ਚਾਰ ਸੈਂਪਲ ਭਰੇ, ਚਾਰਾਂ ਦੀ ਸੇਲ ਬੰਦ ਅਤੇ ਕਾਰਵਾਈ ਜਾਰੀ : ਮੁੱਖ ਖੇਤੀਬਾੜੀ ਅਫਸਰ
ਫਰੀਦਕੋਟ, 16 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਹੁਕਮਾਂ ਅਨੁਸਾਰ ਡਾਇਰੈਕਟਰ ਖੇਤੀਬਾੜੀ ਪੰਜਾਬ ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦਾਂ ਅਤੇ ਦਵਾਈਆਂ ਦੀ ਸਹੀ ਸਪਲਾਈ ਕਰਵਾਉਣ ਲਈ ਪੰਜਾਬ ਪੱਧਰੀ ਉਡਣ ਦਸਤਿਆਂ ਦਾ ਗਠਿਨ ਕੀਤਾ ਗਿਆ। ਜਿਸ ਅਨੁਸਾਰ ਜ਼ਿਲ੍ਹਾ ਫਰੀਦਕੋਟ ਵਿੱਚ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਵੱਲੋਂ ਖਾਦਾਂ ਅਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ, ਮਾਰਕੀਟਿੰਗ ਏਜੰਸੀਆਂ ਅਤੇ ਡੀਲਰਾਂ ਦੀਆਂ ਦੁਕਾਨਾਂ ਅਤੇ ਗੁਦਾਮਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ 10 ਕਾਰੋਬਾਰੀ ਚੈੱਕ ਕੀਤੇ। ਉਨਾਂ ਵਿੱਚੋਂ ਚਾਰ ਸੈਂਪਲ ਭਰੇ ਅਤੇ ਚਾਰਾਂ ਦੀ ਸੇਲ ਬੰਦ ਕਰ ਦਿੱਤੀ ਅਤੇ ਸ਼ੱਕੀ ਇਨਪੁੱਟਸ ਦੇ ਹੋਰ ਸੈਂਪਲ ਭਰਨ ਦੀ ਕਾਰਵਾਈ ਅਜੇ ਜਾਰੀ ਹੈ। ਸੰਯੁਕਤ ਡਾਇਰੈਕਟਰ ਵੱਲੋਂ ਦੱਸਿਆ ਗਿਆ ਕਿ ਮਿਆਰੀ ਖਾਦਾਂ ਅਤੇ ਦਵਾਈਆਂ ਦੀ ਵਿਕਰੀ ਲਈ ਇਹ ਚੈਕਿੰਗ ਲਗਾਤਾਰ ਕੀਤੀ ਜਾਵੇਗੀ ਅਤੇ ਉਹਨਾਂ ਤਾੜਨਾ ਕੀਤੀ ਕਿ ਯੂਰੀਆ ਖਾਦ ਮੌਜੂਦ ਹੋਣ ਤੇ ਕਿਸੇ ਨੂੰ ਜਵਾਬ ਨਾ ਦਿੱਤਾ ਜਾਵੇ। ਕੋਈ ਵਸਤੂ ਟੈਗ ਨਾ ਕੀਤੀ ਜਾਵੇ। ਸਟਾਕ ਬੋਰਡ ਅਤੇ ਰਜਿਸਟਰ ਪੂਰੇ ਰੱਖੇ ਜਾਣ ਅਤੇ ਪੱਕੇ ਪੂਰੇ ਬਿੱਲ ਕੱਟ ਕੇ ਕਿਸਾਨਾਂ ਨੂੰ ਦਿੱਤੇ ਜਾਣ। ਇਸ ਟੀਮ ਦੇ ਦੌਰੇ ਸਮੇਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਡੀਲਰਾਂ ਨੂੰ ਹਦਾਇਤ ਕੀਤੀ ਕਿ ਗਲਤ ਕੰਮ ਅਤੇ ਕਾਲਾ ਬਜ਼ਾਰੀ ਕਰਨ ਵਾਲੇ ਵਿਕਰੇਤਾਵਾਂ ਖਿਲਾਫ ਐਕਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਹਿਕਾਰੀ ਸਭਾਵਾਂ ਵੀ ਆਪਣਾ ਕਾਰੋਬਾਰ ਨਿਯਮਾਂ ਅਨੁਸਾਰ ਕਰਨਾ ਯਕੀਨੀ ਬਣਾਉਣ। ਇਸ ਦੌਰੇ ਦੌਰਾਨ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਬਖਸ਼ੀਸ਼ ਸਿੰਘ ਰੰਧਾਵਾ, ਡਾ. ਨਵਪ੍ਰੀਤ ਸਿੰਘ, ਡਾ. ਪਰਿੰਸ਼ਦੀਪ,ਡਾ. ਰਣਬੀਰ ਸਿੰਘ ਸਮੇਤ ਸਹਾਇਕ ਸਟਾਫ ਹਾਜ਼ਰ ਸਨ।
Leave a Comment
Your email address will not be published. Required fields are marked with *