ਖਰੜ: 16 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਖਰੜ ਦੇ ਪਿੰਡ ਰਡਿਆਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਵਿਖੇ ਸਾਲਾਨਾ ਸਮਾਰੋਹ ਬੜੇ ਸ਼ਾਨਦਾਰ ਤਰੀਕੇ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਮਹਿੰਦਰਾ ਐਂਡ ਮਹਿੰਦਰਾ ਦੀ ਸਵਰਾਜ ਸ਼ਾਖਾ ਤੋਂ ਐੱਚਆਰ, ਈਆਰ ਅਤੇ ਸੀਐਸਆਰ ਮੁਖੀ ਅਰੁਣ ਰਾਘਵ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏI ਉਨ੍ਹਾਂ ਦੇ ਨਾਲ ਮੈਡਮ ਗੁਰਪ੍ਰੀਤ ਕੌਰ ਵੀ ਉਚੇਚੇ ਤੌਰ ‘ਤੇ ਹਾਜ਼ਰ ਹੋਏI
ਇਸ ਮੌਕੇ ਵਿਭਿੰਨ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਪੰਜ ਦਰਜਨ ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆI ਸਕੂਲ-ਮੁਖੀ ਡਾਕਟਰ ਸੁਰਿੰਦਰ ਕੁਮਾਰ ਜਿੰਦਲ ਨੇ ਸਲਾਨਾ ਰਿਪੋਰਟ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾI
ਉਨ੍ਹਾਂ ਨੇ ਵਿਭਿੰਨ ਅਜੰਸੀਆਂ, ਦਾਨੀ ਸੱਜਣਾਂ ਅਤੇ ਹੋਰ ਸਰੋਤਾਂ ਤੋਂ ਸਕੂਲ ਲਈ ਪ੍ਰਾਪਤ ਹੋਏ ਅਤੇ ਪ੍ਰਾਪਤ ਹੋ ਰਹੇ ਹੋ ਸਹਿਯੋਗ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਪਿਛਲੇ 4 ਸਾਲਾਂ ਦੌਰਾਨ ਸਕੂਲ ਕਿਥੇ ਤੋਂ ਕਿਥੇ ਤੱਕ ਪਹੁੰਚ ਗਿਆ ਹੈI
ਮੁੱਖ ਮਹਿਮਾਨ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਦੀ
ਉੱਚੇ ਦਰਜੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਕਰ ਕੇ ਆਪਣੇ ਮਿੱਥੇ ਹੋਏ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾI ਉਨ੍ਹਾਂ ਨੇ ਸਕੂਲ ਦੇ ਵਿਕਾਸ ਲਈ ਸਹਿਯੋਗ ਕਰਨ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸਭ ਨੂੰ ਉਤਸ਼ਾਹਿਤ ਕੀਤਾ ਕਿ ਏਦਾਂ ਦਾ ਸਹਿਯੋਗ ਜਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਸਿੱਖਿਆ ਸਮਾਜ ਦੀ ਬੁਨਿਆਦ ਤਿਆਰ ਕਰਦੀ ਹੈI ਇਸ ਬੁਨਿਆਦ ਨੂੰ ਉਸਾਰਨ ਵਿਚ ਸਰਕਾਰਾਂ ਦੇ ਨਾਲ-ਨਾਲ ਸਮਾਜ ਦਾ ਪੂਰਨ ਸਹਿਯੋਗ ਹੋਣਾ ਬਹੁਤ ਜਰੂਰੀ ਹੁੰਦਾ ਹੈI
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਕੰਪਨੀ ਬਹੁਤ ਦੂਰ-ਦੂਰ ਤੱਕ ਅਨੇਕਾਂ ਸਕੂਲਾਂ ਨਾਲ ਮਿਲ ਕੇ ਕੰਮ ਕਰਦੀ ਹੈ ਪਰ ਰਡਿਆਲਾ ਦੇ ਇਸ ਸਕੂਲ ਵਰਗੇ ਸਕੂਲ ਬਹੁਤ ਘੱਟ ਮਿਲੇI ਉਨ੍ਹਾਂ ਸਕੂਲ ਦੀ ਸੰਪਤੀ ਦੀ ਰਾਖੀ ਕਰਨ ਵਿੱਚ ਮੱਦਦ ਕਰਨ ਲਈ ਵੀ ਨਾਗਰਿਕਾਂ ਨੂੰ ਅਪੀਲ ਕੀਤੀI
ਇਸ ਮੌਕੇ ਸਮੂਹ ਸਟਾਫ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆI ਸਮਾਰੋਹ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਲਾਗਲੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਸ਼ਾਮਲ ਹੋਏI ਬੱਚਿਆਂ ਨੇ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾI