ਸਿੱਖਿਆ ਚੰਗੀ ਸਿਹਤ ਨਾਲ ਸ਼ੁਰੂ ਹੁੰਦੀ ਹੈ _ ਉੱਜਵਲ ਭਵਿੱਖ ਲਈ ਡੀ ਵਾਰਮਿੰਗ ਜ਼ਰੂਰੀ।
ਰਾਸ਼ਟਰੀ ਡੀ ਵਾਰਮਿੰਗ ਦਿਵਸ ਹਰ ਸਾਲ 10 ਫਰਵਰੀ ਨੂੰ ਸਾਰੇ ਪ੍ਰੀ ਸਕੂਲ ਅਤੇ 1 ਤੋਂ 19 ਸਾਲ ਦੀ ਉਮਰ ਦੇ ਸਕੂਲੀ ਬੱਚਿਆਂ ਵਿੱਚ ਡੀ ਵਾਰਮਿੰਗ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਆਓ ਅਸੀਂ ਇਹਨਾਂ ਲਾਗ ਦੇ ਕੀੜੇ, ਕੀੜਿਆਂ ਦੀਆਂ ਕਿਸਮਾਂ, ਲਾਗ਼ ਦੇ ਲੱਛਣਾਂ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਇਹ 10 ਫਰਵਰੀ ਨੂੰ ਡੀ ਵਾਰਮਿੰਗ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ, ਮੁੱਖ ਤੌਰ ‘ਤੇ 1 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਲਈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਸਾਰੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਮਿੱਟੀ-ਪ੍ਰਸਾਰਿਤ ਹੈਲਮਿੰਥਸ (ਐਸਟੀਐਚ) ਜਿਸ ਨੂੰ ਆਮ ਤੌਰ ‘ਤੇ ਪਰਜੀਵੀ ਅੰਤੜੀਆਂ ਦੇ ਕੀੜਿਆਂ ਵਜੋਂ ਜਾਣਿਆ ਜਾਂਦਾ ਹੈ ਦੇ ਪ੍ਰਸਾਰ ਨੂੰ ਖ਼ਤਮ ਕਰਨਾ ਅਤੇ ਘਟਾਉਣਾ ਹੈ।
ਨੈਸ਼ਨਲ ਡੀਵਾਰਮਿੰਗ ਡੇ ਦੀ ਸ਼ੁਰੂਆਤ 2015 ਵਿੱਚ ਕੀਤੀ ਗਈ ਸੀ ਜੋ ਹਰ ਸਾਲ ਦੋ ਵਾਰ ਵੱਖ ਵੱਖ ਦੌਰਾਂ ਰਾਹੀਂ (10 ਫ਼ਰਵਰੀ ਅਤੇ 10 ਅਗਸਤ) ਕਰੋੜਾਂ ਬੱਚਿਆਂ ਅਤੇ ਕਿਸ਼ੋਰਾਂ ਨੂੰ ਪੇਟ ਦੇ ਕੀੜਿਆਂ ਦੀ ਲਾਗ ਤੋਂ ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਇਹ ਦਿਵਸ ਦਾ ਮੁੱਖ ਉਦੇਸ਼ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦੇਸ਼ ਦੇ ਹਰ ਬੱਚੇ ਨੂੰ ਕੀੜੇ-ਮੁਕਤ ਬਣਾਉਣ ਦੀ ਪਹਿਲ ਹੈ। ਕੀੜੇ ਮਾਰਨ ਦਾ ਕੰਮ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੇ ਪਲੇਟਫਾਰਮਾਂ ਰਾਹੀਂ ਸਕੂਲੀ ਵਿਦਿਆਰਥੀਆਂ ਅਤੇ ਕਿਸ਼ੋਰਾਂ ਦੀ ਸਮੁੱਚੀ ਸਿਹਤ ਅਤੇ ਪੋਸ਼ਣ ਸਥਿਤੀ, ਸਿੱਖਿਆ ਤੱਕ ਪਹੁੰਚ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਕੀਤਾ ਜਾਂਦਾ ਹੈ।
ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਦੁਨੀਆ ਭਰ ਵਿੱਚ ਲਗਭਗ 24% ਆਬਾਦੀ ਮਿੱਟੀ ਦੁਆਰਾ ਪ੍ਰਸਾਰਿਤ ਹੈਲਮਿੰਥ ਕੀੜਿਆਂ ਨਾਲ ਸੰਕਰਮਿਤ ਹੈ। ਭਾਰਤ ਵਿੱਚ 1 ਅਤੇ 14 ਸਾਲ ਦੀ ਉਮਰ ਸਮੂਹ ਦੇ ਲਗਭਗ 241 ਮਿਲੀਅਨ ਬੱਚੇ ਪਰਜੀਵੀ ਅੰਤੜੀਆਂ ਦੇ ਕੀੜਿਆਂ ਦੀ ਲਾਗ ਦੇ ਖ਼ਤਰੇ ਵਿੱਚ ਹਨ ਜਿਨ੍ਹਾਂ ਨੂੰ ਮਿੱਟੀ ਦੁਆਰਾ ਪ੍ਰਸਾਰਿਤ ਹੈਲਮਿੰਥ ਕਿਹਾ ਜਾਂਦਾ ਹੈ। ਉਹ ਕੀੜੇ ਜਾਂ ਹੈਲਮਿੰਥ ਜੋ ਮਲ-ਮੂਤਰ ਨਾਲ ਦੂਸ਼ਿਤ ਮਿੱਟੀ ਰਾਹੀਂ ਪ੍ਰਸਾਰਿਤ ਹੁੰਦੇ ਹਨ ਉਨ੍ਹਾਂ ਨੂੰ ਮਿੱਟੀ-ਪ੍ਰਸਾਰਿਤ ਹੈਲਮਿੰਥ ਜਾਂ ਅੰਤੜੀਆਂ ਦੇ ਪਰਜੀਵੀ ਕੀੜੇ ਕਿਹਾ ਜਾਂਦਾ ਹੈ। ਇਹ ਵੱਖ-ਵੱਖ ਕਿਸਮਾਂ ਦੇ ਕੀੜੇ ਹਨ ਜੋ ਲੋਕਾਂ ਨੂੰ ਸੰਕਰਮਿਤ ਕਰਦੇ ਹਨ ਜਿਸ ਵਿੱਚ ਗੋਲ ਕੀੜਾ, ਵ੍ਹੀਪਵਰਮ ਅਤੇ ਹੁੱਕਵਰਮ ਆਦਿ ਸ਼ਾਮਲ ਹਨ।ਪੰਜਾਬ ਸਰਕਾਰ ਵੱਲੋਂ ਵੀ ਸਕੂਲਾਂ ਵਿੱਚ ਹਰ ਸਾਲ 10 ਫਰਵਰੀ ਨੂੰ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ ਜਾਂਦਾ ਹੈ ਜਿਸ ਤਹਿਤ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਦਵਾਈਆਂ ਐਲਬੈਡਾਜੋਲ ਦੀਆਂ ਗੋਲੀਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਨਾਲ ਦੀ ਨਾਲ ਇਹਨਾਂ ਗੋਲੀਆਂ ਨੂੰ ਲੈਣ ਦਾ ਤਰੀਕਾ ਅਤੇ ਇਹਨਾਂ ਗੋਲੀਆਂ ਦੇ ਫਾਇਦੇ ਵੀ ਸਕੂਲੀ ਅਧਿਆਪਕਾਂ ਤੇ ਬੱਚਿਆਂ ਨੂੰ ਦੱਸੇ ਜਾਂਦੇ ਹਨ।
ਆਓ ਜਾਣੀਏ ਬੱਚਿਆਂ ਦੇ ਪੇਟ ਵਿੱਚ ਕੀੜੇ ਕਿੱਥੋਂ ਦਾਖਲ ਹੁੰਦੇ ਹਨ?
ਪੇਟ ਦੇ ਕੀੜਿਆਂ ਦੀ ਲਾਗ ਬੱਚਿਆਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਹੋ ਸਕਦੀ ਹੈ। ਜਿਸ ਵਿੱਚ ਨਿੱਜੀ ਸਫਾਈ ਦੀ ਘਾਟ, ਕੱਚਾ ਅਤੇ ਦੂਸ਼ਿਤ ਭੋਜਨ ਅਤੇ ਜ਼ਿਆਦਾ ਮਿਠਾਈਆਂ ਅਤੇ ਜੰਕ ਫੂਡ ਦਾ ਸੇਵਨ ਸ਼ਾਮਲ ਹੈ।
ਪੇਟ ਦੇ ਕੀੜਿਆਂ ਦੀ ਲਾਗ ਲੱਛਣ ਕੀ ਹਨ?
ਪੇਟ ਵਿੱਚ ਦਰਦ, ਦਸਤ, ਮਤਲੀ ਜਾਂ ਉਲਟੀ ਗੈਸ ਬਲੋਟਿੰਗ ਬੱਤ ਆਉਣੇ ਥਕਾਵਟ ਅਸਪਸ਼ਟ ਭਾਰ ਘਟਣਾ ਪੇਟ ਵਿੱਚ ਦਰਦ ਜੀਅ ਕੱਚਾ ਹੋਣਾ ਆਦਿ।
ਅਕਸਰ ਇਹ ਕੀੜੇ ਮਨੁੱਖ ਦੀਆਂ ਅੰਤੜੀਆਂ ਵਿੱਚ ਰਹਿੰਦੇ ਹਨ ਜਿੱਥੇ ਓਹ ਆਪਣਾ ਭੋਜਨ ਅਤੇ ਬਚਾਅ ਕਰਦੇ ਹਨ। ਮਨੁੱਖ ਦੀਆਂ ਅੰਤੜੀਆਂ ਵਿੱਚ ਉਹ ਹਰ ਰੋਜ਼ ਹਜ਼ਾਰਾਂ ਅੰਡੇ ਪੈਦਾ ਕਰਦੇ ਹਨ। ਇਹ ਅੰਡੇ ਇੱਕ ਸੰਕਰਮਿਤ ਵਿਅਕਤੀ ਦੇ ਮਲ ਮੂਤਰ ਰਾਹੀਂ ਧਰਤੀ ਉੱਤੇ ਮਿੱਟੀ ਵਿੱਚ ਫੈਲ ਜਾਂਦੇ ਹਨ। ਸੰਕਰਮਿਤ ਵਿਅਕਤੀ ਜੋ ਬਾਹਰ ਸ਼ੌਚ ਕਰਦਾ ਹੈ ਉਹ ਕੀੜਿਆਂ ਦੇ ਅੰਡੇ ਮਿੱਟੀ ਵਿੱਚ ਮਿਲਾ ਦਿੰਦਾ ਹੈ। ਮਿੱਟੀ ਵਿੱਚ ਉੱਗਦੀਆਂ ਫਸਲਾਂ ਅਤੇ ਸਬਜ਼ੀਆਂ ਰਾਹੀਂ ਇਹ ਕੀੜੇ ਦੂਸਰੇ ਮਨੁੱਖ ਦੇ ਪੇਟ ਅੰਦਰ ਦਾਖਲ ਹੋ ਜਾਂਦੇ ਹਨ। ਇਹ ਕੀੜੇ ਬਿਨਾਂ ਧੋਤੀਆਂ ਸਬਜ਼ੀਆਂ ਰਾਹੀਂ, ਬਿਨਾਂ ਪਕਾਏ ਖਾਧੇ ਜਾਣ ਵਾਲੇ ਫਲ ਅਤੇ ਸਬਜ਼ੀਆਂ ਜਾਂ ਅੱਧ ਪੱਕੀਆਂ ਸਬਜ਼ੀਆਂ ਰਾਹੀਂ ਦੂਜੇ ਮਨੁੱਖ ਦੇ ਪੇਟ ਵਿੱਚ ਦਾਖਲ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਹ ਦੂਸ਼ਿਤ ਪਾਣੀ ਦੇ ਸਰੋਤਾਂ ਰਾਹੀਂ ਵੀ ਫੈਲਦੇ ਹਨ। ਇਹ ਕੀੜੇ ਮਿੱਟੀ ਰਾਹੀਂ ਬੱਚਿਆਂ ਵਿੱਚ ਦਾਖਲ ਹੁੰਦੇ ਹਨ। ਬੱਚੇ ਮਿੱਟੀ ਵਿੱਚ ਖੇਡਦੇ ਹਨ ਅਤੇ ਫਿਰ ਬਿਨਾਂ ਹੱਥ ਧੋਤੇ ਆਪਣੇ ਮੂੰਹ ਵਿੱਚ ਪਾਉਂਦੇ ਹਨ ਅਤੇ ਬਿਨਾਂ ਹੱਥ ਧੋਤੇ ਰੋਟੀ ਭੋਜਨ ਜਾਂ ਕੋਈ ਹੋਰ ਸਮੱਗਰੀ ਖਾ ਲੈਂਦੇ ਹਨ। ਮਨੁੱਖ ਦੇ ਪੇਟ ਵਿੱਚ ਜਾਂ ਆਂਤਰੀਆਂ ਵਿੱਚ ਸ਼ਾਮਿਲ ਹੋਣ ਵਾਲੇ ਇਹਨਾਂ ਕੀੜਿਆਂ ਕਾਰਨ ਹੋਣ ਵਾਲੀ ਲਾਗ ਦੇ ਨਾਲ ਨਾਲ ਅਨੀਮੀਆ, ਕੁਪੋਸ਼ਣ, ਕਮਜ਼ੋਰ ਮਾਨਸਿਕ ਸਰੀਰਕ ਬੋਧਾਤਮਕ ਵਿਕਾਸ ਵਿੱਚ ਵੀ ਰੁਕਾਵਟ ਪੈਦਾ ਕਰ ਸਕਦੀ ਹੈ।
ਇਸ ਲਾਗ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
ਸੈਨੇਟਰੀ ਟਾਇਲਟ ਦੀ ਵਰਤੋਂ ਕਰੋ। ਬਾਹਰ ਜਾਂ ਖੁੱਲ੍ਹੇ ਵਿੱਚ ਸ਼ੌਚ ਨਾ ਕਰੋ। ਖਾਣਾ ਖਾਣ ਤੋਂ ਪਹਿਲਾਂ ਅਤੇ ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਮੁੱਖ ਤੌਰ ‘ਤੇ ਹੱਥਾਂ ਨੂੰ ਚੰਗੀ ਤਰ੍ਹਾਂ ਐਂਟੀ ਸੈਪਟਿਕ ਸਾਬਣ ਜਾਂ ਹੈਂਡ ਵਾਸ਼ ਨਾਲ਼ ਧੋਵੋ। ਫਲਾਂ ਅਤੇ ਸਬਜ਼ੀਆਂ ਨੂੰ ਸੁਰੱਖਿਅਤ ਅਤੇ ਸਾਫ਼ ਪਾਣੀ ਵਿੱਚ ਚੰਗੀ ਤਰ੍ਹਾਂ ਧੋਵੋ। ਸਹੀ ਢੰਗ ਨਾਲ ਪਕਾਇਆ ਹੋਇਆ ਭੋਜਨ ਖਾਓ।ਆਓ ਅਸੀਂ ਸਾਰੇ ਭਾਰਤ ਵਾਸੀ ਰਲ ਕੇ ਮਿੱਟੀ ਰਾਹੀਂ ਫੈਲਣ ਵਾਲੇ ਕੀੜਿਆਂ ਦੇ ਇਸ ਲਾਗ ਤੋਂ ਬਚਣ ਲਈ ਪ੍ਰੇਰਿਤ ਹੋਈਏ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੀਏ ਕਿਉਂਕਿ ਸਿੱਖਿਆ ਚੰਗੀ ਸਿਹਤ ਨਾਲ ਹੀ ਸ਼ੁਰੂ ਹੁੰਦੀ ਹੈ। ਇਸ ਲਈ ਸਾਡੇ ਦੇਸ਼ ਦੇ ਬੱਚਿਆਂ ਨੌਜਵਾਨਾਂ ਅਤੇ ਦੇਸ਼ ਦੇ ਉੱਜਵਲ ਭਵਿੱਖ ਲਈ ਡੀ ਵਾਰਮਿੰਗ ਤਾਂ ਜਰੂਰੀ ਹੈ ਹੀ, ਨਾਲ ਦੀ ਨਾਲ ਕੀੜਿਆਂ ਦੀ ਲਾਗ ਦੇ ਫੈਲਣ ਦੇ ਕਾਰਨਾਂ ਦੀ ਜਾਂਚ ਕਰਦੇ ਹੋਏ ਉਸ ਨੂੰ ਫੈਲਣ ਤੋਂ ਰੋਕਣ ਲਈ ਵੀ ਹਰ ਸੰਭਵ ਯਤਨ ਕਰੀਏ।

ਲੈਕਚਰਾਰ ਲਲਿਤ ਗੁਪਤਾ ਮੰਡੀ ਅਹਿਮਦਗੜ੍ਹ। 9781590500