ਲੇਖਕਃ ਅਸਗਰ ਵਜਾਹਤ
ਪੰਜਾਬੀ ਰੂਪਃ ਮਹਿੰਦਰ ਜੈਤੋ
ਅਜਾਦੀ ਤੋਂ ਬਾਦ ਵਕਤ ਨੇ ਦੋ ਵੱਡੇ ਸਬਕ ਹੁਣ ਤੱਕ ਪੰਜਾਬੀਆਂ ਲਈ ਛੱਡੇ ਸਨ। ਇਕ 1947 ਦੀ ਵੰਡ ਦਾ ਦਰਦ ਤੇ ਦੂਸਰਾ 1984 ਦਾ ਕਤਲੇਆਮ। ਦੋਵੇ ਵਿਸ਼ੇ ਨੌਜੁਆਨਾਂ ਲਈ ਸਮਝਣ ਤੇ ਸਿੱਖਣ ਵਾਲੇ ਨੇ ਕਿਉਕਿ ਇਹ ਦੁਬਾਰਾ ਨਾ ਵਾਪਰਨ ਸੋ ਸਾਨੂੰ ਇਹਨਾਂ ਘਟਨਾਵਾਂ ਨੂੰ ਗਹਿਰਾਈ ਨਾਲ ਪੜ੍ਹਨ ਸਮਝਣ ਅਤੇ ਇਹਨਾ ਤੇ ਚਰਚਾ ਕਰਨੀ ਜਿੰਮੇਵਾਰ ਅਵਾਮ ਦੀ ਅਣਸਰਦੀ ਲੋੜ ਏ।
ਸੰਤਾਲੀ ਨੇ ਜਿੱਥੇ ਵਿਸ਼ਾਲ ਪੰਜਾਬ ਦਾ ਲੱਕ ਤੋੜਿਆ ਉਥੇ ਇਸ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਅਸਰ ਅੱਜ ਅਜਾਦੀ ਦੇ ਸੱਤ ਦਹਾਕੇ ਬੀਤ ਜਾਣ ਤੋਂ ਬਾਦ ਵੀ ਸਾਫ ਨਜ਼ਰ ਆਉਂਦੇ ਨੇ।
ਇਸ ਸਭ ਨੂੰ ਸਮਝਣ ਲਈ ਦਿਮਾਗ ਖੁੱਲ੍ਹੇ ਰੱਖ ਕੇ ਸਾਨੂੰ ਉਸ ਸਮੇਂ ਦੀਆਂ ਘਟਨਾਵਾਂ ਵਿਚ ਆਪਣੇ ਆਪ ਨੂੰ ਰੱਖ ਕੇ ਵੇਖਣਾ ਪਵੇਗਾ।
ਅਸਗਰ ਵਜਾਹਤ ਹੋਰਾਂ ਦੇ ਨਾਵਲਿਟ “ਚਹਾਰ ਦਰ” ਜਿਸ ਨੂੰ ਮਹਿੰਦਰ ਜੈਤੋ ਜੀ ਨੇ ਪੰਜਾਬੀ ਅਨੁਵਾਦ “ਰਾਵੀ ਵਿਰਸਾ” ਦੇ ਰੂਪ ਵਿਚ ਸਾਡੇ ਪਾਠਕਾਂ ਸਾਹਮਣੇ ਰੱਖਿਆ ਏ।
ਕਿਉਂਕਿ ਪਾਕਿਸਤਾਨ ਨਾਲ ਸਬੰਧਿਤ ਕੋਈ ਵੀ ਲਿਖਤ ਮੇਰੇ ਲਈ ਬੇਸ਼ਕੀਮਤੀ ਏ, ਪਾਕਿਸਤਾਨ ਵੱਲੋਂ ਆਉਂਦੀ ਹਵਾ, ਮੇਰੇ ਲਈ ਕੋਈ ਸੁਨੇਹਾ ਲਿਆਉਂਦੀ ਪ੍ਤੀਤ ਹੁੰਦੀ ਏ, ਤੇ ਏਧਰੋਂ ਰਾਵੀ ਦਾ ਪਾਣੀ ਜਿਵੇ ਸਾਡੇ ਅਹਿਸਾਸ ਪਾਕਿਸਤਾਨੀ ਭਰਾਵਾਂ ਲਈ ਡਾਕੀਏ ਦਾ ਕੰਮ ਕਰਦਾ ਮਹਿਸੂਸ ਹੁੰਦਾ ਏ। ਇਹ ਸਭ ਸ਼ਾਇਦ ਇਸ ਕਰਕੇ ਮਹਿਸੂਸ ਹੁੰਦਾ ਏ ਕਿਉਕਿ ਮੇਰੇ ਵੱਡ ਵਡੇਰਿਆਂ ਦੀ ਜਨਮ ਤੇ ਕਰਮ ਭੂਮੀ ਫੈਸਲਾਬਾਦ ਪਾਕਿਸਤਾਨ ਰਹੀ ਏ। ਮੇਰੇ ਦਾਦਾ ਜੀ ਦੀਆ ਅਨੇਕਾਂ ਯਾਦਾ ਟੋਭਾ ਟੇਕ ਸਿੰਘ” ਨਾਲ ਜੁੜੀਆਂ ਹੋਈਆ ਸਨ। “ਰਾਵੀ ਵਿਰਸਾ” ਏਸੇ ਹੀ ਤਰਾਂ ਦੀ ਇਕ ਬਹੁਤ ਕੀਮਤੀ ਵਿਰਾਸਤ ਏ ਜੋ ਅਸਗਰ ਵਜਾਹਤ ਜੀ ਨੇ ਪਾਠਕਾਂ ਨੂੰ ਦਿੱਤੀ ਹੈ ਤੇ ਮਹਿੰਦਰ ਜੈਤੋ ਜੀ ਨੇ ਸ਼ਾਨਦਾਰ ਪੰਜਾਬੀ ਅਨੁਵਾਦ ਕਰਕੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਏ।
ਉਪਰੋਕਤ ਨਾਵਲਿਟ ਨੇ ਜਿਵੇਂ ਕਰੀਬ ਦੋ ਸਾਲ ਮੇਰੀ ਲਾਇਬੇ੍ਰੀ ਵਿਚ ਪਏ ਰਹਿਣ ਤੋਂ ਬਾਦ ਮੈਨੂੰ ਅਵਾਜ਼ ਮਾਰੀ ਹੋਵੇ। ਪਰ ਜਿਵੇਂ ਹੀ ਸ਼ੁਰੂ ਕੀਤਾ, ਇਸ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ। ਮਨੁੱਖੀ ਭਾਵਨਾਵਾਂ ਦਾ ਭਰ ਵਗਦਾ ਦਰਿਆ ਜੋ ਕਿ ਧਰਮਾਂ ਤੇ ਜਾਤਾਂ ਤੋਂ ਜਿਥੇ ਉਪਰ ਉਠਦਾ ਹੀ ਏ ਨਾਲ ਦੀ ਨਾਲ ਇਨਸਾਨਾ ਰਾਹੀ ਕੀਤੀ ਗੈਰ ਕੁਦਰਤੀ ਵੰਡ ਨੂੰ ਵੀ ਵੰਗਾਰਦਾ ਪ੍ਰਤੀਤ ਹੁੰਦਾ ਏ।
ਨਾਵਲਿਟ ਪਾਠਕ ਨੂੰ ਘਟਨਾਵਾਂ ਦੇ ਵਹਿਣ ਵਿਚ ਏਦਾ ਵਹਾ ਕੇ ਲੈ ਜਾਂਦਾ ਏ ਜਿਵੇਂ ਪਾਠਕ ਦੇ ਸਾਹਮਣੇ ਹੀ ਸਾਰਾ ਕੁਝ ਵਾਪਰ ਰਿਹਾ ਹੋਵੇ।
ਇਹ ਨਾਵਲਿਟ ਬੇਹੱਦ ਜਰੂਰੀ ਸਵਾਲ ਸਾਡੇ ਸਾਹਮਣੇ ਖੜੇ ਕਰਦਾ ਏ ਜਿੰਨਾ ਦਾ ਸਾਡੇ ਦੋਵਾਂ ਦੇਸ਼ਾਂ ਦੇ ਰਾਜਨੀਤਿਕ ਰਹਿਬਰਾਂ ਕੋਲ ਕੋਈ ਜੁਆਬ ਨਹੀ। ਉਹਨਾਂ ਨੇ ਹੁਣ ਤੱਕ ਤਾਰਬੰਦੀ, ਗੋਲੀ, ਕਤਲ, ਜੰਗਾਂ ਵਿਚੋ ਇਹਨਾਂ ਸੁਆਲਾਂ ਦਾ ਹੱਲ ਲੱਭਣ ਦਾ ਯਤਨ ਕੀਤਾ ਏ। ਸਪ਼ਸ਼ਟ ਏ ਕਿ ਉਹ ਸੁਆਲਾਂ ਦੇ ਜੁਆਬ ਲੱਭਣ ਵਿਚ ਪੂਰੀ ਤਰਾਂ ਫੇਲ ਰਹੇ ਹਨ।
ਸੁਆਲਾਂ ਤਵੱਜ਼ੋ ਮੰਗਦੇ ਨੇ
ਕੋਈ ਵੀ ਮੁਲਕ ਜੇ ਮਜ਼ਹਬ ਦੇ ਅਧਾਰ ਤੇ ਹੋਂਦ ਵਿਚ ਆਉਂਦਾ ਏ ਤਾਂ ਬੰਗਲਾਦੇਸ਼ ਦਾ ਹੋਂਦ ਵਿਚ ਆਉਣ ਦਾ ਕੀ ਕਾਰਨ ਸੀ? ਅੰਮਿ੍ਤਸਰ ਤੋਂ ਲਾਹੌਰ ਕਰੀਬ ਕਰੀਬ ਪੰਜਾਹ ਕਿਲੋਮੀਟਰ ਹੋਉ, ਪਰ ਵੱਡੀਆਂ ਵੱਡੀਆਂ ਕਾਰਾਂ ਵਾਲੇ ਲੋਕਾਂ ਲਈ ਵੀ ਲਾਹੌਰ ਏਡਾ ਵੱਡਾ ਸੁਪਨਾ ਕਿਉਂ ਬਣਾ ਦਿੱਤਾ ਗਿਆ?
ਜੇ ਵੱਡੇ ਛੋਟੇ ਮੰਤਰੀ ਸੰਤਰੀ ਤੋਂ ਲੈ ਕੇ ਸਰਕਾਰੀ ਅਧਿਕਾਰੀ ਸਰਹੱਦਾਂ ਪਾਰ ਕਰਦੇ ਨੇ ਤਾਂ ਆਮ ਲੋਕਾਂ ਨੂੰ ਸਰਹੱਦਾ ਦੇ ਆਰ ਪਾਰ ਜਾਣ ਦਾ ਮੌਕਾ ਕਿਓਂ ਨੀ ਮਿਲਦਾ?
ਜੇ ਦੇਸ਼ਾਂ ਦੀਆਂ ਜੜ੍ਹਾ ਵੀ ਹੁੰਦੀਆਂ ਨੇ ਤੇ ਉਹ ਆਪਣੀਆਂ ਜੜ੍ਹਾਂ ਨਾਲੋਂ ਕੱਟੇ ਜਾਣ ਪਿੱਛੋਂ ਜਿਉਂ ਨਹੀ ਸਕਦੇ ਤਾਂ ਪਾਕਿਸਤਾਨ ਦੀ ਜੜ੍ਹ ਕਿਹੜੀ ਹੋਈ ਤੇ ਭਾਰਤ ਦੀਆਂ ਜੜ੍ਹਾਂ ਕਿਹੜੀਆਂ ਨੇ?
ਇਹਨਾਂ ਕੁਝ ਸਵਾਲਾਂ ਤੋਂ ਬਿਨਾਂ ਲੇਖਕ ਆਪਣੇ ਪਾਤਰਾਂ ਸਾਯਿਮਾ ਖਾਨ, ਸਤਬੀਰ, ਗੁਰਜੋਤ, ਅਤੇ ਇਸ ਨਾਵਲਿਟ ਦੀ ਰੀੜ ਦੀ ਹੱਡੀ “ਸ਼ੇਰ ਅਲੀ ” ਰਾਹੀਂ ਅਜਨਾਲੇ ਦੇ ਸਰਹੱਦੀ ਖੇਤਰ ਦੇ ਪਿੰਡਾਂ ਦੀ ਝਲਕ ਬਾਖੂਬੀ ਪਾਉਂਦਾ ਹੈ।
ਸਤਬੀਰ ਰਾਹੀਂ ਉਹ ਪਾਕਿਸਤਾਨੀ ਪੰਜਾਬ ਦੇ ਓਕਾੜੇ ਵਿਚਲੇ “ਸਤਘਰਾ” ਬਾਰੇ ਵੀ ਪਾਠਕਾਂ ਨੂੰ ਚਾਨਣ ਕਰਾਉਂਦਾ ਏ। ਇਸੇ ਸਤਬੀਰ ਦੇ ਰਾਹੀਂ ਦੋਵਾਂ ਪੰਜਾਬਾਂ ਦੇ ਲੋਕਾਂ ਦੇ ਆਪਸੀ ਪਿਆਰ ਦਾ ਜਦੋਂ ਚਿਤਰਣ ਹੁੰਦਾ ਹੈ ਤਾਂ ਪਾਠਕਾਂ ਦੀਆਂ ਅੱਖਾਂ ਨਮ ਹੋ ਜਾਣੀਆਂ ਕੁਦਰਤੀ ਨੇ। ਦੋਵਾਂ ਪੰਜਾਬਾਂ ਦੇ ਲੋਕਾਂ ਦੀ ਆਪਸੀ ਖਿੱਚ ਬਾਰੇ ਨਾਵਲਿਟ ਸੋਹਣੀ ਗੱਲ ਕਰਨ ਵਿਚ ਕਾਮਯਾਬ ਹੁੰਦਾ ਏ।
ਸਾਯਮਾ ਰਾਹੀਂ ਹੀ ਉਹ ਅੰਮਿ੍ਤਸਰ ਦੇ ਕੂਚੇ ਗਲੀਆਂ ਜਿੰਨਾ ਦਾ ਗੂੜਾ ਸਬੰਧ ਮਸ਼ਹੂਰ ਅਫ਼ਸਾਨਾ ਨਿਗਾਰ ਸਆਦਤ ਹਸਨ “ਮੰਟੋ” ਨਾਲ ਰਿਹਾ ਹੈ, ਨੂੰ ਵੀ ਪਾਠਕਾਂ ਦੇ ਅੱਗੇ ਜੀਵੰਤ ਕਰ ਦੇਂਦਾ ਏ। ਇਸ ਤੋਂ ਇਲਾਵਾ ਲੋਪੋਕੇ ਦੇ ਨੇੜੇ ਪ੍ਰੀਤ ਨਗਰ ਨੂੰ ਵੱਸਣ ਤੋਂ ਲੈ ਕੇ ਉਜੜਨ ਤੱਕ ਦੀ ਤਰਾਸਦੀ ਬਾਰੇ ਵੀ ਪਾਠਕਾਂ ਨੂੰ ਜਾਣਕਾਰੀ ਦੇਂਦਾ ਏ
ਅਖੀਰ ਤੇ ਮੈਨੂੰ ਇਕ ਪਾਠਕ ਅਤੇ ਅੰਮਿ੍ਤਸਰ ਵਾਸੀ ਵਜੋਂ ਜਿਹੜੀ ਗੱਲ ਨੇ ਸਭ ਤੋਂ ਵੱਧ ਟੁੰਭਿਆ , ਉਹ ਇਹ ਹੈ ਕਿ ਅੰਮਿ੍ਤਸਰ ਨੂੰ ਮੈਂ (ਜਿਹੜਾ ਹਰ ਰੋਜ਼ ਅੰਮਿ੍ਤਸਰ ਦੀਆਂ ਗਲੀਆਂ ਦੀ ਧੂੜ ਫੱਕਦਾ ਏ) ਅਜੇ ਤੱਕ ਓਨਾ ਨਹੀ ਜਾਣਦਾ ਜਿੰਨਾ ਅਸਗਰ ਵਜਾਹਤ ਜੋ ਕਿ ਯੂਪੀ ਦੇ ਫਤਿਹਪੁਰ ਜਿਲ੍ਹੇ ਜੋ ਕਿ ਅੰਮਿ੍ਤਸਰ ਤੋਂ ਕਰੀਬ 1000 ਕਿਲੋਮੀਟਰ ਦੂਰ ਏ) ਦੇ ਜੰਮਪਲ ਨੇ ਤੇ ਹੁਣ ਨੌਇਡਾ ਵਿਖੇ ਰਹਿੰਦੇ ਹਨ ਨੂੰ ਅੰਮਿ੍ਤਸਰ ਦੀ ਕੱਲੀ ਕੱਲੀ ਗਲੀ ਤੇ ਇਸ ਤੋਂ ਬਾਦ ਪਿੰਡਾਂ ਦੀਆਂ ਕੱਚੀਆਂ ਗਲੀਆਂ ਬਾਰੇ ਏਨੀ ਮਹੀਨ ਜਾਣਕਾਰੀ ਹੋਣੀ ਪਾਠਕ ਨੂੰ ਨਿਸਚਿਤ ਹੀ ਹੈਰਾਨ ਕਰਦੀ ਏ। ਖਾਸ ਤੌਰ ਤੇ ਅੰਮਿ੍ਤਸਰ ਵਾਸੀਆਂ ਨੂੰ ਇਹ ਨਾਵਲਿਟ ਬਹੁਤ ਜਰੂਰੀ ਪੜ੍ਹਨਾ ਚਾਹੀਦਾ ਹੈ ਤਾਂ ਕਿ ਘੱਟੋ ਘੱਟ ਆਪਣੇ ਸ਼ਹਿਰ ਨੂੰ ਤਾਂ ਉਹ ਜ਼ਰੂਰ ਜਾਣ ਸਕਣ
ਤੁਹਾਡਾ ਦੋਸਤ
ਕਰਮਦੀਪ