ਰੋਟਰੀ ਕਲੱਬ ਦੀ ਮੀਟਿੰਗ ਦੌਰਾਨ ਮਾਰਚ ਮਹੀਨੇ ਦੇ ਮਾਨਵਤਾ ਭਲਾਈ ਕਾਰਜਾਂ ਦੀ ਰੂਪ-ਰੇਖਾ ਹੋਵੇਗੀ ਤਿਆਰ
ਕੋਟਕਪੂਰਾ, 1 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਲੋੜਵੰਦ ਲੋਕਾਂ, ਸਰਕਾਰੀ ਹਸਪਤਾਲਾਂ ਨੂੰ 50 ਵੀਲ੍ਹ ਚੇਅਰਜ਼ ਵੰਡਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਅਤੇ ਸਕੱਤਰ ਮਨਪ੍ਰੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਫ਼ਰੀਦਕੋਟ ਨੂੰ 5 ਵੀਲ੍ਹ ਚੇਅਰਜ਼ ਦਿੱਤੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਸਕੱਤਰ ਨੇ ਦੱਸਿਆ ਕਿ ਰੋਟਰੀ ਵੱਲੋਂ ਜਿੱਥੇ ਸਾਰੇ ਸੰਸਾਰ ਅੰਦਰ ਪੋਲੀਓ ਦਾ ਲਗਭਗ ਖਾਤਮਾ ਕੀਤਾ ਗਿਆ ਹੈ, ਉੱਥੇ ਰੋਟਰੀ ਇੰਟਰਨੈਸ਼ਨਲ 24 ਘੰਟੇ ਪੂਰੇ ਸੰਸਾਰ ’ਚ ਮਾਨਵਤਾ ਦੀ ਸੇਵਾ 24 ਘੰਟੇ ਕਰਦੀ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਵੱਲੋਂ ਸੇਵਾ ਕਾਰਜਾਂ ਤਹਿਤ 50 ਵੀਲ੍ਹ ਚੇਅਰਜ਼ ਫ਼ਰੀਦਕੋਟ ਸ਼ਹਿਰ ਅੰਦਰ ਲੋੜਵੰਦ ਲੋਕਾਂ ਨੂੰ ਵੰਡਣ ਵਾਸਤੇ ਮੁਹਿੰਮ ਆਰੰਭ ਕੀਤੀ ਗਈ ਹੈ। ਜਿਸ ਤਹਿਤ ਸਿਵਲ ਹਸਪਤਾਲ ਨੂੰ 5 ਵੀਲ੍ਹ ਚੇਅਰਜ਼ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ 2 ਮਾਰਚ ਨੂੰ ਗੁਣਵੰਤੀ ਕੈਂਸਰ ਮੋਬਾਇਲ ਬੱਸ ਨੂੰ ਪਿੰਡ ਕੰਮੇਆਣਾ ਲਿਜਾ ਕੇ ਬਾਬਾ ਸ਼ੈਦੂ ਸ਼ਾਹ ਮੇਲੇ ’ਤੇ ਬਾਬਾ ਸ਼ੈਦੂ ਖੇਡ-ਸੱਭਿਆਚਾਰਕ ਕਲੱਬ ਕੰਮੇਆਣਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੀ ਟੀਮ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਦੀ ਜਾਂਚ ਦਾ ਕੈਂਪ ਬਾਬਾ ਸ਼ੈਦੂ ਜੀ ਦੇ ਡੇਰੇ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਮਾਰਚ ਮਹੀਨੇ ਦੌਰਾਨ ਕੀਤੇ ਜਾ ਰਹੇ ਪ੍ਰੋਜੈਕਟਾਂ ਦੀ ਅੰਤਿਮ ਰੂਪ ਰੇਖਾ ਤਿਆਰ ਕਰਨ ਵਾਸਤੇ 1 ਮਾਰਚ 2024 ਨੂੰ ਸ਼ਾਮ 7:00 ਵਜੇ ਸਥਾਨਕ ਅਫ਼ਸਰ ਕਲੱਬ ਵਿਖੇ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਲੱਬ ਦੇ ਸਮੂਹ ਮੈਂਬਰਾਂ ਨੂੰ ਮੀਟਿੰਗ ’ਚ ਪਹੁੰਚਣ ਵਾਸਤੇ ਅਪੀਲ ਵੀ ਕੀਤੀ। ਇਸ ਮੌਕੇ ਡਾ. ਚੰਦਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਫ਼ਰੀਦਕੋਟ ਨੇ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਰੋਟਰੀ ਕਲੱਬ ਵੱਲੋਂ ਸਿਹਤ ਵਿਭਾਗ ਨੂੰ ਹਮੇਸ਼ਾ ਪੂਰਨ ਸਹਿਯੋਗ ਮਿਲਦਾ ਹੈ। ਇਸ ਮੌਕੇ ਰੋਟਰੀ ਕਲੱਬ ਦੇ ਆਗੂ ਆਰਸ਼ ਸੱਚਰ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਅਸ਼ਵਨੀ ਬਾਂਸਲ (ਗਾਂਧੀ) ਨੇ ਦੱਸਿਆ ਕਿ ਮੁਫ਼ਤ ਵੀਲ੍ਹ ਚੇਅਰ ਵੰਡਣ ਦੀ ਮੁਹਿੰਮ ਆਉਂਦੇ ਦਿਨਾਂ ’ਚ ਵੀ ਜਾਰੀ ਰਹੇਗੀ। ਇਸ ਮੌਕੇ ਕਲੱਬ ਦੇ ਮੈਂਬਰ ਕੇਵਲ ਕਿ੍ਰਸ਼ਨ ਕਟਾਰੀਆ, ਕੇ.ਪੀ. ਸਿੰਘ ਸਰਾਂ, ਡਾ. ਗਗਨ ਬਜਾਜ, ਪ੍ਰਵੇਸ਼ ਰੀਹਾਨ ਹਾਜ਼ਰ ਸਨ। ਇਸ ਸਮੇਂ ਸਹਾਰਾ ਸੇਵਾ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਭਟਨਾਗਰ, ਨੈਸ਼ਨਲ ਯੂਥ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਡਾ. ਸੰਜੀਵ ਸੇਠੀ, ਲਿਟਲ ਏਂਜਲਸ ਹਾਈ ਸਕੂਲ ਦੇ ਮੈਨੇਜਰ ਸੰਦੀਪ ਸਿੰਘ ਤਾਂਗੜੀ ਨੇ ਵੀ ਰੋਟਰੀ ਕਲੱਬ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਪ੍ਰੰਸ਼ਸ਼ਾ ਕੀਤੀ। ਅੰਤ ਵਿੱਚ ਡਾ. ਗਗਨ ਬਜਾਜ ਦੇ ਵੀਲ੍ਹ ਚੇਅਰ ਵੰਡਣ ਮੌਕੇ ਪਹੁੰਚੇ ਸਾਰੇ ਰੋਟੇਰੀਅਨ ਮੈਂਬਰਾਂ ਦਾ ਧੰਨਵਾਦ ਕੀਤਾ।
Leave a Comment
Your email address will not be published. Required fields are marked with *