ਸਰੀ, 17 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਯੂਕੇ ਦੇ ਵੈਨਕੂਵਰ ਸਥਿਤ ਕੌਂਸਲ ਜਨਰਲ ਸ੍ਰੀ ਥਾਮਸ ਕੋਡਰਿੰਗਟਨ ਅਤੇ ਟੋਰਾਂਟੋ ਸਥਿਤ ਕੌਂਸਲ ਜਨਰਲ ਸ਼੍ਰੀਮਤੀ ਫੌਜੀਆ ਯੂਨਿਸ, ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸ (ਪਿਕਸ) ਸੋਸਾਇਟੀ ਦੇ ਮੁੱਖ ਦਫਤਰ ਸਰੀ ਵਿਖੇ ਪਹੁੰਚੇ। ਉਹਨਾਂ ਦੇ ਨਾਲ ਸਰੀ ਦੇ ਐਮਐਲਏ ਜਗਰੂਪ ਬਰਾੜ ਵੀ ਸਨ। ਪਿਕਸ ਦੇ ਸੀਈਓ ਸਤਬੀਰ ਚੀਮਾ ਨੇ ਤਿੰਨਾਂ ਸ਼ਖਸੀਅਤਾਂ ਦਾ ਭਰਵਾਂ ਸਵਾਗਤ ਕੀਤਾ।
ਇਹਨਾਂ ਤਿੰਨਾਂ ਸ਼ਖਸ਼ੀਅਤਾਂ ਨੇ ਪਿਕਸ ਦੇ ਮੁੱਖ ਦਫਤਰ ਤੋਂ ਇਲਾਵਾ ਪਿਕਸ ਅਸਿਸਟਡ ਲਿਵਿੰਗ ਹੋਮ ਵਿਖੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸ਼੍ਰੀਮਤੀ ਫੌਜੀਆ ਯੂਨਿਸ ਨੇ ਪਿਕਸ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਕਸ ਤੇ ਆ ਕੇ ਮੈਨੂੰ ਇਉਂ ਮਹਿਸੂਸ ਹੋ ਰਿਹਾ ਹੈ ਜਿਵੇਂ ਮੈਂ ਆਪਣੇ ਘਰ ਵਾਪਸ ਆ ਗਈ ਹੋਵਾਂ। ਉਨ੍ਹਾਂ ਕਿਹਾ ਕਿ ਕਿੰਨਾ ਪ੍ਰਭਾਵਸ਼ਾਲੀ ਸਫਰ ਹੈ ਕਿ ਪਿਕਸ ਦੀ 1987 ਵਿੱਚ ਸਿਰਫ 80 ਡਾਲਰ ਤੋਂ ਸ਼ੁਰੂ ਹੋਈ ਯਾਤਰਾ ਅੱਜ ਲਗਭਗ 24 ਮਿਲੀਅਨ ਡਾਲਰ ਤੱਕ ਪਹੁੰਚ ਚੁੱਕੀ ਹੈ।
ਮਿਸਟਰ ਥਾਮਸ ਕੋਡਰਿੰਗਟਨ ਨੇ ਸਰੀ ਅਤੇ ਯੂਕੇ ਵਿਚਾਲੇ ਸਬੰਧਾਂ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਪਿਕਸ ਕਮਿਊਨਿਟੀ ਵੱਲੋਂ ਇਸ ਦਿਸ਼ਾ ਵਿੱਚ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰੀ ਅਤੇ ਯੂਕੇ ਦੇ ਲੋਕਾਂ ਦੇ ਆਪਸੀ ਸੰਬੰਧ ਉਨ੍ਹਾਂ ਲਈ ਖੁਸ਼ੀ ਦਾ ਸਬੱਬ ਹਨ। ਕਮਿਊਨਿਟੀ ਨੂੰ ਇਸ ਤਰ੍ਹਾਂ ਇਕੱਠੇ ਹੋ ਕੇ ਇੱਕ ਦੂਜੇ ਲਈ ਸਹਿਯੋਗ ਕਰਨਾ ਇਕ ਬਹੁਤ ਹੀ ਵਧੀਆ ਕਾਰਜ ਹੈ। ਇਸ ਨਾਲ ਭਾਈਚਾਰਕ ਅਤੇ ਸਹਿਯੋਗ ਦੀ ਭਾਵਨਾ ਮਜ਼ਬੂਤ ਹੁੰਦੀ ਹੈ ਅਤੇ ਇੱਕ ਦੂਜੇ ਨਾਲ ਮੇਲਜੋਲ ਕਨੇਡੀਅਨ ਜੀਵਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਵਿੱਚ ਮਦਦਗਾਰ ਬਣਦਾ ਹੈ।
ਪਿਕਸ ਦੇ ਮੁੱਖ ਦਫਤਰ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਹਾਸਲ ਕਰਨ ਉਪਰੰਤ ਇਹ ਤਿੰਨੇ ਮਹਿਮਾਨ ਪਿਕਸ ਵੱਲੋਂ ਚਲਾਏ ਜਾ ਰਹੇ ਅਸਿਸਟਡ ਲਿਵਿੰਗ ਹੋਮ ਵਿਖੇ ਵੀ ਗਏ ਅਤੇ ਉਥੇ ਪਿਕਸ ਸੋਸਾਇਟੀ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦੇਖ ਕੇ ਬਹੁਤ ਖੁਸ਼ ਹੋਏ। ਪਿਛਲੇ ਸਾਲਾਂ ਦੌਰਾਨ ਪਿਕਸ ਵੱਲੋਂ ਕੀਤੇ ਵਿਕਾਸ ਅਤੇ ਪਿਕਸ ਸੁਸਾਇਟੀ ਵੱਲੋਂ ਕਮਿਊਨਿਟੀ ਦੀ ਸੇਵਾ ਲਈ ਸਮਰਪਿਤ ਭਾਵਨਾ ਨੇ ਦੋਹਾਂ ਕੌਂਸਲ ਜਨਰਲ ਬਹੁਤ ਪ੍ਰਭਾਵਿਤ ਕੀਤਾ।
Leave a Comment
Your email address will not be published. Required fields are marked with *