ਰੋਟਰੀ ਕਲੱਬ ਨੇ ਬੱਚਾ ਵਿਭਾਗ ’ਚ ਦੁੱਧ ਤੇ ਫ਼ਰੂਟ ਦੀ ਸੇਵਾ ਦੇ 150 ਦਿਨ ਪੂਰੇ ਕੀਤੇ : ਅਰਵਿੰਦ/ਬਰਾੜ
ਫ਼ਰੀਦਕੋਟ , 8 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਸਮਾਜ ਸੇਵਾ ਖੇਤਰ ’ਚ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਗੁਰੂ ਗੋਬਿੰਦ ਸਿੰਘ ਸਰਕਾਰੀ ਮੈਡੀਕਲ-ਹਸਪਤਾਲ ਫ਼ਰੀਦਕੋਟ ਵਾਰਡ ਨੂੰ ਪੰਜ ਵੀਲ੍ਹ ਚੇਅਰਜ਼ ਦਾਨ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਅਤੇ ਸਕੱਤਰ ਮਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਕਲੱਬ ਦੇ ਮੈਂਬਰ ਅਤੇ ਬੱਚਿਆਂ ਦੇ ਮਾਹਿਰ ਡਾ.ਸ਼ਸ਼ੀਕਾਂਤ ਧੀਰ ਦੀ ਪ੍ਰੇਰਣਾ ਸਦਕਾ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਇਹ 5 ਵੀਲ੍ਹ ਚੇਅਰਜ਼ ਦਾਨ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਲੱਬ ਨੂੰ ਰੋਟਰੀ ਇੰਟਰਨੈਸ਼ਨਲ ਵੱਲੋਂ 50 ਵੀਲ੍ਹ ਚੇਅਰਜ਼ ਪ੍ਰਾਪਤ ਹੋਈਆਂ ਹਨ। ਜਿਨ੍ਹਾਂ ਨੂੰ ਲੋੜਵੰਦ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਤਾਂ ਜੋ ਉਹ ਆਪਣੀ ਨਿਤ ਪ੍ਰਤੀ ਦਿਨ ਦੇ ਕਾਰਜਾਂ ਨੂੰ ਸੁਖਾਲੇ ਢੰਗ ਨਾਲ ਕਰ ਸਕਣ। ਇਸ ਦੇ ਨਾਲ-ਨਾਲ ਸਰਕਾਰੀ ਹਸਪਤਾਲਾਂ ਅੰਦਰ ਵੀ ਇਹ ਵੀਲ੍ਹ ਚੇਅਰਮਜ਼ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਬੱਚਾ ਵਿਭਾਗ ’ਚ ਪਿਛਲੇ 150 ਦਿਨਾਂ ਤੋਂ ਲੋੜਵੰਦ ਬੱਚਿਆਂ ਲਈ ਦੁੱਧ ਤੇ ਫ਼ਰੂਟ ਦੀ ਸੇਵਾ ਵੀ ਨਿਰੰਤਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਟਰੀ ਪੂਰੀ ਦੁਨੀਆਂ ਅੰਦਰ ਨਿਰੰਤਰ 24 ਘੰਟੇ ਸੇਵਾ ਦੇ ਕਾਰਜ ਕਰਦਾ ਹੈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਮੈਡੀਕਲ ਸੁਪਰਡੈਂਟ ਡਾ.ਨੀਤੂ ਕੱਕੜ, ਬੱਚਿਆਂ ਦੇ ਸੀਨੀਅਰ ਡਾ. ਗੁਰਮੀਤ ਕੌਰ, ਡਾ.ਵਰੁਣ ਕੌਲ ਅਤੇ ਡਾ.ਗੂੰਜਣ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਕਲੱਬ ਦੇ ਵੀਲ੍ਹ ਚੇਅਰ ਦੇਣ ਅਤੇ ਬੱਚੇ ਲਈ ਦੁੱਧ-ਫ਼ਰੂਟ ਦੀ ਸੇਵਾ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਰੋਟਰੀ ਕਲੱਬ ਵੱਲੋਂ ਨਿਰੰਤਰ ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਰੋਟਰੀ ਕਲੱਬ ਦੇ ਸੀਨੀਅਰ ਲੀਡਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਰੋਟਰੀ ਇੰਟਰਨੈਸ਼ਨਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਬਹੁਤ ਹੀ ਰੌਚਕ ਢੰਗ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਪੂਰੇ ਸੰਸਾਰ ਅੰਦਰ ਰੋਟਰੀ ਇੰਟਰਨੈਸ਼ਨਲ ਨੇ ਪੋਲੀਓ ਦੇ ਖਾਤਮੇ ਵਾਸਤੇ ਮੋਹਰੀ ਰਹਿੰਦਿਆਂ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਮੌਕੇ ਪਰਵਿੰਦਰ ਸਿੰਘ ਕੰਧਾਰੀ, ਕੇ.ਪੀ.ਸਿੰਘ ਸਰਾਂ, ਕੇਵਲ ਕਿ੍ਰਸ਼ਨ ਕਟਾਰੀਆ ਹਾਜ਼ਰ ਸਨ।