ਇਹ ਗੱਲ ਕੋਈ ਵੀਹ, ਬਾਈ ਸਾਲ ਪੁਰਾਣੀ ਹੈ। ਅਸੀ ਸਾਰੇ ਘਰਾਂ ਦੇ ਮੁੰਡਿਆਂ ਨੇ ਰਾਇ ( ਸਲਾਹ ) ਕੀਤੀ, ਕਿ ਐਕਤੀਂ ਆਪਾਂ ਮਾਘੀ ਨ੍ਹਾਉਣ ਮਹਿਦੇਆਣਾ ਸਾਹਿਬ ਚੱਲਾਂਗੇ।
ਸਾਡੇ ਪਿੰਡ ਤੋਂ ਕੋਈ ਪੰਝੀ, ਤੀਹ
ਕਿੱਲੋ ਮੀਟਰ ਦੂਰੀ ਤੇ ਇਹ ਇਤਿਹਾਸਿਕ ਗੁਰਦੁਆਰਾ ਹੈ।
ਅਸੀਂ ਸ਼ਾਮ ਨੂੰ ਲੋਹੜੀ ਤੇ ਬੈਠਿਆਂ ਨੇ ਪੱਕਾ ਕਰ ਲਿਆ,
ਸੁਭਾ ਉਠੇ ( ਸੁਦੇਹਾ ) ਚਾਰ ਜਾਣੇ ਸੀ। ਸਾਇਕਲਾਂ ਤੇ ਚੱਲ ਪਏ,
ਠੰਢ ਵੀ ਬਹੁਤ ਕੋਰਾ ਪਿਆ ਹੋਇਆ ਸੀ, ਹਨੇਰੇ ਚ ਪਤਾ ਨਾ ਲੱਗੇ ਕਿਹੜੀ ਸੜਕ ਮੁੜੀਏ, ਪਰ ਅਸੀਂ ਹੌਲੀ ਹੌਲੀ ਪਹੁੰਚ ਗਏ। ਬਹੁਤ ਜ਼ਿਆਦਾ ਠੰਢ ਨਾਲ ਠਰ ਗਏ, ਮੈਂ ਆਪਣੇ ਨਾਲਦਿਆਂ ਨੂੰ ਕਿਹਾ ਪਹਿਲਾਂ ਆਪਾਂ ਇਸ਼ਨਾਨ ਕਰ ਲਈਏ, ਫੇਰ ਅੱਗ ਸੇਕਾਂਗੇ,
ਕੱਪੜੇ ਉਤਾਰੇ ਦੰਦ ਕੜਿੱਕੀ ਵੱਜੇ,
ਪਾਣੀ ਇੰਨਾ ਠੰਢਾ ਹੇਮਕੁੰਟ ਸਾਹਿਬ ਦੇ ਸਰੋਵਰ ਬਰਾਬਰ,
ਹੱਥ ਪੈਰ ਸੁੰਨ ਹੋ ਗਏ। ਅਸੀ ਇੱਕ ਇੱਕ ਚ੍ਹੰਬੀ ਮਾਰੀ ਇਸ ਤਰਾਂ ਲੱਗੇ ਕਿ ਬਸ ਹੁਣ ਬਾਹਰ ਨੀ ਨਿਕਲਿਆ ਜਾਣਾ, ਸਾਨੂੰ ਵੇਖ ਕੇ ਇੱਕ ਆਦਮੀ ਦੇ ਅੰਦਰ ਦਲੇਰੀ ਆ ਗਈ, ਉਹ ਮੋਟਾ ਜੇਹਾ ਭਾਈ ਸੀ। ਉਸ ਨੇ ਕੱਪੜੇ ਉਤਾਰ ਕੇ ਅਜੇ ਪਾਣੀ ਵਿੱਚ ਪੈਰ ਈ ਪਾਇਆ ਸੀ। ਬਿਨਾਂ ਨ੍ਹਾਤੇ ਹੀ ਬਾਹਰ ਨਿਕਲ ਗਿਆ, ਸਾਰੇ ਲੋਕ ਸਾਡੇ ਵੱਲ ਵੇਖਣ, ਜਦੋਂ ਅਸੀਂ ਚਾਰੇ ਜਾਣੇ ਬਾਹਰ ਨਿਕਲੇ
ਇਸ਼ਨਾਨ ਕਰਕੇ, ਸਾਡੇ ਪੈਰ ਧਰਤੀ ਤੇ ਨਾ ਲੱਗਣ ਕੰਬੀ ਜਾਈਏ ਕੱਪੜੇ ਕਿਵੇਂ ਬਦਲੀਏ,
ਹੱਥ ਮੁੜਗੇ। ਤੁਸੀਂ ਸੱਚ ਜਾਣਿਓ
ਸਾਡੇ ਕਛਹਿਰਿਆਂ ਦੇ ਨਾਲੇ ਵੀ
ਦੂਜਿਆਂ ਨੇ ਬੰਨੇ, ਸਾਨੂੰ ਅੱਗ ਸੇਕਾਈ ਫੇਰ ਸਾਨੂੰ ਚਾਹ ਦਿੱਤੀ।
ਸਾਨੂੰ ਬਹੁਤ ਸ਼ਰਮ ਆਵੇ ਅਸੀਂ ਨਿੱਘੇ ਹੋਏ ਮੱਥਾਂ ਟੇਕਿਆ ਸਾਇਕਲਾਂ ਤੇ ਵਾਪਸ ਆਪਣੇ ਘਰਾਂ ਨੂੰ ਮੁੜ ਪਏ, ਲੋਕ ਸਾਨੂੰ ਮਖੌਲ ਕਰਨ ਸੰਗਤੇ ਫੇਰ ਵੀ ਆਇਓ ਭਾਈ ਇੱਥੇ ਇਸ਼ਨਾਨ ਕਰਕੇ ਜਨਮਾਂ ਜਨਮਾਂਤਰਾਂ ਦੇ ਪਾਪ ਧੋਤੇ ਜਾਂਦੇ ਹਨ। ਪਰ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅਸੀ ਜਾਨ ਬਚਾ ਕੇ ਮਸਾਂ ਭੱਜੇ ਹੋਈਏ। ਇਹ ਗੱਲ ਅੱਜ ਵੀ ਮੈਨੂੰ ਯਾਦ ਹੈ। ਹੁਣ ਅਸੀਂ ਇੱਕ ਦੂਜੇ ਨੂੰ ਛੇੜਦੇ ਹਾਂ ਕਿ ਐਕਤੀ ਮਾਘੀ ਨ੍ਹਾਉਣ ਮਹਿਦੇਆਣਾ ਸਾਹਿਬ ਚੱਲੀਏ, ਇਹ ਹੈ ਮੇਰੀ ਹੱਡ ਬੀਤੀ
ਅਭੁੱਲ ਯਾਦ। ਸਮਾਪਤ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417