ਕੋਟਕਪੂਰਾ, 20 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਦੀ ਯੋਗ ਸਰਪ੍ਰਸਤੀ ਅਤੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ, ਸਹਾਇਕ ਡਾਇਰੈਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਚੱਲ ਰਹੀ ਰਾਜ ਪੱਧਰੀ ਯੁਵਕ ਸਿਖਲਾਈ ਵਰਕਸ਼ਾਪ ਦੌਰਾਨ ਪੰਜਾਬ ਦੇ ਨਾਮਵਰ ਲੋਕ ਗਾਇਕ ਹਰਿੰਦਰ ਸੰਧੂ ਅਤੇ ਸਰਕਾਰੀ ਮਿਡਲ ਸਕੂਲ ਪੱਕਾ ਦੇ ਮੁਖੀ/ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਬਤੌਰ ਰਿਸੋਰਸ ਪਰਸਨ ਸ਼ਾਮਲ ਹੋਏ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਕੁਲਵਿੰਦਰ ਸਿੰਘ ਨੇ ਦੋਹਾਂ ਰਿਸੋਰਸ ਪਰਸਨਜ਼ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਇਸ ਵਰਕਸ਼ਾਪ ’ਚ ਪੰਜਾਬ ਦੇ 23 ਜਿਲਿਆਂ ਤੋਂ 5-5 ਨੌਜਵਾਨ ਲੜਕੇ ਭਾਗ ਲੈ ਰਹੇ ਹਨ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਦੀ ਸਖ਼ਸ਼ੀਅਤ ’ਚ ਨਿਖਾਰ ਲਿਆਉਣਾ, ਉਨ੍ਹਾਂ ਨੂੰ ਸਮਾਜਿਕ ਕੁਰੀਤੀਆਂ ਖਿਲਾਫ਼ ਡੱਟਣ ਵਾਸਤੇ ਪ੍ਰੇਰਿਤ ਕਰਨਾ, ਸਮਾਜ ਨੂੰ ਉਸਾਰੂ ਸੇਧ ਦੇਣ ਲਈ ਤਿਆਰ ਕਰਦਿਆਂ ਵਿਦਿਆਰਥੀਆਂ ਤਿ ਸਰਵਪੱਖੀ ਵਿਕਾਸ ਕਰਨਾ ਹੈ। ਇਸ ਮੌਕੇ ਸਰਕਾਰੀ ਮਿਡਲ ਸਕੂਲ ਪੱਕਾ ਦੇ ਮੁਖੀ ਜਸਬੀਰ ਸਿੰਘ ਜੱਸੀ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚ ਮਨਪਸੰਦ ਕਿੱਤਾ ਚੁਨਣ ਵਾਸਤੇ ਟੀਚਾ ਨਿਰਧਾਰਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਇਨਸਾਨ ਆਪਣੇ ਮਨਪਸੰਦ ਕਿੱਤੇ ਨੂੰ ਚੁਣਦਾ ਹੈ ਤਾਂ ਉਹ ਆਪਣੇ ਜੀਵਨ ਦੇ ਬਹੁਤੇ ਹਿੱਸੇ ’ਚ ਜਿੱਥੇ ਆਪਣੇ ਕਿੱਤੇ ਨਾਲ ਇਨਸਾਫ਼ ਕਰਦਾ ਹੈ, ਉੱਥੇ ਉਸ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਸੁਤੰਸ਼ਟੀ ਹੁੰਦੀ ਹੈ। ਇਸ ਦੇ ਨਾਲ-ਨਾਲ ਉਸ ਇਨਸਾਨ ਦੀ ਆਰਥਿਕਤਾ ਵੀ ਵਧੀਆ ਰਹਿੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ’ਚ ਪੜਾਈ ਦੇ ਨਾਲ-ਨਾਲ ਬਹੁਤ ਸਾਰੀਆਂ ਸਕਿੱਲ ਨੂੰ ਆਪਣੇ ਨਿੱਤ ਪ੍ਰਤੀ ਜੀਵਨ ਦਾ ਹਿੱਸਾ ਬਣਾਉਣ ਵਾਸਤੇ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਪੰਜਾਬ ਦੇ ਲੋਕ ਗਾਇਕ ਹਰਿੰਦਰ ਸੰਧੂ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਧਾਰਮਿਕ ਗੀਤ ‘ਚਰਚਾ ਘਰ-ਘਰ ਵਿਚ ਸਰਹਿੰਦ ਦੇ ਸਾਕੇ ਦੀ’ ਸ਼ੁਰੂਆਤ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਸ਼ੁਰੂਆਤੀ ਦੌਰ, ਸੰਘਰਸ਼, ਜੀਵਨ ’ਚ ਸਥਾਪਤੀ ਵਾਸਤੇ ਕੀਤੀ ਕਰੜੀ ਮਿਹਨਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਫ਼-ਸੁਥਰੇ ਗੀਤ ਉਸ ਦੀ ਪਹਿਲੀ ਪਸੰਦ ਰਹੇ ਹਨ। ਇਹੀ ਕਾਰਨ ਹੈ ਬਹੁਤ ਲੰਬੇ ਸਮੇਂ ਤੋਂ ਉਹ ਗਾਇਕੀ ’ਚ ਇੱਕ ਵਿਸ਼ੇਸ਼ ਸਥਾਨ ਤੇ ਟਿਕੇ ਹੋਏ ਹਨ। ਇਸ ਮੌਕੇ ਹਰਿੰਦਰ ਸੰਧੂ ਨੇ ਚੰਗਾ ਸਮਾਂ, ਜੇ ਪੁੱਤਰ ਮਿਠੜੇ ਮੇਵੇ-ਧੀਆਂ ਮਿਸ਼ਰੀ ਡਲੀਆਂ, ਲਿਫ਼ਾਫ਼ੇ, ਆਪਣੇ ਮਾਂ-ਪਿਓ ਦੀ ਸੇਵਾ ਗੀਤ ਪੇਸ਼ ਕਰਕੇ ਚੰਗਾ ਸੁਣਨ ਵਾਸਤੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਕੁਲਵਿੰਦਰ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਰੁਪਿੰਦਰ ਕੌਰ ਅਤੇ ਕੈਂਪ ਦੀ ਪ੍ਰਬੰਧਕੀ ਟੀਮ ਨੇ ਲੋਕ ਗਾਇਕ ਹਰਿੰਦਰ ਸੰਧੂ ਅਤੇ ਜਸਬੀਰ ਸਿੰਘ ਜੱਸੀ ਨੂੰ ਸਨਮਾਨਿਤ ਕੀਤਾ।
Leave a Comment
Your email address will not be published. Required fields are marked with *