ਰਵਿੰਦਰ ਸਹਿਰਾਅ ਦੀਆਂ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਮੁੱਖ ਤੌਰ ਤੇ ਰਵਿੰਦਰ ਸਹਿਰਾਅ ਕਵੀ ਹੈ। ਚਰਚਾ ਅਧੀਨ ਪੁਸਤਕ ਸੁਰਖ਼ ਰਾਹਾਂ ਦੇ ਹਮਸਫ਼ਰ ਉਸ ਦੀ 9ਵੀਂ ਪ੍ਰੰਤੂ ਵਾਰਤਕ ਦੀ ਮੌਲਿਕ ਪਲੇਠੀ ਪੁਸਤਕ ਹੈ। ਇਹ ਪੁਸਤਕ ਉਸ ਨੇ 20 ਭਾਗਾਂ ਵਿੱਚ ਵੰਡੀ ਹੋਈ ਹੈ। ਇਕ ਵਾਰ ਸ਼ੁਰੂ ਕਰਕੇ ਪੁਸਤਕ ਪੂਰੀ ਪੜ੍ਹੀ ਬਿਨਾਂ ਛੱਡੀ ਨਹੀਂ ਜਾ ਸਕਦੀ, ਕਿਉਂਕਿ ਅੱਗੇ ਪੜ੍ਹਨ ਦੀ ਦਿਲਚਸਪੀ ਬਰਕਰਾਰ ਰਹਿੰਦੀ ਹੈ। ਪਹਿਲੇ ਭਾਗ ਵਿੱਚ ਆਪਣੀ ਮਾਂ ਨੂੰ ਅਕੀਦਤ ਭੇਂਟ ਕੀਤੀ ਤੇ ਪਰਿਵਾਰ ਬਾਰੇ ਦੱਸਿਆ ਹੈ। ਉਸ ਦੇ ਪਿਤਾ ਮਹਾਂ ਸਿੰਘ ਦੀ ਰਵਿੰਦਰ ਸਹਿਰਾਅ ਦੀ ਛੋਟੀ ਉਮਰ ਵਿੱਚ ਹੀ ਮੌਤ ਹੋ ਗਈ ਸੀ। ਮਾਤਾ ਬੇਅੰਤ ਕੌਰ ਨੇ ਹੀ ਆਰਥਿਕ ਤੰਗੀਆਂ ਵਿੱਚ ਉਸ ਦਾ ਪਾਲਣ ਪੋਸ਼ਣ ਕੀਤਾ ਸੀ। ਇਸ ਪੁਸਤਕ ਨੂੰ ਉਸਦੀ ਜੀਵਨੀ ਵੀ ਕਿਹਾ ਜਾ ਸਕਦਾ ਹੈ, ਜਿਸ ਵਿੱਚ ਉਸ ਨੇ ਆਪਣੀ ਜ਼ਿੰਦਗੀ ਦੀ ਜਦੋਜਹਿਦ ਦੀ ਦਾਸਤਾਂ ਦੇ ਨਾਲ ਹੀ ਨਕਸਲੀ ਲਹਿਰ ਦੇ ਸਮੇਂ, ਉਨ੍ਹਾਂ ਪ੍ਰਮੁੱਖ ਇਨਕਲਾਬੀਆਂ ਜਿਨ੍ਹਾਂ ਨਾਲ ਉਸ ਦਾ ਵਾਹ ਵਾਸਤਾ ਰਿਹਾ ਦੀਆਂ ਸਰਗਰਮੀਆਂ ਨੂੰ ਤਰਤੀਬ ਨਾਲ ਲਿਖਿਆ ਹੈ। ਉਨ੍ਹਾਂ ਉਸ ਦੇ ਸੰਪਰਕ ਵਿੱਚ ਆਏ ਇਨਕਲਾਬੀਆਂ ਦੀ ਨਿੱਕੀਆਂ ਅਤੇ ਵੱਡੀਆਂ ਸਰਗਰਮੀਆਂ ਨੂੰ ਇੰਨ ਬਿੰਨ ਲਿਖਿਆ ਹੈ। ਸਾਰੀ ਪੁਸਤਕ ਵਿੱਚ ਉਹ ਫਸਟ ਪਰਸਨ ਵਿੱਚ ਲਿਖਣ ਕਰਕੇ ਹਾਜ਼ਰ ਰਹਿੰਦਾ ਹੈ। ਇਸ ਨੂੰ ਇਨਕਲਾਬੀਆਂ ਦੇ ਛੋਟੇ-ਛੋਟੇ ਰੇਖਾ ਚਿਤਰਾਂ ਵਾਲੀ ਪੁਸਤਕ ਕਿਹਾ ਜਾ ਸਕਦਾ ਹੈ। ਇਸ ਜਦੋਜਹਿਦ ਦੌਰਾਨ ਜਿਹੜੇ ਦੋਸਤਾਂ ਮਿੱਤਰਾਂ ਨੇ ਉਸ ਦਾ ਸਾਥ ਦਿੱਤਾ ਉਨ੍ਹਾਂ ਬਾਰੇ ਵਿਸਤਾਰ ਪੂਰਬਕ ਲਿਖਿਆ ਹੋਇਆ ਹੈ। ਮੁੱਢਲੇ ਤੌਰ ‘ਤੇ ਇਸ ਪੁਸਤਕ ਨੂੰ ਇਨਕਲਾਬੀਆਂ ਦੀਆਂ ਸਰਗਰਮੀਆਂ ਦਾ ਚਿੱਠਾ ਵੀ ਕਿਹਾ ਜਾ ਸਕਦਾ ਹੈ। ਇਨਕਲਾਬੀਆਂ ਦੀਆਂ ਸਰਗਰਮੀਆਂ ਸਮੇਂ ਦੀਆਂ ਤਸਵੀਰਾਂ ਵੀ ਪੁਸਤਕ ਦੀ ਸ਼ੋਭਾ ਵਧਾਉਂਦੀਆਂ ਹਨ। ਲਹਿਰਾਂ ਦੀਆਂ ਸਰਗਰਮੀਆਂ ਬਾਰੇ ਲਿਖਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਜਾਨਣ ਤੇ ਸਮਝਣ ਲਈ ਲਾਹੇਬੰਦ ਹੋਵੇਗਾ, ਇਕ ਕਿਸਮ ਨਾਲ ਇਹ ਪੁਸਤਕ ਨਕਸਲੀ ਲਹਿਰ ਦਾ ਇਤਿਹਾਸ ਵੀ ਬਣ ਗਈ ਹੈ। ਰਵਿੰਦਰ ਸਹਿਰਾਅ ਦਾ ਪਿੰਡ ਦੁਆਬੇ ਵਿੱਚ ਜਲੰਧਰ ਜ਼ਿਲ੍ਹੇ ਦੀ ਬੰਗਾ ਤਹਿਸੀਲ ਵਿਚ ਹਰਦੋ ਫਰਾਲੇ ਹੈ। ਇਸ ਸਮੇਂ ਇਹ ਪਿੰਡ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਹੈ। 1969-70 ਵਿੱਚ ਦੁਆਬੇ ਦਾ ਇਲਾਕਾ ਵੀ ਨਕਸਲੀ ਲਹਿਰ ਦਾ ਕੇਂਦਰ ਰਿਹਾ ਹੈ। ਰਵਿੰਦਰ ਸਹਿਰਾਅ 6ਵੀਂ ਸਤਵੀਂ ਜਮਾਤ ਵਿਚ ਪੜ੍ਹਦਿਆਂ ਹੀ ਨਕਸਲੀ ਲਹਿਰ ਦੇ ਜੁਝਾਰੂਆਂ ਦੇ ਤਾਲਮੇਲ ਵਿੱਚ ਉਸ ਸਮੇਂ ਆ ਗਿਆ ਜਦੋਂ ਉਹ ਅਲੂਆਂ ਨੌਜਵਾਨ ਸੀ। 1971 ਵਿਚ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਪੜ੍ਹਦਿਆਂ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਰਿਹਾ। ਮਾਰਕਸੀਆਂ ਦੀ ਫੈਡਰੇਸ਼ਨ ਨੇ ਕਾਲਜ ਵਿੱਚ ਇਕ ਪ੍ਰੋਗਰਾਮ ਰੱਖਿਆ, ਵੱਡੇ ਨੇਤਾ ਆਏ ਹੋਏ ਸਨ, ਰਵਿੰਦਰ ਸਹਿਰਾਅ ਨੇ ਉਥੇ ਮਾਸਕੋ ਕਵਿਤਾ ਪੜ੍ਹੀ, ਜਿਸ ਵਿੱਚ ਸੀ.ਪੀ.ਆਈ. ਤੇ ਸੀ.ਪੀ.ਐਮ. ਨੂੰ ਸਵਾਲ ਕੀਤੇ ਸਨ। ਕਵਿਤਾ ਦੀ ਵਿਦਿਆਰਥੀਆਂ ਨੇ ਪ੍ਰਸੰਸਾ ਕੀਤੀ। ਕਵਿਤਾ ਨੇ ਰਵਿੰਦਰ ਸਹਿਰਾਅ ਨੂੰ ਵਿਦਿਆਰਥੀ ਨੇਤਾ ਬਣਾ ਦਿੱਤਾ। ਉਸੇ ਸਮੇਂ 1973 ਵਿੱਚ ਇਨਕਲਾਬੀਆਂ ਦੇ ਇਕ ਜਲਸੇ ਵਿੱਚ ਵਿਦਿਆਰਥੀਆਂ ਨਾਲ ਗਿਆ। ਉਥੇ ਪੜ੍ਹੀਆਂ ਜਾ ਰਹੀਆਂ ਕਵਿਤਾਵਾਂ ਸੁਣਨ ਤੋਂ ਬਾਅਦ ਇਨਕਲਾਬੀਆਂ ਦਾ ਹਿੱਸਾ ਹੀ ਬਣ ਗਿਆ ਕਿਉਂਕਿ ਉਸ ਨੂੰ ਸਾਹਿਤਕ ਚੇਟਕ ਆਪਣੀ ਮਾਂ ਤੇ ਭਰਾ ਬਚਿਤਰ ਸਿੰਘ ਤੋਂ ਲੱਗ ਚੁੱਕੀ ਸੀ। ਫਿਰ ਉਹ ਇਨਕਲਾਬੀਆਂ ਦੇ ਸਨੇਹੇ ਤੇ ਚਿੱਠੀ ਪੱਤਰ ਪਹੁੰਚਾਉਣ ਦਾ ਕੰਮ ਕਰਦਾ ਰਿਹਾ। 1972 ਵਿੱਚ ਇਨਕਲਾਬੀਆਂ ਦੇ ਨਾਅਰੇ ਪਿੰਡਾਂ ਵਿੱਚ ਲਿਖਦਾ ਰਿਹਾ। ਇਕ ਵਾਰ ਜਦੋਂ 1974 ਵਿੱਚ ਉਹ ਗੜ੍ਹਸ਼ੰਕਰ ਨੇੜੇ ਇਕ ਡੇਰੇ ਵਿੱਚ ਦਰਸ਼ਨ ਖਟਕੜ ਅਤੇ ਕਾਮਰੇਡ ਹਾਕਮ ਸਮਾਓ ਕੋਲ ਗਿਆ ਹੋਇਆ ਸੀ ਤਾਂ ਪੁਲਿਸ ਦੇ ਅੜਿਕੇ ਚੜ੍ਹ ਗਿਆ। ਉਸ ਨੂੰ ਕਪੂਰਥਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਥੇ ਹੀ ਉਹ ਪਾਸ਼, ਕੇਵਲ ਕੌਰ ਅਤੇ ਦਰਸ਼ਨ ਖਟਕੜ ਦਾ ਚਹੇਤਾ ਬਣ ਗਿਆ। ਫਿਰ ਉਸਨੂੰ ਜਲੰਧਰ ਅਤੇ ਸੰਗਰੂਰ ਜੇਲ੍ਹ ਵਿੱਚ ਵੀ ਰੱਖਿਆ, ਜਿਥੇ ਉਸ ਨੇ ਕਵਿਤਾਵਾਂ ਲਿਖੀਆਂ। ਪੁਸਤਕ ਵਿੱਚ ਸਾਹਿਤਕਾਰਾਂ ਦੀਆਂ ਧੜੇਬੰਦੀਆਂ ਬਾਰੇ ਵੀ ਲਿਖਿਆ ਹੈ। ਉਹ ਸੋਵੀਨਾਰਾਂ ਅਤੇ ਕਿਤਾਬਚਿਆਂ ਦੀ ਸੰਪਾਦਨਾ ਵੀ ਕਰਦਾ ਰਿਹਾ। ਐਮਰਜੈਂਸੀ ਦੌਰਾਨ ਵੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਜੇਬ ਕੁਤਰੇ ਕਿਹਾ ਗਿਆ। ਉਸ ਦੌਰਾਨ ਉਸ ਤੇ ਗੁਰੂ ਕੀ ਨਗਰੀ ਬੁੱਚੜਖਾਨਾ ਵਿੱਚ ਤਸ਼ੱਦਦ ਕੀਤਾ ਗਿਆ। ਪ੍ਰੰਤੂ 1978 ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਸ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ। ਜੇਲ੍ਹ ਵਿੱਚ ਹੋਣ ਮੌਕੇ ਦੋਵੇਂ ਵਾਰ ਕਿਸੇ ਨੇ ਉਸ ਦੀ ਜ਼ਮੀਨ ‘ਤੇ ਕਬਜ਼ਾ ਵੀ ਕਰ ਲਿਆ ਸੀ। ਫਿਰ ਕਬਜ਼ਾ ਆਪ ਹੀ ਛੁਡਵਾਇਆ। 1984 ਵਿੱਚ ਉਹ ਅਮਰੀਕਾ ਵਿੱਚ ਪ੍ਰਵਾਸ ਕਰ ਗਿਆ। ਪ੍ਰਵਾਸ ਦੀ ਜਦੋਜਹਿਦ ਵਾਲੀ ਜ਼ਿੰਦਗੀ ਬਾਰੇ ਲਿਖਦਿਆਂ ਉਸ ਨੇ ਦੱਸਿਆ ਕਿ ਪ੍ਰਵਾਸ ਦੀਆਂ ਆਰਥਿਕ ਮਜ਼ਬੂਰੀਆਂ ਕਰਕੇ 1988 ਵਿੱਚ ਆਪਣੀ ਮਾਂ ਦੇ ਸਸਕਾਰ ਤੇ ਵੀ ਨਹੀਂ ਆ ਸਕਿਆ।
ਦਰਸ਼ਨ ਖਟਕੜ ਬਾਰੇ ਸਹਿਰਾਅ ਨੇ ਲਿਖਿਆ ਹੈ ਕਿ ਉਹ ਇਨਕਲਾਬੀਆਂ ਦਾ ਸਰਗਰਮ ਯੋਧਾ ਰਿਹਾ ਹੈ। ਸਾਹਿਤ, ਸਿਆਸਤ, ਸੰਗੀਤ ਅਤੇ ਖੇਡਾਂ ਦਾ ਪ੍ਰੇਮੀ ਤੇ ਇਨਕਲਾਬੀ ਲਹਿਰ ਦਾ ਧੁਰਾ। 1971 ਵਿੱਚ ਗ੍ਰਿਫ਼ਤਾਰ ਹੋਇਆ ਪੁਲਿਸ ਨੇ ਅਤਿਅੰਤ ਤਸ਼ੱਦਦ ਕੀਤਾ ਦੋ ਸਾਲ ਜੇਲ੍ਹ ਵਿੱਚ ਰਹਿ ਕੇ 1973 ਵਿੱਚ ਰਿਹਾ ਹੋਇਆ। ਦਾਰਸ਼ਨਿਕ ਚਿਹਰੇ ਵਾਲਾ, ਨਮਰ ਸੁਭਾਅ, ਸ਼ਹਿਣਸ਼ੀਲਤਾ ਦਾ ਮੁਜੱਸਮਾ, ਦੁੱਖ ਸੁੱਖ ਦਾ ਸਹਾਇਕ ਅਤੇ ਦਲੀਲ ਨਾਲ ਗੱਲ ਮਨਵਾਉਣ ਦੇ ਸਮਰੱਥ ਇਨਕਲਾਬੀ ਵਿਅਕਤੀ ਹੈ।
ਅਮੋਲਕ ਸਿੰਘ ਜੰਮੂ ਇੱਕ ਸੰਵੇਦਨਸ਼ੀਲ ਵਿਅਕਤੀ, ਸਿਰੜ੍ਹੀ ਇਨਸਾਨ ਅਤੇ ਪ੍ਰਤੀਬੱਧ ਪੱਤਰਕਾਰ ਸੀ। ਪੰਜਾਬੀ ਟਰਬਿਊਨ ਵਿੱਚ ਲੰਬਾ ਸਮਾਂ ਪੱਤਰਕਾਰੀ ਕਰਨ ਤੋਂ ਬਾਅਦ ਉਹ 1997 ਵਿੱਚ ਅਮਰੀਕਾ ਚਲਾ ਗਿਆ। ਉਥੇ ਜਾ ਕੇ ਉਸ ਨੇ ‘ਪੰਜਾਬ ਟਾਈਮਜ਼’ ਨਾਮ ਦਾ ਸ਼ਿਕਾਗੋ ਤੋਂ ਅਖ਼ਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਅਖ਼ਬਾਰ ਨੂੰ ਸਥਾਪਤ ਕਰਨ ਲਈ ਬੜੀ ਜਦੋਜਹਿਦ ਕੀਤੀ ਤੇ ਸਫਲਤਾ ਦੇ ਝੰਡੇ ਵੀ ਗੱਡੇ। ਨਾਮੁਰਾਦ ਬਿਮਾਰੀ ਦੀ ਹਾਲਤ ਵਿੱਚ ਵੀ ਦ੍ਰਿੜ੍ਹਤਾ ਨਾਲ ਕੰਮ ਕਰਦਾ ਰਿਹਾ। ਹਰ ਸਾਲ ਉਹ ਪੰਜਾਬ ਟਾਈਮਜ਼ ਦਾ ਸਾਲਾਨਾ ਪ੍ਰੋਗਰਾਮ ਸ਼ਾਨੋ ਸ਼ੌਕਤ ਨਾਲ ਕਰਦਾ ਸੀ। ਪੰਜਾਬ ਟਾਈਮਜ਼ ਨਾਈਟ ਉਸ ਦੀ ਮੌਤ ਤੋਂ ਬਾਅਦ ਵੀ ਉਸ ਦੀ ਪਤਨੀ ਜਸਪ੍ਰੀਤ ਕੌਰ ਤੇ ਬੇਟਾ ਮਨਦੀਪ ਕਰ ਰਹੇ ਹਨ।
‘ਪਿੰਡ ਅਤੇ ਪਿੰਡ ਦੇ ਰਿਆੜ’ ਸਿਰਲੇਖ ਹੇਠ ਆਪਣੇ ਪਿੰਡ ਦੀਆਂ ਖ਼ੂਬੀਆਂ ਅਤੇ ਪ੍ਰਸਿੱਧ ਸਮਾਜ ਸੇਵਕਾਂ, ਸਾਹਿਤਕਾਰਾਂ, ਪ੍ਰਵਾਸ ਵਿੱਚ ਵਸੇ ਪਰਿਵਾਰਾਂ ਅਤੇ ਉਦਮੀਆਂ ਬਾਰੇ ਜਾਣਕਾਰੀ ਦਿੱਤੀ ਹੈ। ਪਿੰਡ ਦੇ ਰਿਆੜਾਂ ਦੇ ਸੁਭਾਅ ਬਾਰੇ ਦ੍ਰਿਸ਼ਟਕ ਰੂਪ ਵਿੱਚ ਲਿਖਿਆ। ਪਿੰਡਾਂ ਦੀਆਂ ਸੱਥਾਂ ਦੀ ਚੁੰਝ ਚਰਚਾ, ਬੰਤਾ ਸਿੰਘ ਦਾ ਮੁਗਦਰ ਚੁੱਕਣਾ, ਤਾਸ਼ ਖੇਡਣਾ, ਬਿਮਾਰੀ ਨਾਲ ਕਿਵੇਂ ਨਿਪਟਣਾ, ਪੜ੍ਹੇ ਲਿਖੇ ਤੇ ਅਨਪੜ੍ਹਾਂ ਦੇ ਵਿਚਾਰਾਂ ਦਾ ਅੰਤਰ ਅਤੇ ਦੁਰਗਾ ਦਾਸ ਦੀ ਨਕਲ ਲਾਉਣਾ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ।
ਕਮਲਜੀਤ ਸਿੰਘ ਵਿਰਕ ਨਡਾਲੇ ਕਾਲਜ ਵਿੱਚ ਪੜ੍ਹਦਿਆਂ ਪੀ.ਐਸ.ਯੂ.ਨਾਲ ਜੁੜ ਗਿਆ। ਭਾਸ਼ਣ ਕਲਾ ਦਾ ਮਾਹਿਰ, ਨਡਾਲਾ, ਬੇਗੋਵਾਲ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਕਾਲਜਾਂ ਵਿੱਚ ਯੁਨਿਟਾਂ ਬਣਾ ਦਿੱਤੀਆਂ। ਪੰਜਾਬ ਯੁਨਿਟ ਦਾ ਖਜਾਨਚੀ ਬਣ ਗਿਆ। ਐਮਰਜੈਂਸੀ ਸਮੇਂ ਜੇਲ੍ਹ ਵਿੱਚ ਰਿਹਾ। 1981 ਵਿੱਚ ਅਮਰੀਕਾ ਚਲਾ ਗਿਆ।
ਡਾ.ਜਗਤਾਰ ਪੰਜਾਬੀ ਦਾ ਸੁਪ੍ਰਸਿੱਧ ਗ਼ਜ਼ਲਕਾਰ ਹੋਇਆ ਹੈ। ਰਵਿੰਦਰ ਸਹਿਰਾਅ ਨੇ ਜਗਤਾਰ ਨਾਲ ਬਿਤਾਏ ਪਲਾਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਉਹ ਨਕਸਲੀ ਲਹਿਰ ਵਿੱਚ ਸ਼ਾਮਲ ਤਾਂ ਨਹੀਂ ਸੀ ਪ੍ਰੰਤੂ ਪ੍ਰਭਾਵਤ ਜ਼ਰੂਰ ਸੀ। ਸੰਜੀਦਾ ਵਿਅਕਤੀ ਸੀ। ਉਸ ਦਾ ਜਨਮ 23 ਮਾਰਚ 1935 ਨੂੰ ਹੋਇਆ ਤੇ ਉਹ 30 ਮਾਰਚ 2010 ਨੂੰ ਸਵਰਗਵਾਸ ਹੋ ਗਿਆ। ਦੋਸਤਾਂ ਦੀਆਂ ਮਹਿਫਲਾਂ ਦਾ ਸ਼ਿੰਗਾਰ ਸੀ ਪ੍ਰੰਤੂ ਘੱਟ ਬੋਲਦਾ ਸੀ। ਕਲਮ ਦਾ ਧਨੀ ਸੀ।
ਸੰਤ ਰਾਮ ਉਦਾਸੀ ਇਨਕਲਾਬੀ ਬੋਲਾਂ ਨੂੰ ਅੰਬਰਾਂ ਤੱਕ ਪਹੁੰਚਾਉਣ ਵਾਲਾ ਸੀ। ਉਹ ਲਿਖਦਾ ਉਦਾਸੀ ‘ਤੇ ਇਨਕਲਾਬੀ ਕਵਿਤਾਵਾਂ ਲਿਖਣ ਕਰਕੇ 1974 ਦੀ ਮੋਗਾ ਹੜਤਾਲ ਸਮੇਂ ਬਹੁਤ ਤਸ਼ੱਦਦ ਹੋਇਆ। ਉਦਾਸੀ ਦਾ ਜਨਮ ਵਰਤਮਾਨ ਬਰਨਾਲਾ ਜਿਲ੍ਹੇ ਦੇ ਰਾਏਸਰ ਪਿੰਡ ਵਿੱਚ 20 ਅਪ੍ਰੈਲ 1939 ਨੂੰ ਹੋਇਆ। ਗ਼ਰੀਬੀ ਤੇ ਮੁਸੀਬਤਾਂ ਨੇ ਘੇਰੀ ਰੱਖਿਆ। ਦੁਆਬੇ ਦੇ ਪਿੰਡਾਂ ਵਿੱਚ ਗੁਰਸ਼ਰਨ ਭਾਅ ਦੇ ਨਾਟਕਾਂ ਵਿੱਚ ਆਪਣੇ ਗੀਤ ਗਾਉਂਦਾ ਸੀ।
Êਪ੍ਰੋ.ਨਿਰੰਜਨ ਸਿੰਘ ਢੇਸੀ 1968-70 ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਰਿਹਾ। ਬੇਰਿੰਗ ਕਾਲਜ ਬਟਾਲਾ ਵਿੱਚ ਲੈਕਚਰਾਰ, ਮੋਗਾ ਹੜਤਾਲ ਸਮੇਂ ਵਿਦਿਆਰਥੀਆਂ ਦਾ ਸਲਾਹਕਾਰ ਰਿਹਾ। ਜੇਲ੍ਹ ਯਾਤਰਾ ਵੀ ਕੀਤੀ। ਸੇਵਾ ਮੁਕਤੀ ਤੋਂ ਬਾਅਦ ਅਮਰੀਕਾ ਚਲਾ ਗਿਆ। ਇਸ ਸਮੇਂ ਉਹ ਸੰਸਾਰ ਵਿੱਚ ਨਹੀਂ ਹਨ।
ਅਵਤਾਰ ਸਿੰਘ ਸੰਧੂ (ਪਾਸ਼) ਨਾਲ ਆਪਣੇ ਬਿਤਾਏ ਪਲਾਂ ਬਾਰੇ ਵਿਸਤਾਰ ਪੂਰਬਕ ਲਿਖਿਆ ਹੈ। ਉਹ ਪਾਸ਼ ਦੇ ਪ੍ਰੋਗਰਾਮ ਵੀ ਕਰਵਾਉਂਦਾ ਰਿਹਾ। ਪਾਸ਼ ਨੂੰ ਵੀ ਜੇਲ੍ਹ ਜਾਣਾ ਪਿਆ। ਪਾਸ਼ ਨਕਸਲੀ ਲਹਿਰ ਦੀ ਧੜੇਬੰਦੀ ਤੋਂ ਨਿਰਾਸ਼ ਸੀ। ਪਾਸ਼ ਨੇ ਪਰਚਾ ਸਿਆੜ ਵੀ ਕੱਢਿਆ। 1985 ਵਿੱਚ ਪਾਸ਼ ਅਮਰੀਕਾ ਗਿਆ ਤੇ ‘ਐਂਟੀ ਫੋਰਟੀ ਸੈਵਨ’ ਪਰਚਾ ਕੱਢਿਆ। 9 ਸਤੰਬਰ 1950 ਨੂੰ ਜਨਮੇ ਪਾਸ਼ ਨੂੰ 23 ਮਾਰਚ 1988 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
ਅਨੂਪ ਵਿਰਕ ਯਾਰਾਂ ਦਾ ਯਾਰ, ਯਾਰਾਂ ਦੀ ਮਹਿਫਲ ਦਾ ਸ਼ਿੰਗਾਰ ਹੁੰਦਾ ਸੀ। ਆਪਣੀ ਬੇਟੀ ਕੋਲ ਅਮਰੀਕਾ ਚਲਾ ਗਿਆ। 10 ਮਈ 1944 ਨੂੰ ਪਿੰਡ ਨੱਢਾ ਜਿਲ੍ਹਾ ਗੁਜਰਾਂਵਾਲਾ ਵਿੱਚ ਪੈਦਾ ਹੋਇਆ ਤੇ 14 ਅਕਤੂਬਰ 2023 ਨੂੰ ਸਵਰਗਵਾਸ ਹੋ ਗਿਆ।
ਜਾਵੇਦ ਬੂਟਾ ਲਹਿੰਦੇ ਪੰਜਾਬ ਦਾ ਪੰਜਾਬੀ ਨੂੰ ਪਿਆਰ ਕਰਨ ਵਾਲਾ ਅਦੀਬ ਸੀ ਜਿਹੜਾ ‘ਅਕੈਡਮੀ ਆਫ ਪੰਜਾਬ ਇਨ ਨੌਰਥ ਅਮਰੀਕ’ ਬਣਾ ਕੇ ਦੋਸਤਾਂ ਦੀਆਂ ਮਿਲਣੀਆਂ ਕਰਦਾ ਰਹਿੰਦਾ ਸੀ। 10 ਜੂਨ 1946 ਨੂੰ ਸਾਂਝੇ ਪੰਜਾਬ ਵਿੱਚ ਜਨਮਿਆਂ 4 ਮਈ 2032 ਨੂੰ ਅਮਰੀਕਾ ਵਿੱਚ ਸਵਰਗਵਾਸ ਹੋ ਗਿਆ।
ਜਸਵਿੰਦਰ ਸ਼ਾਇਰ ਸਹਿਜ ਸੰਜਮ ਤੇ ਮਿੱਠ ਬੋਲੜਾ ਹੈ। ਬਾਕਮਾਲ ਦਾ ਸ਼ਾਇਰ ਹੈ। ਦੋਸਤਾਂ ਦੀਆਂ ਦੀ ਦੋਸਤੀ ਨਿਭਾਉਣ ਜਾਣਦਾ ਹੈ।
ਪੁਸਤਕ ਦਾ ਅਖ਼ੀਰਲਾ ਭਾਗ ਇੱਕ ਆਮਿਸ਼ ਫਿਰਕੇ ਦਾ ਹੈ, ਜਿਹੜਾ ਲੰਡਨ ਤੋਂ ਅਮਰੀਕਾ ਆ ਕੇ ਵਸਿਆ ਸੀ। ਉਸ ਨੂੰ ਆਮਿਸ਼ ਕੰਟਰੀ ਕਹਿੰਦੇ ਹਨ। ਉਸ ਦੀਆਂ ਪਰੰਪਰਾਵਾਂ, ਰੀਤੀ ਰਿਵਾਜ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ ਜੋ ਅਮਨ ਪਸੰਤ ਸ਼ਾਂਤਮਈ ਜੀਵਨ ਜਿਓਣ ਵਾਲੇ ਲੋਕ ਹਨ।
164 ਪੰਨਿਆਂ, 295 ਰੁਪਏ ਕੀਮਤ ਵਾਲੀ ਇਹ ਪੁਸਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
Leave a Comment
Your email address will not be published. Required fields are marked with *