‘ਮੰਜ਼ਿਲਾਂ ਦੇ ਸਿਰਨਾਵੇਂ’ ਨੂੰ ਸਰੋਤੇ ਖਿੜੇ ਮੱਥੇ ਪ੍ਰਵਾਨ ਕਰਨਗੇ : ਜਸਵੀਰ ਸਿੰਘ ਭਲੂਰੀਆ
ਹਰ ਲੇਖਕ ਦਾ ਫਰਜ਼ ਹੈ ਨੌਜਵਾਨਾਂ ਨੂੰ ਮੰਜ਼ਿਲ ਦਿਖਾਵੇ : ਦੇਵ ਸੰਘਾ
ਕੋਟਕਪੂਰਾ, 29 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੈਨੇਡਾ ਦੇ ਖੂਬਸੂਰਤ ਸ਼ਹਿਰ ਸਰੀ ਵਿੱਚ ਵੱਸਦੇ ਫਨਕਾਰ ਰਾਜਾ ਰਣਜੋਧ ਅਤੇ ਗੀਤਕਾਰ ਦੇਵ ਸੰਘਾ ਦੀ ਜੋੜੀ ਨੇ ਬਰਿਸ਼ਟ ਕਲੰਬੀਆ ਦੀ ਖੂਬਸੂਰਤ ਬਹਾਰ ਵਰਗਾ ਗੀਤ ਹੁਣੇ ਹੁਣੇ ਪੇਸ਼ ਕੀਤਾ ਹੈ। ਇਹ ਗੀਤ ਸੰਜੀਦਾ ਸ਼ਾਇਰੀ ਅਤੇ ਸੰਜੀਦਾ ਗਾਇਕੀ ਨੂੰ ਪਸੰਦ ਕਰਨ ਵਾਲੇ ਪੰਜਾਬੀ ਸਰੋਤਿਆਂ ਦੀ ਪਹਿਲੀ ਪਸੰਦ ਬਣੇਗਾ, ਕਿਉਂਕਿ ਹਲਕੇ ਫੁਲਕੇ ਅਤੇ ਸ਼ੋਰਸ਼ਰਾਬੇ ਵਾਲੇ ਗੀਤ ਤਾਂ ਧੜਾਧੜ ਰਲੀਜ਼ ਹੋ ਰਹੇ ਹਨ ਪਰ ਰੂਹ ਦੀ ਖੁਰਾਕ ਬਣਨ ਵਾਲਾ ਗੀਤ ਟਾਵਾਂ-ਟਾਵਾਂ ਹੀ ਸੁਣਨ ਨੂੰ ਮਿਲਦਾ ਹੈ। ਇਸ ਗੀਤ ਤੋਂ ਪਹਿਲਾਂ ਇਸ ਜੋੜੀ ਨੇ ‘ਕੈਸੀ ਤੇਰੀ ਲੀਲਾ’ ਬਹੁਤ ਪਿਆਰਾ ਗੀਤ ਪੇਸ਼ ਕੀਤਾ ਸੀ। ਜਿਸ ਨੂੰ ਪੰਜਾਬੀ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ ਹੈ। ‘ਮੰਜ਼ਿਲਾਂ ਦੇ ਸਿਰਨਾਵੇਂ’ ਦੇਵ ਸੰਘਾ ਦੇ ਖੂਬਸੂਰਤ ਅਲਫਾਜ਼ , ਰਾਜਾ ਰਣਜੋਧ ਦੀ ਸੁਰੀਲੀ ਅਵਾਜ਼, ਸਾਦਾ ਅਤੇ ਨਿਵੇਕਲੇ ਅੰਦਾਜ਼ ਦਾ ਸੁਮੇਲ ਹੈ। ਦੇਵ ਸੰਘਾ ਨੇ ਇਸ ਗੀਤ ਰਾਹੀਂ ਜ਼ਿੰਦਗੀ ਦੀ ਮੰਜ਼ਿਲ ਤੋਂ ਭਟਕੀ ਹੋਈ ਨੌਜਵਾਨ ਪੀੜੀ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਨਿੱਗਰ ਸਨੇਹਾ ਦਿੱਤਾ ਹੈ। ਜਦੋਂ ਕਿ ਨਸ਼ਿਆਂ ਅਤੇ ਹਥਿਆਰਾਂ ਵਾਲੇ ਗੀਤ ਸਾਡੀ ਨਵੀਂ ਪੀੜੀ ਨੂੰ ਜ਼ਿੰਦਗੀ ਦੇ ਰਸਤੇ ਤੋਂ ਭਟਕਾ ਰਹੇ ਹਨ। ਦੇਵ ਸੰਘਾ ਨੇ ਇਸ ਗੀਤ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਡੀ ਸਾਰੀ ਟੀਮ ਨੇ ਆਪਣਾ ਬਣਦਾ ਫਰਜ਼ ਨਿਭਾਇਆ ਹੈ। ਹਰ ਲੇਖਕ ਦਾ ਹੀ ਫਰਜ਼ ਬਣਦਾ ਹੈ ਕਿ ਨਵੀਂ ਪੀੜੀ ਨੂੰ ਉਸ ਦੀ ਮੰਜ਼ਿਲ ਦਿਖਾਵੇ। ਰਾਜਾ ਰਣਜੋਧ ਨੇ ਵੀ ਆਪਣੇ ਵੱਖਰੇ ਅੰਦਾਜ਼ ਰਾਹੀਂ ਇਹ ਸੁਨੇਹਾ ਪੰਜਾਬੀ ਸਰੋਤਿਆਂ ਤੱਕ ਪੁਜਦਾ ਕੀਤਾ ਹੈ। ਬਹੁਤ ਹੀ ਪਿਆਰਾ ਸੰਗੀਤ ਮੈਡ ਮਿਕਸ ਦਾ ਹੈ। ਗੀਤ ਦੇ ਬੋਲਾਂ ਮੁਤਾਬਕ ਹੀ ਬਸੰਤ ਸਿੰਘ ਨੇ ਵੀਡੀਓ ਸਟੋਰੀ ਤਿਆਰ ਕੀਤੀ ਹੈ। ਇਸ ਖੂਬਸੂਰਤ ਅਤੇ ਪਿਆਰੀ ਪੇਸ਼ਕਸ਼ ਲਈ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। ਇਹ ਸਾਰਾ ਪ੍ਰੋਜਿਕਟ ਪ੍ਰਸਿੱਧ ਪਰਮੋਟਰ ਸ੍ਰੀ ਇਕਬਾਲ ਮਾਹਲ ਜੀ ਅਤੇ ਨਦੀਮ ਪਰਮਾਰ ਜੀ ਦੇ ਅਸ਼ੀਰਵਾਦ ਨਾਲ ਤਿਆਰ ਕੀਤਾ ਗਿਆ। ਦੇਵ ਬ੍ਰਦਰਜ਼ ਐਬਡਟਫੋਰਡ (ਕੋਟਕਪੂਰੇ ਵਾਲੇ) ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਹੈ। ਅਸੀਂ ਇਸ ਪਿਆਰੀ, ਨਿਆਰੀ,ਸੁਚੱਜੇ ਢੰਗ ਨਾਲ ਸ਼ਿੰਗਾਰੀ ਪੇਸ਼ਕਾਰੀ ਦਾ ਸਵਾਗਤ ਕਰਦੇ ਹਾਂ ਅਤੇ ਸੰਸਾਰ ਭਰ ਵਿੱਚ ਵੱਸਦੇ ਪੰਜਾਬੀ ਸਰੋਤਿਆਂ ਵੱਲੋਂ ਵੀ ਤਵੱਕੋ ਕਰਦੇ ਹਾਂ ਕਿ ਇਸ ਉਸਾਰੂ ਗੀਤ ਨੂੰ ਜੀ ਆਇਆਂ ਕਹਿਣਗੇ।
Leave a Comment
Your email address will not be published. Required fields are marked with *