਕਰ ਦੇਵੇ। ਯਾਦ ਦੇ ਪ੍ਰੈਸ ਵਿੱਚ ਖ਼ਬਰਾਂ ਦੇਣ ਦੀ ਗੱਲ ਨੇ ਸੰਤ ਨੂੰ ਕੰਬਣੀ ਛੇੜ ਦਿੱਤੀ, ਕਿਉਂਕਿ ਜੇਕਰ ਯਾਦ ਨੇ ਖ਼ਬਰਾਂ ਲਗਵਾ ਦਿੱਤੀਆਂ ਤਾਂ ਡੇਰੇ ਦਾ ਕਾਰੋਬਾਰ ਬੰਦ ਹੋ ਜਾਵੇਗਾ। ਇਸ ਕਰਕੇ ਜਰਨੈਲ ਸਿੰਘ ਦੇ ਦੋਸਤਾਂ ਨੂੰ ਜਰਨੈਲ ਸਿੰਘ ਨੂੰ ਡੇਰੇ ਬੁਲਾਉਣ ਲਈ ਭੇਜਦਾ ਹੈ। ਡਰ ਦੇ ਮਾਰੇ ਸੰਤ ਨੇ ਗਿਰਗਟ ਦੀ ਤਰ੍ਹਾਂ ਰੰਗ ਬਦਲਦਿਆਂ ਨਰਮੀ ਦਾ ਰੁੱਖ ਅਪਣਾ ਲਿਆ ਸੀ ਕਿ ਕਿਸੇ ਤਰ੍ਹਾਂ ਯਾਦ ਨੂੰ ਚੁਪ ਰੱਖਿਆ ਜਾ ਸਕੇ। ਦੂਜੇ ਪਾਸੇ ਜਗਤਾਰ ਸਿੰਘ ਦੇ ਦੋ ਲੜਕਿਆਂ ਦੀਆਂ ਪਤਨੀਆਂ ਚਾਹੁੰਦੀਆਂ ਹਨ ਕਿ ਡੇਰੇ ਚੜ੍ਹਾਇਆ ਹੋਇਆ ਯਾਦ ਵਾਪਸ ਡੇਰੇ ਜਾਵੇ ਤਾਂ ਜੋ ਉਨ੍ਹਾਂ ਨੂੰ ਜ਼ਮੀਨ ਦਾ ਹਿੱਸਾ ਯਾਦ ਨੂੰ ਦੇਣਾ ਨਾ ਪਵੇ। ਯਾਦ ਡੇਰੇ ਦੀਆਂ ਅਨੈਤਿਕ ਹਰਕਤਾਂ ਕਰਕੇ ਡੇਰੇ ਵਿੱਚ ਜਾਣਾ ਨਹੀਂ ਚਾਹੁੰਦਾ ਪ੍ਰੰਤੂ ਪਰਿਵਾਰ ਵੱਲੋਂ ਉਸ ਨੂੰ ਵਾਪਸ ਡੇਰੇ ਜਾਣ ਲਈ ਜ਼ੋਰ ਪਾਇਆ ਜਾਂਦਾ ਹੈ। ਇਹ ਦੁਖਾਂਤ ਪੰਜਾਬੀ ਕਿਸਾਨੀ ਪਰਿਵਾਰਾਂ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦਾ ਹੈ। ਪੰਜਾਬ ਦੇ ਪਿੰਡਾਂ ਦੇ ਹਰ ਘਰ ਵਿੱਚ ਜ਼ਮੀਨ ਜਾਇਦਾਦ ਦੇ ਕਲੇਸ਼ ਵੇਖਣ ਨੂੰ ਮਿਲਦੇ ਹਨ, ਜਿਵੇਂ ਜਗਤਾਰ ਸਿੰਘ ਦੇ ਘਰ ਕਲੇਸ਼ ਚਲ ਰਿਹਾ ਵਿਖਾਇਆ ਗਿਆ ਹੈ। ਇਹ ਨਾਵਲ ਪਿੰਡਾਂ ਦੇ ਲੋਕਾਂ ਵਿੱਚ ਫੈਲੇ ਅੰਧ ਵਿਸ਼ਵਾਸ਼ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਨਾ ਦੇਵੇਗਾ। ਮਾਲਵੇ ਵਿੱਚ ਤਰਕਸ਼ੀਲ ਲਹਿਰ ਦੇ ਯੋਗਦਾਨ ਨਾਲ ਲੋਕਾਂ ਵਿੱਚ ਆ ਰਹੀ ਜਾਗ੍ਰਤੀ ਬਾਰੇ ਵੀ ਚੇਤੰਨ ਕਰ ਰਿਹਾ ਹੈ। ਪਾਠਕਾਂ ਵਿੱਚ ਅੰਧ ਵਿਸ਼ਵਾਸ਼ ਵਿੱਚੋਂ ਬਾਹਰ ਨਿਕਲਣ ਲਈ ਇਹ ਨਾਵਲ ਪ੍ਰੇਰਨਾ ਸਰੋਤ ਬਣ ਸਕਦਾ ਹੈ। ਰਾਗੀ ਵੀ ਸੰਤ ਦਾ ਬਾਪ ਨਿਕਲਿਆ ਜਿਹੜਾ ਸੰਤ ਦੀ ਵੱਡੀ ਲੜਕੀ ਨੂੰ ਆਪਦੀ ਹਵਸ ਦਾ ਸ਼ਿਕਾਰ ਬਣਾ ਗਿਆ। ਇਸ ਦਾ ਸਿੱਟਾ ਇਹ ਨਿਕਲਦਾ ਜੋ ਕਰੇਗਾ ਉਹ ਇਕ ਨਾ ਇਕ ਦਿਨ ਭਰੇਗਾ ਵੀ। ਸੰਤ ਵੀ ਲੈਣੇ ਦੇ ਦੇਣੇ ਪੈ ਗਏ। ਰਾਗੀ ਵੀ ਸੰਤ ਦਾ ਬਾਪ ਨਿਕਲਿਆ। ਸੰਤ ਰਾਗੀ ਨਾਲ ਵੀ ਅਨੈਤਿਕ ਕੰਮ ਕਰਦਾ ਰਿਹਾ ਤੇ ਫਿਰ ਰਾਗੀ ਨੇ ਬਦਲਾ ਲੈ ਲਿਆ। ਸੰਤ ਲਾਲਚੀ, ਧੋਖੇਬਾਜ, ਠਰਕੀ, ਤੀਵੀਂਬਾਜ਼, ਬੇਈਮਾਨ ਚਿੱਟੇ ਚੋਲੇ ਵਿੱਚ ਕਾਲਾ ਚੋਰ ਸੀ। Êਪੰਜਾਬ ਵਿੱਚ ਡੇਰਿਆਂ ਦੀ ਭਰਮਾਰ ਕਰਕੇ ਗ਼ਰੀਬ ਲੋਕ ਅੰਧ ਵਿਸ਼ਵਾਸ਼ ਵਿੱਚ ਪੈ ਕੇ ਡੇਰਿਆਂ ਦੇ ਲੜ ਲੱਗ ਜਾਂਦੇ ਹਨ। ਇਹ ਨਾਵਲ ਪੰਜਾਬ ਵਿੱਚ ਡੇਰਿਆਂ ਦੇ ਖੁੰਬਾਂ ਵਾਂਗ ਨਿਕਲਣ ਕਰਕੇ ਬਣੇ ਅਜਿਹੇ ਹਲਾਤ ਵਿੱਚ ਬਹੁਤ ਹੀ ਉਸਾਰੂ ਭੂਮਿਕਾ ਨਿਭਾਅ ਸਕਦਾ ਹੈ। ਯਾਦਵਿੰਦਰ ਸਿੰਘ ਭੁੱਲਰ ਨੇ ਇਸ ਨਾਵਲ ਰਾਹੀਂ ਸਮੁਚੇ ਡੇਰੇਦਾਰਾਂ ਦੇ ਕਿਰਦਾਰ ਨੂੰ ਨੰਗਿਆਂ ਕਰ ਦਿੱਤਾ ਹੈ। ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਅਜਿਹੇ ਸਾਹਿਤ ਦੀ ਅਤਿਅੰਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਬਰਨਾਲਾ ਦਾ ਇਲਾਕਾ ਇਸ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।
160 ਪੰਨਿਆਂ, 250 ਰੁਪਏ ਕੀਮਤ ਵਾਲਾ ਇਹ ਨਾਵਲ ਪੁਲਾਂਘ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਤ ਕੀਤਾ ਹੈ।
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
Leave a Comment
Your email address will not be published. Required fields are marked with *