ਸ਼ਿਵ ਸੈਨਾ ਹਿੰਦ ਵੱਲੋਂ ਏਡੀਸੀ ਪੂਨਮ ਸਿੰਘ ਨੂੰ ਮੁੱਖ ਮੰਤਰੀ ਰਾਜਸਥਾਨ ਦੇ ਨਾਮ ਮੰਗ ਪੱਤਰ
ਮਰਹੂਮ ਗੋਗਾਮੇੜੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾਵੇ ਇੰਨਸਾਫ਼
ਸਵਰਗੀ ਸੁਖਦੇਵ ਸਿੰਘ ਗੋਗਾਮੇੜੀ ਨੂੰ ਦਿੱਤਾ ਜਾਵੇ ਸ਼ਹੀਦ ਦਾ ਦਰਜਾ : ਸ਼ਿਵ ਜੋਸ਼ੀ
ਬਠਿੰਡਾ, 8 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ਵਿੱਚ ਮਰਹੂਮ ਗੋਗਾਮੇੜੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸ਼ਿਵ ਸੈਨਾ ਹਿੰਦ ਨੇ ਕਮਰ ਕੱਸ ਲਈ ਹੈ। ਅੱਜ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਸ਼ਿਵ ਸੈਨਾ ਹਿੰਦ ਬਠਿੰਡਾ ਵੱਲੋਂ ਕੌਮੀ ਮੀਤ ਪ੍ਰਧਾਨ ਸ਼ਿਵ ਜੋਸ਼ੀ ਦੀ ਅਗਵਾਈ ਹੇਠ ਬਠਿੰਡਾ ਦੇ ਏਡੀਸੀ ਮੈਡਮ ਪੂਨਮ ਸਿੰਘ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਮੀਤ ਪ੍ਰਧਾਨ ਸੁਖਚੈਨ ਭਾਰਗਵ, ਪੰਜਾਬ ਸੰਗਠਨ ਮੰਤਰੀ ਅਤੇ ਜ਼ਿਲ੍ਹਾ ਪ੍ਰਧਾਨ ਮਿੰਟੂ ਠਾਕੁਰ, ਯੁਵਾ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਵਿਸ਼ਾਲ ਅਰੋੜਾ, ਯੁਵਾ ਸੈਨਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਿੰਦਰ ਸਿੰਘ ਮੰਨੀ ਅਤੇ ਹੋਰ ਸ਼ਿਵ ਸੈਨਿਕ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਸ਼ਿਵ ਜੋਸ਼ੀ, ਸੁਖਚੈਨ ਭਾਰਗਵ, ਮਿੰਟੂ ਠਾਕੁਰ, ਵਿਸ਼ਾਲ ਅਰੋੜਾ ਅਤੇ ਮਨਿੰਦਰ ਸਿੰਘ ਮੰਨੀ ਨੇ ਦੱਸਿਆ ਕਿ ਬੀਤੇ ਦਿਨ ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਜਿਸ ਤਰ੍ਹਾਂ ਬੇਰਹਿਮੀ ਨਾਲ ਕਤਲ ਕੀਤਾ ਗਿਆ, ਉਹ ਸਮੁੱਚੇ ਹਿੰਦੂ ਸਮਾਜ ਅਤੇ ਰਾਜਸਥਾਨ ਨੂੰ ਦਹਿਲਾਉਣ ਵਾਲੀ ਘਟਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਸੀ, ਫਿਰ ਵੀ ਰਾਜਸਥਾਨ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਗੋਗਾਮੇੜੀ ਦੀ ਸੁਰੱਖਿਆ ਵੱਲ ਧਿਆਨ ਦਿੱਤਾ, ਜੋ ਕਿ ਰਾਜਸਥਾਨ ਪੁਲਿਸ ਦੀ ਵੱਡੀ ਲਾਪ੍ਰਵਾਹੀ ਹੈ। ਉਨ੍ਹਾਂ ਦੱਸਿਆ ਕਿ ਏ.ਡੀ.ਸੀ ਮੈਡਮ ਪੂਨਮ ਸਿੰਘ ਨੂੰ ਮੰਗ ਪੱਤਰ ਦੇ ਕੇ ਰਾਜਸਥਾਨ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਮਰਹੂਮ ਗੋਗਾਮੇੜੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਸ਼ਿਵ ਜੋਸ਼ੀ ਨੇ ਕਿਹਾ ਕਿ ਰਾਜਸਥਾਨ ਪੁਲਿਸ ਨੂੰ ਠੋਸ ਸੂਚਨਾ ਮਿਲਣ ਤੋਂ ਬਾਅਦ ਵੀ ਗੋਗਾਮੇੜੀ ਦੀ ਸੁਰੱਖਿਆ ਕਿਉਂ ਨਹੀਂ ਵਧਾਈ ਗਈ, ਕਾਤਲਾਂ ਨੇ ਘਰ ‘ਚ ਦਾਖਲ ਹੋ ਕੇ ਕਤਲੇਆਮ ਨੂੰ ਅੰਜਾਮ ਦਿੱਤਾ, ਇੰਨੀ ਵੱਡੀ ਲਾਪਰਵਾਹੀ ਕਿਉਂ ਹੋਈ, ਕੀ ਪੁਲਿਸ ਸਿਆਸੀ ਦਬਾਅ ਕਾਰਨ ਚੁੱਪ ਰਹੀ, ਜਾਂ ਪੁਲਿਸ ਪੱਧਰ ‘ਤੇ ਹੀ ਕੋਈ ਖਾਮੀਆਂ ਸਨ, ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ ਹੈ। ਸ਼ਿਵ ਜੋਸ਼ੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਅਜਿਹੇ ਗੁੰਡਿਆਂ ਦਾ ਤੁਰੰਤ ਮੁਕਾਬਲਾ ਕਰਕੇ ਉਹਨਾਂ ਦਾ ਖਾਤਮਾ ਕੀਤਾ ਜਾਵੇ ਅਤੇ ਸੁਖਦੇਵ ਸਿੰਘ ਗੋਗਾਮੇੜੀ ਜੀ ਨੂੰ ਸ਼ਹੀਦ ਦਾ ਦਰਜਾ ਦੇ ਕੇ ਸ਼ਹੀਦ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਉਹਨਾਂ ਦੇ ਪਰਿਵਾਰ ਨੂੰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜਿਸ ਜੇਲ੍ਹ ਵਿੱਚ ਇਸ ਹਤਿਆਕਾਂਡ ਦੀ ਸਾਜ਼ਿਸ਼ ਰਚੀ ਗਈ, ਉਸ ਜੇਲ੍ਹ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਆਈਪੀਸੀ ਦੀ ਧਾਰਾ 120ਬੀ ਤਹਿਤ ਮਾਮਲਾ ਦਰਜ ਕੀਤਾ ਜਾਵੇ। ਉਪਰੋਕਤ ਆਗੂਆਂ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਇਨਸਾਫ਼ ਮਿਲਣ ਤੱਕ ਗੋਗਾਮੇੜੀ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਸ਼ਿਵ ਸੈਨਾ ਹਿੰਦ ਦੇ ਉਪਰੋਕਤ ਆਗੂਆਂ ਨੇ ਰਾਜਸਥਾਨ ਸਰਕਾਰ ਅਤੇ ਰਾਜਸਥਾਨ ਪੁਲਿਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੁਖਦੇਵ ਸਿੰਘ ਗੋਗਮੇੜੀ ਜੀ ਨੂੰ ਇਨਸਾਫ਼ ਨਾ ਮਿਲਿਆ, ਤਾਂ ਸ਼ਿਵ ਸੈਨਾ ਹਿੰਦ ਇੱਕ ਵਿਸ਼ਾਲ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ ਅਤੇ ਇਸ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਰਾਜਸਥਾਨ ਸਰਕਾਰ ਅਤੇ ਰਾਜਸਥਾਨ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
Leave a Comment
Your email address will not be published. Required fields are marked with *