ਬਨੂੜ, 16 ਅਪ੍ਰੈਲ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਪੁਆਧ ਖਿੱਤੇ ਦੇ ਜੰਮਪਲ ਸਾਹਿਤਕਾਰ, ਗਾਇਕ, ਅਦਾਕਾਰ, ਪੱਤਰਕਾਰ ਅਤੇ ਅੰਤਰ-ਰਾਸ਼ਟਰੀ ਮਾਸਟਰ ਦੌੜਾਕ ਗੁਰਬਿੰਦਰ ਸਿੰਘ (ਰੋਮੀ ਘੜਾਮੇਂ ਵਾਲ਼ਾ) ਦਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਹੀ ਖੁਰਦ ਵਿਖੇ ਉਚੇਚੇ ਤੌਰ ‘ਤੇ ਰੂਬਰੂ ਸਮਾਗਮ ਕਰਵਾਇਆ।ਜਿੱਥੇ ਰੋਮੀ ਨੇ ਆਪਣੀਆਂ ਸਕੂਲ ਨਾਲ਼ ਜੁੜੀਆਂ ਯਾਦਾਂ ਸਾਂਝੀ ਕਰਦਿਆਂ ਬੱਚਿਆਂ ਨਾਲ਼ ਸਾਹਿਤ, ਇਤਿਹਾਸ ਅਤੇ ਖੇਡਾਂ ਆਦਿ ਵਿਸ਼ਿਆਂ ‘ਤੇ ਖੁੱਲ੍ਹਾ ਸੰਵਾਦ ਰਚਾਇਆ। ਇਸੇ ਦੌਰਾਨ ਉਨ੍ਹਾਂ ਆਪਣੀ ਚਰਚਿਤ ਰਚਨਾਵਾਂ ਤੇ ਗੀਤਾਂ ਨਾਲ਼ ਮਾਹੌਲ ਨੂੰ ਰੋਚਕ ਬਣਾਈ ਰੱਖਿਆ। ਆਪਣੇ ਤਮਗੇ ਜੇਤੂ ਸਫ਼ਰ ਦੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਬੱਚਿਆਂ ਨੂੰ ਖੇਡਾਂ ਪ੍ਰਤੀ ਖੂਬ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਤੇਜਿੰਦਰ ਸਿੰਘ ਨੇ ਰੋਮੀ ਅਤੇ ਨਾਲ਼ ਆਏ ਸਾਥੀ ਅੰਗਰੇਜ ਸਿੰਘ ਸੰਧੂ ਨੂੰ ਜੀ ਆਇਆਂ ਕਹਿੰਦਿਆਂ ਸ਼ੁਕਰਾਨਾ ਅਦਾ ਕੀਤਾ। ਸਟੇਜ ਸੰਚਾਲਨ ਦੀ ਜੁੰਮੇਵਾਰੀ ਰਮਨਦੀਪ ਸਿੰਘ ਅਤੇ ਵਿਰੇਂਦਰ ਕੁਮਾਰ ਨੇ ਬਾਖੂਬੀ ਨਿਭਾਈ। ਇਸ ਮੌਕੇ ਅੰਜੂ ਸ਼ਰਮਾ, ਜਸਪ੍ਰੀਤ ਕੌਰ, ਮਿਸਪ੍ਰੀਤ ਕੌਰ, ਵਿਦਿਆਰਥੀ ਅਤੇ ਹੋਰ ਟੀਚਿੰਗ/ਨਾਨ-ਟੀਚਿੰਗ ਸਟਾਫ਼ ਹਾਜਰ ਸਨ।