ਰੁੱਖ ਧਰਤੀ ਦੇ ਗਹਿਣੇ ਨੇ, ਤੇ ਰੁੱਖ ਨੇ ਹਾਰ-ਸ਼ਿੰਗਾਰ।
ਰੁੱਖ ਹੀ ਸਾਡੇ ਭੈਣ-ਭਰਾ, ਤੇ ਰੁੱਖ ਨੇ ਬੇਲੀ ਯਾਰ।
ਸਿਖ਼ਰ ਦੁਪਹਿਰੇ ਵਿੱਚ ਗਰਮੀਆਂ, ਮਿਲਦੀ ਠੰਢੜੀ ਛਾਂ।
ਰੁੱਖਾਂ ਨਾਲ ਹੀ ਜੀਵਨ ਮਿਲਦਾ, ਰੁੱਖ ਹੀ ਕਰਨ ਪਿਆਰ।
ਰੁੱਖ ਦਰਵੇਸ਼ਾਂ ਰਿਸ਼ੀਆਂ ਵਰਗੇ, ਗਰਮੀ-ਸਰਦੀ ਸਹਿੰਦੇ।
ਰੁੱਖਾਂ ਨਾਲ ਹੈ ਸੋਂਹਦੀ ਧਰਤੀ, ਰੁੱਖ ਬਸੰਤ-ਬਹਾਰ।
ਖ਼ੁਸ਼ੀ ਗ਼ਮੀ ਤੇ ਹੜ੍ਹ ਸੋਕੇ ਵਿੱਚ, ਰੁੱਖ ਹੀ ਬਣਨ ਸਹਾਰਾ।
ਮਹਿਕੇ ਅੰਦਰ ਬਾਹਰ ਸਾਰਾ, ਰੁੱਖ ਬਣਦੇ ਗੁਲਜ਼ਾਰ।
ਰੁੱਖਾਂ ਨਾਲ ਦੋਸਤੀ ਕਰੀਏ, ਕਦੇ ਨਾ ਫੇਰੋ ਆਰੀ।
ਮਾਰੂਥਲ ਦਾ ਮੰਜ਼ਰ ਤੱਕੋ, ਜ਼ਿੰਦਗੀ ਹੋਏ ਖ਼ੁਆਰ।
ਪ੍ਰਕਿਰਤੀ ਦੀ ਸ਼ੋਭਾ ਰੁੱਖ ਨੇ, ਮੰਗਣ ਅੰਨ ਨਾ ਪਾਣੀ।
ਬਿਨ ਰੁੱਖਾਂ ਤੋਂ ਜੀਵਨ ਫਿੱਕਾ, ਬਦਲੇ ਸਾਡੀ ਨੁਹਾਰ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.