ਰੱਬਾ ਜ਼ਿੰਦਗੀ ਬੀਤ ਰਹੀ ਏ
ਕਦੇ ਝੂਠੇ ਹਾਸੇ ਹੱਸਦਿਆਂ ਦੀ
ਕਦੇ ਲੁੱਕ ਛਿੱਪ ਕੇ ਰੋਂਦਿਆਂ ਦੀ
ਕਦੇ ਦੁੱਖ ਸੁੱਖ ਹੰਢਾਇਆ ਦੀ
ਕਦੇ ਚੁੱਪ ਕਰਕੇ ਬੈਠਿਆਂ ਦੀ
ਕਦੇ ਉੱਚੀ ਰੌਲਾ ਪਾਉਂਦਿਆਂ ਦੀ
ਬਸ ਬੀਤ ਰਹੀ ਏ।
ਜ਼ਿੰਦਗੀ ਬੀਤ ਰਹੀ ਏ।
ਕਦੇ ਆਪਣਿਆਂ ਨਾਲ ਰੁੱਸਿਆ ਦੀ
ਕਦੇ ਆਪਣਿਆਂ ਨੂੰ ਮਨਾਉਂਦਿਆਂ ਦੀ
ਠੋਕਰਾਂ ਠੇਡੇ ਖਾਂਦਿਆਂ ਦੀ
ਕਦੇ ਕਾਮਯਾਬੀਆਂ ਪਾਉਂਦਿਆਂ ਦੀ
ਬਸ ਬੀਤ ਰਹੀ ਏ।
ਜ਼ਿੰਦਗੀ ਬੀਤ ਰਹੀ ਏ।
ਕਦੇ ਆਪਣਿਆਂ ਦੇ ਮਿਲਦੇ ਵਿਛੜਿਆਂ ਦੀ
ਕਦੇ ਮਰਦੇ ਤੜਫਦੇ ਕੁਰਲਾਉਂਦਿਆਂ ਦੀ
ਪਲ ਪਲ ਜਿਊਂਦੇ ਮਰਦਿਆਂ ਦੀ
ਸੰਤਾਪ, ਵਖਰੇਵੇਂ ਹੰਢਾਉਂਦਿਆਂ ਦੀ
ਸਾਹ ਰੁੱਕਦੇ ਸੁੱਕਦੇ ਜਾਂਦਿਆਂ ਦੀ
ਬਸ ਬੀਤ ਰਹੀ ਏ।
ਜ਼ਿੰਦਗੀ ਬੀਤ ਰਹੀ ਏ।
ਕਦੇ ਭੁੱਲੀਆਂ ਵਿਸਰੀਆਂ ਯਾਦਾਂ ਜਿਹੀ
ਕਦੇ ਅੱਧਕੱਚੀ ਨੀਂਦ ਦੀਆਂ ਰਾਤਾਂ ਜਿਹੀ
ਮਰੇ ਖਵਾਬ ਸੱਧਰਾਂ ਜਜ਼ਬਾਤਾਂ ਜਿਹੀ
ਕਦੇ ਖੁੱਲ੍ਹੀ ਪਈ ਕਿਤਾਬ ਜਿਹੀ
ਕਦੇ ਬੰਦ ਪਏ ਸੰਦੂਕ ਜਿਹੀ
ਕਦੇ ਸੁਨੇਹੇ ਚਿੱਠੀ ਸੰਦੇਸ਼ ਜਿਹੀ
ਕਦੇ ਸੰਤਾਪ, ਝੂਠ, ਫ਼ਰੇਬ ਜਿਹੀ
ਬਸ ਬੀਤ ਰਹੀ ਏ।
ਜ਼ਿੰਦਗੀ ਬੀਤ ਰਹੀ ਏ।
********************
ਪ੍ਰੀਤ ਕੌਰ ਪ੍ਰੀਤੀ

ਫਗਵਾੜਾ