ਸਪੀਕਰ ਸੰਧਵਾਂ ਦੇ ਯਤਨਾਂ ਸਦਕਾ ਪੁਲ ਜਲਦ ਹੋਵੇਗਾ ਮੁਕੰਮਲ : ਪੀ.ਆਰ.ਓ.
ਕੋਟਕਪੂਰਾ, 11 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਲੰਮੇ ਸਮੇਂ ਤੋਂ ਕੋਟਕਪੂਰਾ ਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਵਲੋਂ ਰਾਜਸਥਾਨ ਫੀਡਰ ਅਤੇ ਸਰਹਿੰਦ ਫੀਡਰ ਤੇ ਬਣੇ ਸੰਕਰੇ ਪੁਲਾਂ ਨੂੰ ਚੋੜਾ ਕਰਨ ਦੀ ਮੰਗ ਦੇ ਚਲਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੇ ਯਤਨਾਂ ਸਦਕਾ ਆਉਣ ਵਾਲੇ 6 ਮਹੀਨਿਆਂ ’ਚ 12.23 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਫਿੱਡੇ ਖੁਰਦ ਤੋਂ ਡੱਗੂਰੋਮਾਣਾ ਵਿਖੇ ਪੁਲ ਬਣ ਕੇ ਤਿਆਰ ਹੋ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਸੰਧਵਾਂ ਦੇ ਪੀ.ਆਰ.ਓ ਮਨਪ੍ਰੀਤ ਧਾਲੀਵਾਲ ਨੇ ਮੰਗਲਵਾਰ ਨੂੰ ਇਸ ਪੁਲ ਦਾ ਕੰਮ ਸ਼ੁਰੂ ਕਰਵਾਉਣ ਵੇਲੇ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ (ਫਿੱਡੇ ਖੁਰਦ ਅਤੇ ਡੱਗੂਰੋਮਾਣਾ) ਨੂੰ ਜੋੜਦਾ ਇਹ ਸੰਕਰਾ ਪੁਲ ਸੰਨ 1955 ਦਾ ਬਣਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਚੌੜਾਈ ਤਕਰੀਬਨ 12 ਫੁੱਟ ਹੋਣ ਦੇ ਕਾਰਨ ਇਸ ਉਪਰੋਂ ਭਾਰੀ ਵਾਹਨ ਜਿਵੇਂ ਕਿ ਕੰਬਾਈਨਾਂ, ਵੱਡੇ ਟਰੱਕ ਅਤੇ ਤੂੜੀ ਵਾਲੀਆਂ ਟਰਾਲੀਆਂ ਜਾਂ ਅਜਿਹੇ ਹੋਰ ਵਾਹਨ ਇਥੋਂ ਦੀ ਲੰਘ ਨਹੀਂ ਪਾਉਂਦੇ ਸਨ। ਇਸ ਨਵੇਂ ਬਣਨ ਵਾਲੇ ਪੁਲ ਸਬੰਧੀ ਵੇਰਵਾ ਸਾਂਝਾ ਕਰਦਿਆਂ ਮਨੀ ਧਾਲੀਵਾਲ ਨੇ ਦੱਸਿਆ ਕਿ ਇਸ ਵਿੱਚ ਬੁਰਜਿਆਂ ਦੀ ਥਾਂ ਤੇ ਸਟੀਲ ਅਤੇ ਲੋਹੇ ਦੀਆਂ ਰੇਲਿੰਗ ਲਗਾਉਣ ਦੀ ਤਜਵੀਜ ਹੈ ਜਿਸ ਨਾਲ ਜਿਥੇ ਇੱਕ ਪਾਸੇ ਇਹ ਜ਼ਿਆਦਾ ਮਜ਼ਬੂਤ ਹੋਵੇਗਾ ਉਥੇ ਇਸ ਦੀ ਉਸਾਰੀ ਵੀ ਜਲਦ ਕੀਤੀ ਜਾ ਸਕੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਤਾਂ ਜੋ ਆਉਣ ਵਾਲੇ ਕਈ ਸਾਲਾਂ ਤੱਕ ਇਸ ਪੁਲ ਤੋਂ ਕੰਮ ਲਿਆ ਜਾ ਸਕੇ, ਇਸ ਪੁਲ ਦੀ ਚੌੜਾਈ ਤਕਰੀਬਨ 22 ਫੁੱਟ ਰੱਖੀ ਗਈ ਹੈ। ਇਸ ਚੌੜੀ ਦੇ ਚੱਲਦਿਆਂ ਹੁਣ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹੀ ਹਰ ਤਰ੍ਹਾਂ ਦੇ ਭਾਰੀ ਵਾਹਨ ਇਸ ਨਵੇਂ ਪੁਲ ਉਪਰੋਂ ਲੰਘਣ ਯੋਗ ਹੋ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਵੇਂ ਪੁਲ ਦੀ ਉਸਾਰੀ ਨਾਲ ਇੱਕ ਪਾਸੇ ਤਾਂ ਲੋਕਾਂ ਨੂੰ ਲੰਮਾ ਰਸਤਾ ਵਲ ਕੇ ਜਾਣਾ ਪੈਂਦਾ ਸੀ ਜਿਸ ਨਾਲ ਉਨ੍ਹਾਂ ਤੇ ਵਾਧੂ ਮਾਲੀ ਬੋਝ ਪੈਂਦਾ ਸੀ ਅਤੇ ਨਾਲ ਹੀ ਕੀਮਤੀ ਸਮਾਂ ਵੀ ਜਾਇਆ ਹੁੰਦਾ ਸੀ। ਇਨਾਂ ਹੀ ਨਹੀਂ ਕੜਾਕੇ ਦੀ ਠੰਢ, ਧੁੰਦ ਅਤੇ ਅਤਿਅੰਤ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਖੱਜਲ ਖੁਆਰੀ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਇਸ ਪੁਲ ਦੇ ਬਣਨ ਨਾਲ ਲੋਕਾਂ ਨੂੰ ਇਨ੍ਹਾਂ ਸਾਰੀਆਂ ਚੀਜਾਂ ਤੋਂ ਨਿਜਾਤ ਮਿਲੇਗੀ। ਇਸ ਮੌਕੇ ਆਸ-ਪਾਸ ਦੇ ਪਿੰਡਾਂ ਤੋਂ ਇਕਤਰ ਹੋਏ ਲੋਕਾਂ ਦੇ ਨਾਲ ਗੱਲ ਬਾਤ ਕਰਦਿਆਂ ਮਨੀ ਧਾਲੀਵਾਲ ਨੇ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਕਈ ਦਹਾਕੇ ਪੁਰਾਣੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਇਲਾਕੇ ਦੀ ਨੁਹਾਰ ਨੂੰ ਬਦਲਣ ਲਈ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਨਿੱਜੀ ਦਿਲਚਸਪੀ ਲਈ ਹੈ। ਇਹ ਉਨ੍ਹਾਂ ਦੀ ਮਿਹਨਤ ਸਦਕਾ ਹੀ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਸਕਿਆ ਹੈ। ਇਨਾਂ ਹੀ ਨਹੀਂ ਇਸ ਪੁਲ ਦੀ ਉਸਾਰੀ ਦਾ ਕੰਮ ਆਉਣ ਵਾਲੇ ਤਕਰੀਬਨ 6 ਮਹੀਨਿਆਂ ਦੇ ਵਿੱਚ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਆਮ ਲੋਕਾਂ ਦੀ ਟੈਕਸ ਦੇ ਰੂਪ ਵਿੱਚ ਦਿੱਤੇ ਗਏ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਨਾਲ ਹੀ ਅਜਿਹੇ ਕੰਮ ਹਲਕਾ ਕੋਟਕਪੂਰਾ ਵਿਖੇ ਮੁਕੰਮਲ ਕੀਤੇ ਜਾ ਰਹੇ ਹਨ। ਇਸ ਮੌਕੇ ਮਨਦੀਪ ਸਿੰਘ ਮੌਗਾ ਸੈਕਟਰੀ ਰੈੱਡ ਕਰਾਸ ਸੁਸਾਇਟ ਫਰੀਦਕੋਟ, ਅਮਰੀਕ ਸਿੰਘ ਡੱਗੂਰੋਮਾਣਾ, ਸੁਖਦੇਵ ਸਿੰਘ ਫੌਜੀ, ਹਾਕਮ ਸਿੰਘ ਢੀਮਾਂਵਾਲੀ, ਬਾਬੂ ਸਿੰਘ ਖਾਲਸਾ, ਮਾ. ਹਰਦੀਪ ਸਿੰਘ, ਕੇ.ਸੀ. ਸੰਜੇ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।