ਬਨੂੰੜ, 04 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ 26 ਨਵੰਬਰ ਨੂੰ ਰਾਸ਼ਟਰੀ ਦੁੱਧ ਦਿਵਸ ਮੌਕੇ ਨਰੋਏ ਸਮਾਜ ਦੀ ਸਿਰਜਣਾ ਹਿੱਤ ਦੁੱਧ ਦੇ ਮਹੱਤਵ ‘ਤੇ ਕਰਵਾਏ ਲੇਖ ਮੁਕਾਬਲਿਆਂ ਵਿੱਚ ਮੋਹਾਲੀ ਜਿਲ੍ਹੇ ਵਿੱਚੋਂ ਦੋ ਵਿਦਿਆਰਥਣਾਂ ਨੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਾ. ਹਰਪ੍ਰੀਤ ਸਿੰਘ ਧਰਮਗੜ੍ਹ ਨੇ ਦੱਸਿਆ ਕਿ ਸਾਰੇ ਜਿਲ੍ਹਿਆਂ ਵਿੱਚ ਪਹਿਲੇ ਸਥਾਨ ਹਾਸਲ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਸ੍ਰੀ ਮੁਕਤਸਰਤ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬੂਟਾ ਸਿੰਘ ਵਾਲਾ ਸਕੂਲ ਦੀਆਂ ਦੋ ਵਿਦਿਆਰਥਣਾਂ ਰਮਨਪ੍ਰੀਤ ਕੌਰ ਬਾਰ੍ਹਵੀਂ (ਸਾਇੰਸ) ਨੂੰ ਦੂਜਾ ਦੋ ਹਜ਼ਾਰ ਤੇ ਹਰਜੋਤ ਕੌਰ ਗਿਆਰ੍ਹਵੀਂ (ਸਾਇੰਸ) ਨੂੰ ਤੀਜਾ ਸਥਾਨ ਪ੍ਰਾਪਤ ਕਰਨ ਤੇ ਇੱਕ ਹਜ਼ਾਰ ਰੁਪਏ ਨਕਦ ਇਨਾਮਾਂ, ਸਰਟੀਫਿਕੇਟਾਂ ਅਤੇ ਸਨਮਾਨ ਚਿੰਨ੍ਹਾਂ ਨਾਲ਼ ਸਨਮਾਨਿਤ ਕੀਤਾ। ਸਕੂਲ ਪਹੁੰਚਣ ‘ਤੇ ਇਨ੍ਹਾਂ ਨੂੰ ਸਵੇਰ ਦੀ ਸਭਾ ਦੌਰਾਨ ਪ੍ਰਿੰ. ਜਯੋਤੀ ਚਾਵਲਾ ਵੱਲੋਂ ਵਧਾਈਆਂ ਦਿੰਦਿਆਂ ਸਨਮਾਨਿਤ ਕੀਤਾ। ਮੁਕਾਬਲਿਆਂ ਦੀ ਤਿਆਰੀ ਕਰਵਾਉਣ ਵਾਲੇ ਪੰਜਾਬੀ ਲੈਕਚਰਾਰ ਅਮਰਜੀਤ ਕੌਰ ਦਾ ਵਿਸ਼ੇਸ਼ ਧੰਨਵਾਦ ਅਤੇ ਸ਼ਲਾਘਾ ਕੀਤੀ।