30 ਮਾਰਚ 2010 ਨੂੰ ਸਦੀਵੀ ਅਲਵਿਦਾ ਕਹਿ ਗਿਆ ਡਾ. ਜਗਤਾਰ ਯਾਦ ਆਇਆ
ਬਲਦੇ ਬਿਰਖ ਦੀ ਛਾਂ ਜਿਹਾ ਸੀ ਪੰਜਾਬੀ ਸ਼ਾਇਰ ਡਾ. ਜਗਤਾਰ। ਜੜ੍ਹਾਂ ਸਲਾਮਤ, ਚਾਰ-ਚੁਫੇਰੇ ਫੈਲਿਆ, ਪਰ ਹਰ ਪਲ ਬੇਚੈਨ। ਉਸਦੇ ਟਾਹਣਾਂ ਨਾਲ ਹਿੰਮਤੀ ਬੰਦਾ ਹੀ ਪੀਂਘ ਪਾ ਸਕਦਾ ਸੀ। ਮੈਨੂੰ ਮਾਣ ਹੈ ਕਿ ਮੈਂ ਡਾ. ਜਗਤਾਰ ਦੇ ਟਾਹਣਾਂ ਨਾਲ ਕਈ ਵਰ੍ਹੇ ਲਗਾਤਾਰ ਪਿਆਰ ਪੀਂਘਾ ਝੂਟੀਆਂ ਹਨ। ਉਹ ਦਹਿਸ਼ਤ ਗਰਦ ਨਹੀਂ ਸੀ, ਪਰ ਸਾਹਿਤ ਦੇ ਖੇਤਰ ’ਚ ਬਹੁਤ ਬੰਦੇ ਉਸਤੋਂ ਕੰਨ ਭੰਨਦੇ ਸਨ। ਨੇੜੇ ਆਉਣ ਤੋਂ ਤ੍ਰਭਕਦੇ।
ਹੱਥ ਨਾ ਲਾਈਂ ਕਸੁੰਭੜੇ, ਜਲ ਜਾਸੀ ਢੋਲਾ।
ਮੈਂ ਕਸੁੰਭੜਾ ਚੁਣਿਆ ਹੈ, ਇਸਦੇ ਪੱਕੇ ਚੌਲ ਝਾੜ-ਝਾੜ ਦੱਬੇ ਹਨ। ਚਿੱਟੇ-ਚਿੱਟੇ ਕਸੁੰਬੜੇ ਦੇ ਬੀਜ। ਕੰਡਿਆਲੇ ਫੁੱਲਾਂ ’ਚ ਏਨੀ ਕੋਮਲਤਾ ਵੀ ਹੋ ਸਕਦੀ ਹੈ, ਪਹਿਲੀ ਵਾਰੀ ਅੱਖੀਂ ਵੇਖਿਆ। ਮੈਂ ਡਾ. ਜਗਤਾਰ ਨੂੰ 1970 ’ਚ ਪਹਿਲੀ ਵਾਰ ਗੁਰੂ ਨਾਨਕ ਕਾਲਜ ਕਾਲਾ ਅਫਗਾਨਾ (ਗੁਰਦਾਸਪੁਰ) ’ਚ ਹੋਏ ਗੁਰੂ ਨਾਨਕ ਦੇਵ ਸ਼ਤਾਬਦੀ ਕਵੀ ਦਰਬਾਰ ’ਚ ਸੁਣਿਆ। ਮੇਰੇ ਅਧਿਆਪਕ ਤੇ ਸ਼ਾਇਰ ਸੁਰਿੰਦਰ ਗਿੱਲ ਦੀ ਹਿੰਮਤ ਸਦਕਾ ਇਹ ਵਿਸ਼ਾਲ ਕਵੀ ਦਰਬਾਰ ਹੋ ਸਕਿਆ। ਇਸ ਵਿੱਚ ਪ੍ਰੋ. ਮੋਹਨ ਸਿੰਘ, ਸਰਦਾਰ ਸੂਬਾ ਸਿੰਘ, ਸ.ਸ.ਮੀਸ਼ਾ, ਡਾ. ਜਗਤਾਰ, ਸਤਿੰਦਰ ਸਿੰਘ ਨੂਰ, ਹਰਭਜਨ ਸਿੰਘ ਹੁੰਦਲ, ਸੁਰਜੀਤ ਪਾਤਰ, ਕਸ਼ਮੀਰ ਕਾਦਰ, ਡਾ. ਹਰਿਭਜਨ ਸਿੰਘ ਵਰਗੇ ਵੱਡੇ ਸ਼ਾਇਰ ਸ਼ਾਮਿਲ ਹੋਏ। ਕਵੀ ਦਰਬਾਰ ’ਚ ਸੁਰਿੰਦਰ ਗਿੱਲ ਨੇ ਜਦ ਡਾ. ਜਗਤਾਰ ਨੂੰ ਪੇਸ਼ ਕੀਤਾ ਤਾਂ ਦੱਸਿਆ ਕਿ ਅਸਾਂ ਲੋਕਾਂ ਨੇ ਡਾ. ਜਗਤਾਰ ਵਰਗੇ ਪਰਪੱਕ ਸ਼ਾਇਰਾਂ ਨੂੰ ਪੜ੍ਹ-ਪੜ੍ਹ ਕੇ ਲਿਖਣਾ ਸਿਖਿਆ ਹੈ। ਅਸੀਂ ਕੰਨ ਖੜੇ ਕਰ ਲਏ। ਡਾ. ਜਗਤਾਰ ਨੇ ਨਜ਼ਮ ਛੋਹੀ।
ਆਓ ਪੁਰਾਣੀ ਰਸਮ ਦੁਹਰਾਈਏ।
ਇਸ ਨਜ਼ਮ ’ਚ ਗੱਲ ਇਹੀ ਸੀ ਕਿ ਕਿਸੇ ਦੀਵਾਰ, ਛੁੱਟੜ ਖੂਹ ਸਾਂ, ਰੁੱਖ ਦੀ ਖੋੜ ’ਚ ਉੱਗਣ ਦਾ ਕੀ ਫਾਇਦਾ ਜੇ ਉੱਗਣਾ ਹੈ ਤਾਂ ਧਰਤੀ ’ਚ ਉੱਗੀਏ। ਉਸਦਾ ਕਰਾਰਾ ਅੰਦਾਜ਼ ਮੈਨੂੰ ਭਾਇਆ। ਚਿਣ ਕੇ ਬੱਧੀ ਦਸਤਾਰ, ਕਤਰਵੀਂ ਦਾਹੜੀ, ਵੇਖਣ ਨੂੰ ਉਹੋ ਸ਼ਾਇਰ ਘੱਟ ਤੇ ਪੁਲਸ ਅਧਿਕਾਰੀ ਵੱਧ ਲੱਗਦਾ। ਉਸਦਾ ਰੋਅਬਦਾਰ ਸਲੀਕਾ ਉਸਨੂੰ ਆਮ ਸ਼ਾਇਰਾਂ ਤੋਂ ਨਿਖੇੜਦਾ। ਸਕੂਲ ਅਧਿਆਪਕ ਹੋ ਕੇ ਵੀ ਉਹ ਯੂਨੀਵਰਸਿਟੀਆਂ ਦੇ ਪੋਸਟ ਗਰੈਜੁਏਟ ਸਿਲੇਬਸ ’ਚ ਪੜ੍ਹਾਇਆ ਜਾਂਦਾ ਸੀ। ਮੈਨੂੰ ਉਹਨਾਂ ਦੀ ਇੱਕ ਹੋਰ ਨਜ਼ਮ ‘‘ਨਿਆਂਸ਼ਾਲਾ ਵਿੱਚ ਲਿਆਂਦਾ ਗਿਆ ਦੋਸ਼ੀ’’ ਤ੍ਰੈਮਾਸਿਕ ਪੱਤਰ ਸਿਰਜਣਾ ਵਿੱਚ ਪੜ੍ਹਨ ਨੂੰ ਮਿਲੀ। ਮੈਂ ਇਹ ਕਵਿਤਾ ਪੜ੍ਹ ਕੇ ਝੰਜੋੜਿਆ ਗਿਆ। ਬਿਲਕੁੱਲ ਨਵਾਂ ਅੰਦਾਜ਼ ਲੱਗਿਆ, ਜਿਵੇਂ ਕਿ ਉਹ ਤੁਹਾਡੇ ਨਾਲ ਗੱਲਾਂ ਕਰਦਾ ਹੈ। 1971 ’ਚ ਮੈਂ ਲੁਧਿਆਣੇ ਪੜ੍ਹਨ ਆ ਗਿਆ। ਏਥੇ ਡਾ. ਐੱਸ.ਪੀ. ਸਿੰਘ ਜੀ ਦੇ ਕਹਿਣ ’ਤੇ ਮੈਂ ਡਾ. ਜਗਤਾਰ ਦੀ ਕਾਵਿ ਪੁਸਤਕ ‘ਦੁੱਧ ਪੱਥਰੀ’ ਪੜ੍ਹੀ। ਉਸਦੇ ਕੁੱਝ ਪੁਰਾਣੇ ਗੀਤ ਸਾਹਿਤਿਕ ਮੈਗਜ਼ੀਨ ਵਿੱਚੋਂ ਪੜ੍ਹੇ। ਇੱਕ ਗੀਤ ਸੀ
‘ਹਵਾ ਦੇ ਵਿੱਚ ਉੱਡਦੀ ਫਿਰੇ ਮੇਰੀ ਤਿੱਤਰਾਂ ਵਾਲੀ ਫੁਲਕਾਰੀ।
ਅੱਗੇ ਅੱਗੇ ਮੈਂ ਤੁਰਦੀ, ਮੇਰੇ ਤੁਰਦੇ ਨੇ ਮਗਰ ਸ਼ਿਕਾਰੀ।’
ਇਹ ਗੀਤ ਪੜ੍ਹ ਕੇ ਮੈਂ ਸਰੂਰਿਆ ਗਿਆ। ਇਹਨਾਂ ਦਿਨਾਂ ’ਚ ਹੀ ਉਹਨਾਂ ਦੀ ਕਿਤਾਬ ‘ਲਹੂ ਦੇ ਨਕਸ਼’ ਆਈ। ਇਸ ਕਿਤਾਬ ਨੇ ਵੀ ਪੂਰੇ ਪੰਜਾਬ ਨੂੰ ਹਲੂਣਿਆਂ। ਗਜ਼ਲਾਂ ’ਚ ਕਮਾਲ ਦੀ ਰਵਾਨੀ ਸੀ।
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ ।
ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖ਼ੂਨ ਮੇਰਾ ।
ਇਤਿਹਾਸ ਦੇ ਸਫ਼ੇ ‘ਤੇ, ਤੇ ਵਕਤ ਦੇ ਪਰਾਂ ‘ਤੇ,
ਉਂਗਲਾਂ ਡੁਬੋ ਲਹੂ ਵਿੱਚ, ਲਿਖਿਆ ਹੈ ਨਾਮ ਤੇਰਾ ।
ਹਰ ਕਾਲ ਕੋਠੜੀ ਵਿੱਚ ਤੇਰਾ ਹੈ ਜ਼ਿਕਰ ਏਦਾਂ,
ਗਾਰਾਂ ‘ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ ।
ਆ ਆ ਕੇ ਯਾਦ ਤੇਰੀ, ਜੰਗਲ ਗ਼ਮਾਂ ਦਾ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ ।
ਪੈਰਾਂ ‘ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ ।
ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਐ, ਮਹਿਬੂਬ ਅੰਤ ਮੇਰਾ।
ਇੱਕ ਹੋਰ ਗਜ਼ਲ ਸੀ
ਖੂਨ ਲੋਕਾਂ ਦਾ ਹੈ, ਇਹ ਪਾਣੀ ਨਹੀਂ।
ਇਸਦੀ ਸੁਰਖੀ ਕਦੇ ਜਾਣੀ ਨਹੀਂ।
ਤੇਰੇ ਲਈ ਛਣਕਾ ਕੇ ਲੰਘੇ ਬੇੜੀਆਂ
ਤੂੰ ਹੀ ਸਾਡੀ ਚਾਲ ਪਹਿਚਾਣੀ ਨਹੀਂ।
ਇਸ ਸਮੇਂ ਤੀਕ ਮੈਂ ਡਾ. ਜਗਤਾਰ ਨੂੰ ਕਦੇ ਨਹੀਂ ਸੀ ਮਿਲਿਆ। ਇਸ ਕਿਤਾਬ ਨੂੰ ਪੜ੍ਹਲ ਕੇ ਮਿਲਣ ਦੀ ਤਾਂਘ ਜਾਗੀ। ਉਦੋਂ ਉਹ ਪੰਜਾਬ ਯੂਨੀਵਰਸਿਟੀ ’ਚ ਜਾ ਚੁੱਕੇ ਸਨ। ਡਾ. ਵਿਸ਼ਵ ਨਾਥ ਤਿਵਾੜੀ ਦੀ ਕੋਸ਼ਿਸ ਸੀ ਕਿ ਡਾ. ਜਗਤਾਰ ਸਕੂਲ ਅਧਿਆਪਨ ਛੱਡ ਕੇ ਯੂਨੀਵਰਸਿਟੀ ਜਾਂ ਕਾਲਜ ’ਚ ਪੜ੍ਹਾਵੇ। ਬਾਬਾ ਫਰੀਦ ਚੇਅਰ ਵਾਂਗ ਹੀ ਜਦ ਭਾਈ ਵੀਰ ਸਿੰਘ ਚੇਅਰ ਦੀ ਸਥਾਪਨਾ ਹੋਈ ਤਾਂ ਡਾ. ਤਿਵਾੜੀ ਇਸ ਚੇਅਰ ਦੇ ਚੇਅਰਮੈਨ ਬਣੇ। ਡਾ. ਜਗਤਾਰ ਇਸ ਯੂਨੀਵਰਸਿਟੀ ਵਿੱਚ ਰਿਸਰਚ ਫੈਲੋ ਵਜੋਂ ਕਾਰਜਸ਼ੀਲ ਸਨ। ਇਸ ਵਕਤ ਹੀ ਉਹਨਾਂ ਪਾਕਿਸਤਾਨ ਦੀ ਪੰਜਾਬੀ ਕਵਿਤਾ ਦਾ ਮੁੱਲਵਾਨ ਸੰਗ੍ਰਹਿ ‘ਦੁੱਖ ਦਰਿਆਓਂ ਪਾਰ ਦੇ’ ਡਾ. ਜਗਤਾਰ ਨਾਲ ਰਲ ਕੇ ਸੰਪਾਦਿਤ ਕੀਤਾ। ਇਸ ਕਿਤਾਬ ਨੇ ਹੀ ਅਸਲ ਵਿੱਚ ਪਾਕਿਸਤਾਨ ’ਚ ਲਿਖੀ ਜਾ ਰਹੀ ਕਵਿਤਾ ਨੂੰਏਧਰਲੇ ਪੰਜਾਬ ਨਾਲ ਮਿਲਵਾਇਆ। ਭਾਈ ਵੀਰ ਸਿੰਘ ਸੰਦਰਭ ਕੋਸ਼ ਵੀ ਉਹਨਾਂ ਦੀ ਮਹੱਤਵਪੂਰਨ ਖੋਜ ਪੁਸਤਕ ਸੀ। ਇਵੇਂ ਹੀ ਸੂਫੀ ਕਵਿਤਾ ’ਚ ‘ਪਿਛੋਕੜ’ ਵੀ ਡਾ. ਜਗਤਾਰ ਦੀ ਵਡਮੁੱਲੀ ਕਿਰਤ ਬਣੀ।
ਇਸ ਸਮੇਂ ਦੌਰਾਨ ਮੈਂ 1975-76 ’ਚ ਐੱਮ.ਏ. ਕਰਦਿਆਂ ਕਵੀ ਦਰਬਾਰਾਂ ’ਚ ਜਾਣਾ ਸ਼ੁਰੂ ਕਰ ਦਿੱਤਾ ਸੀ। ਇੱਕ ਕਵੀ ਦਰਬਾਰ ਗੌਰਮਿੰਟ ਕਾਲਜ ਫਾਰ ਵਿਮਨ ਪਟਿਆਲਾ ’ਚ ਪ੍ਰੋ. ਮਨੋਹਰ ਕੌਰ ਅਰਪਣ ਜੀ ਨੇ ਕਰਵਾਇਆ। ਜਿਸ ਵਿੱਚ ਸੱਭ ਤੋਂ ਨਿੱਕੀ ਉਮਰ ਦਾ ਕਵੀ ਮੈਂ ਹੀ ਸਾਂ। ਮੈਨੂੰ ਦੱਸਿਆ ਗਿਆ ਕਿ ਸਿਰਜਣਾ ’ਚ ਛਪੀ ਮੇਰੀ ਕਵਿਤਾ ‘ਸ਼ੀਸ਼ਾ ਝੂਠ ਬੋਲਦਾ ਹੈ’ ਸਦਕਾ ਪ੍ਰੋ. ਮਨੋਹਰ ਕੌਰ ਦੇ ਪਤੀ ਤੇ ਪ੍ਰਸਿੱਧ ਨਾਟਕਕਾਰ ਡਾ. ਸੁਰਜੀਤ ਸਿੰਘ ਸੇਠੀ ਨੇ ਮੇਰੀ ਸਿਫਾਰਸ਼ ਕੀਤੀ ਸੀ। ਇਸ ਕਵੀ ਦਰਬਾਰ ’ਚ ਡਾ. ਜਗਤਾਰ ਨੂੰ ਮੈਂ ਪਹਿਲੀ ਵਾਰ ਮਿਲਿਆ। ਮਿਲਾਇਆ ਵੀ ਵੱਡੇ ਵੀਰ ਤੇ ਸ਼ਾਇਰ ਤਿਰਲੋਚਨ (ਬੱਤਾ) ਰੋਪੜ ਵਾਲੇ ਨੇ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਜੀ ਨੇ ਕੀਤੀ ਸੀ।
ਕਵੀ ਦਰਬਾਰ ਤੋਂ ਬਾਦ ਤਿਰਲੋਚਨ ਟਹਿਲ ਸੇਵਾ ਲਈ ਡਾ. ਜਗਤਾਰ ਨੂੰ ਆਪਣੇ ਕਮਰੇ ਵਿੱਚ ਲੈ ਕੇ ਜਾਣਾ ਚਾਹੁੰਦਾ ਸੀ। ਡਾ. ਜਗਤਾਰ ਨੇ ਮੈਨੂੰ ਵੀ ਨਾਲ ਤੋਰ ਲਿਆ। ਮੈਂ ਲੁਧਿਆਣਿਓਂ ਡਾ. ਰਣਧੀਰ ਸਿੰਘ ਚੰਦ ਨਾਲ ਬੱਸ ਚੜ੍ਹ ਕੇ ਪਟਿਆਲੇ ਗਿਆ ਸਾਂ। ਉਦੋਂ ਇਹੀ ਰਿਵਾਜ਼ ਸੀ, ਹੁਣ ਵਾਂਗ ਕਾਰਾਂ ਵਾਲੇ ਕਵੀ ਨਹੀਂ ਸਨ ਹੁੰਦੇ। ਚੰਦ ਤੇ ਡਾ. ਜਗਤਾਰ ਦਾ ਮਨ ਮੁਟਾਵ ਜੱਗ ਜਾਹਰ ਸੀ। ਦੋਹਾਂ ਦਾ ਪਹਿਲਾਂ ਪਿਆਰ ਵੀ ਮਿਸਾਲੀ ਸੀ ਤੇ ਮਗਰੋਂ ਦੁਸ਼ਮਣੀ ਵੀ। ਦੋਵੇਂ ਇੱਕ ਦੂਜੇ ਨੂੰ ਭੋਰਾ ਨਹੀਂ ਸੀ ਜਰਦੇ। ਡਾ. ਚੰਦ ਨੇ ਜਗਤਾਰ ਨਾਲ ਤੁਰਨਾ ਨਹੀਂ ਸੀ ਤੇ ਮੇਰੀ ਨਾਂਹ ਕਰਨ ਦੀ ਹਿੰਮਤ ਨਾ ਪਵੇ। ਅਖੀਰ ਤਿਰਲੋਚਨ ਨੇ ਡਾ. ਚੰਦ ਨੂੰ ਨਾਲ ਤੁਰਨ ਲਈ ਮਨਾਂ ਲਿਆ। ਅੱਧਾ ਪੌਣਾ ਕਿਲੋਮੀਟਰ ਤੁਰੇ ਜਾਂਦਿਆਂ ਤਿਰਲੋਚਨ ਨੇ ਸੁਲਾਹ ਸਫਾਈ ਦੀ ਗੱਲ ਛੋਹ ਕੇ ਕਮਰੇ ਤੀਕ ਪਹੁੰਚਣ ਤੋਂ ਪਹਿਲਾਂ ਦੋਹਾਂ ਨੂੰ ਬਗਲਗੀਰ ਕਰ ਦਿੱਤਾ। ਇਸ ਮਗਰੋਂ ਦੋਵੇਂ ਅੱਥਰੂ ਅੱਥਰੂ ਸਨ। ਸਿਆਣੀ ਉਮਰ ਦੇ ਸ਼ਾਇਰ ਮੈਂ ਪਹਿਲੀ ਵਾਰ ਪਛਤਾਵੇ ਦੇ ਅੱਥਰੂ ਕੇਰਦੇ ਦੇਖੇ। ਹੁਣ ਦੇ ਸਮੇਂ ’ਚ ਤਾਂ ਫਾਲ ਲਾਉਣ ਦਾ ਵੇਲਾ ਨਹੀਂ ਖੁੰਝਾਉਂਦੇ।
ਇਸ ਮੁਲਾਕਾਤ ਤੋਂ ਮਗਰੋਂ ਡਾ. ਜਗਤਾਰ ਮੇਰੇ ਲਈ ਵੱਡੇ ਭਾਈ ਬਣ ਗਏ। ਉਹਨਾਂ ਦੀ ਹਰ ਪੁਸਤਕ ਨੂੰ ਸੱਭ ਤੋਂ ਪਹਿਲਾਂ ਖਰੀਦ ਕੇ ਪੜ੍ਹਨਾ ਮੇਰਾ ਸ਼ੌਕ ਬਣ ਗਿਆ। ਡਾ. ਜਗਤਾਰ ਦੀ ਗਜ਼ਲ ਤੇ ਨਜ਼ਮ ਦਾ ਇੱਕੋ ਜਿਹਾ ਕਦਰਦਾਨ ਹਾਂ। ਵਾਰਤਕ ਵਿੱਚ ਤਾਂ ਉਹ ਹੋਰ ਵੀ ਤਰਲ ਹੋ ਜਾਂਦੇ।
ਡਾ. ਜਗਤਾਰ ਦਾ ਸ਼ੌਕ ਪੁਰਾਣੇ ਸਿਕਿਆਂ ਨੂੰ ਇਕੱਠਾ ਕਰਨਾ ਵੀ। ਪੁਰਾਣੇ ਕੰਧ ਚਿੱਤਰਾਂ ਨੂੰ ਕੈਮਰਾ ਫੋਟੋਆਂ ਰਾਹੀਂ ਉਹਨਾਂ ਬਹੁਤ ਫਿਰ ਤੁਰ ਕੇ ਸੰਭਾਲਿਆ। ਉਹਨਾਂ ਦਾ ਇਹ ਖੋਜ ਕਾਰਜ ਹਾਲੇ ਤੀਕ ਅਣਛਪਿਆ ਪਿਆ ਹੈ। ਪਰਵਾਰ ਦੀ ਮਦਦ ਨਾਲ ਇਹ ਕੰਮ ਪੰਜਾਬ ਦੀ ਕਿਸੇ ਯੂਨੀਵਰਸਿਟੀ ਜਾਂ ਆਰਟ ਕੌਂਸਲ ਨੂੰ ਕਰ ਲੈਣਾ ਚਾਹੀਦਾ ਹੈ।
ਕੰਧ ਚਿੱਤਰਾਂ ਬਾਰੇ ਗੱਲ ਛੇੜ ਲਵੋ ਤਾਂ ਉਹ ਘੰਟਿਆਂ ਬੱਧੀ ਬੋਲਦੇ। ਮੰਦਰਾਂ, ਗੁਰਦੁਆਰਿਆਂ ਤੇ ਸਾਂਝੇ ਭਵਨਾਂ ਅੰਦਰ ਬਣੇ ਹੋਏ ਕੰਧ ਚਿੱਤਰਾਂ ਦੀ ਵਿਆਖਿਆ ਹੋਰ ਵੀ ਰਸਵੰਤੀ ਹੋ ਜਾਂਦੀ, ਜਦ ਡਾ. ਜਗਤਾਰ ਦੱਸਦੇ।
ਮੇਰੀ ਗਜ਼ਲ ਪੁਸਤਕ ‘ਮਨ ਦੇ ਬੂਹੇ ਬਾਰੀਆਂ’ ਦਾ ਮੁੱਖਬੰਦ ਲਿਖਦਿਆਂ ਉਹਨੇ ਮੈਨੂੰ ਨਿਰੋਲ ਪੰਜਾਬੀ ਗਜ਼ਲ ਦਾ ਸਿਰਜਕ ਕਿਹਾ। ਮੈਨੂੰ ਯਕੀਨ ਨਾ ਆਵੇ ਕਿ ਇਹ ਸਨਦ ਡਾ. ਜਗਤਾਰ ਨੇ ਜਾਰੀ ਕੀਤੀ ਹੈ। ਜੋ ਆਪ ਗਜ਼ਲ ਯੂਨੀਵਰਸਿਟੀ ਦਾ ਅਣਐਲਾਨਿਆ ਵਾਈਸ ਚਾਂਸਲਰ ਹੈ।
ਡਾ. ਜਗਤਾਰ ਕੋਲੋਂ ਸਿੱਖਣ ਲਈ ਬਹੁਤ ਕੁੱਝ ਸੀ। ਉਹ ਮਰੇ ਰਿਸ਼ਤਿਆਂ ਦਾ ਭਾਰ ਨਹੀਂ ਸੀ ਢੋਂਦੇ। ਆਪਣੇ ਆਭਾ ਮੰਡਲ ’ਚ ਸਿਰਫ ਉਹਨਾਂ ਰੂਹਾਂ ਨੂੰ ਹੀ ਦਾਖਲਾ ਦਿੰਦੇ, ਜੋ ਉਹਨਾਂ ਦੀਆਂ ਕੌੜੀਆਂ ਕੁਸੈਲੀਆਂ ਦੇ ਅਰਥ ਸਮਝਦੇ ਹੋਣ। ਅਨਰਥ ਨਾ ਕਰਨ।
2001 ਵਿੱਚ ਮੈਨੂੰ ਡਾ. ਜਗਤਾਰ ਦੀ ਸੰਗਤ ਪੂਰਾ ਇੱਕ ਹਫਤਾ ਮਾਨਣ ਦਾ ਮੌਕਾ ਮਿਲਿਆ। ਲਹੌਰ ’ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੇ ਡੈਲੀਗੇਟ ਵਜੋਂ ਡਾ. ਸਤਿੰਦਰ ਸਿੰਘ ਨੂਰ ਨੇ ਡਾ. ਜਗਤਾਰ, ਅਜਮੇਰ ਸਿੰਘ ਔਲਖ, ਵਰਿਆਮ ਸਿੰਘ ਸੰਧੂ, ਪ੍ਰਿੰਸੀਪਲ ਸਰਵਣ ਸਿੰਘ, ਸੁਖਦੇਵ ਸਿੰਘ ਸਿਰਸਾ, ਇੰਦਰਜੀਤ ਹਸਨਪੁਰੀ ਅਤੇ ਹੋਰ ਲਿਖਾਰੀਆਂ ਦੇ ਨਾਲ ਹੀ ਮੈਨੂੰ ਵੀ ਡੈਲੀਗੇਸ਼ਨ ’ਚ ਸ਼ਾਮਲ ਕਰ ਲਿਆ। ਡਾ. ਜਗਤਾਰ ਦਾ ਪਾਕਿਸਤਾਨ ’ਚ ਰਾਜਭਾਗ ਵੇਖਣ ਵਾਲਾ ਹੀ ਸੀ। ਉਹਨਾਂ ਦੇ ਮਿੱਤਰਾਂ ’ਚੋਂ ਅੱਬਾਸ ਅਤਹਰ ਨਾਲ ਹੁੰਦੀ ਚੁੰਜ ਚਰਚਾ ਮੇਰੀ ਯਾਦ ਪੋਟਲੀ ’ਚ ਸਾਂਭੀ ਪਈ ਹੈ। ਅਬਦੁਲ ਕਰੀਮ ਕੁਦਸੀ ਵਰਗੇ ਪ੍ਰਪੱਕ ਸ਼ਾਇਰ ਨਾਲ ਡਾ. ਜਗਤਾਰ ਦੀ ਦੋਸਤੀ ਸੀ। ਕੁਦਸੀ ਦੇ ਭਣੇਵੇਂ ਇਕਬਾਲ ਨਾਲ ਅਸੀਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਆਏ। ਇਕਬਾਲ ਕਾਰ ਚਲਾ ਰਿਹਾ ਸੀ। ਮੈਂ ਅਗਲੀ ਸੀਟ ’ਤੇ ਸੀ ਤੇ ਪਿਛਲੀ ਸੀਟ ’ਤੇ ਇੱਕ ਪਾਸੇ ਕੁਦਸੀ ਤੇ ਦੂਜੇ ਬੰਨੇ ਡਾ. ਜਗਤਾਰ। ਵਿਚਕਾਰ ਸੁਖਦੇਵ ਸੀ। ਸੁਖਦੇਵ ਨੂੰ ਕਾਰ ਦੀ ਹੁੱਡ ਚੁੱਭੇ ਅਤੇ ਉੱਪਰੋਂ ਡਾ. ਜਗਤਾਰ ਦੀ ਤਲਖ ਕਲਾਮੀ ਦਾ ਸੇਕ। ਪਤਾ ਨਹੀਂ ਦਿਨ ਕਿਹੋ ਜਿਹਾ ਸੀ, ਰਾਹ ’ਚ ਕਾਰ ਦੋ ਵਾਰ ਪੰਚਰ ਹੋਈ। ਡਾ. ਜਗਤਾਰ ਦਾ ਪਾਰਾ ਸੱਤਵੇਂ ਅਸਮਾਨ ’ਤੇ ਅਖੇ ਕਾਰ ਵਾਰ-ਵਾਰ ਕਿਉਂ ਪੰਚਰ ਹੋ ਰਹੀ ਹੈ, ਸ਼ੇਖੂਪੁਰਾ ਪਹੁੰਚ ਕੇ ਟਿਊਬਾਂ ਬਦਲਾਉਣ ਲੱਗੇ ਤਾਂ ਦੁਕਾਨਦਾਰ ਕਹੇ, ਟਿਊਬਾਂ ਤਾਂ ਹੁਣ ਕੋਈ ਪਵਾਉਂਦਾ ਨਹੀਂ, ਟਿਉਬਲੈੱਸ ਟਾਇਰ ਪਵਾ ਲਵੋ। ਡਾ. ਜਗਤਾਰ ਦਾ ਅਦੇਸ਼ ਸੀ। ਪਰ ਕਿਉਂ ? ਅਗਲਾ ਸਿਆਪਾ ਇਹ ਕਿ ਟਾਇਰ ਤਾਂ ਲੈ ਲਏ, ਪਰ ਫਿੱਟ ਨਾ ਹੋਣ। ਅਖੇ ਟਿਊਬਲੈੱਸ ਟਾਇਰ ਦੇ ਰਿੰਮ ਹੋਰ ਹੁੰਦੇ ਨੇ। ਡਾ. ਜਗਤਾਰ ਕਿਹਾ, ਇਹ ਵੀ ਪਾ ਦਿਓ। ਸ਼ਹਿਨਸ਼ਾਹੀ ਹੁਕਮ ਹੋ ਰਿਹਾ ਸੀ। ਬਿੱਲ ਬਣਾਇਆ ਤਾਂ ਡਾ. ਜਗਤਾਰ ਬਟੂਆ ਕੱਢ ਕੇ ਬਹਿ ਗਿਆ, ਅਖੇ ਭਾਣਜੇ ਪੈਸੇ ਮੈਂ ਦਿਆਂਗਾ। ਪਰ ਇਕਬਾਲ ਨੇ ਹੁਕਮ ਅਦੂਲੀ ਕਰਕੇ ਕਰੈਡਿਟ ਕਾਰਡ ਘਸਾ ਦਿੱਤਾ। ਇਹ ਸੀ ਸਾਡਾ ਬੇਤਾਜ ਬਾਦਸ਼ਾਹ।
ਡਾ. ਜਗਤਾਰ ਮੇਰੇ ਨਾਲ ਕਵੀ ਦਰਬਾਰ ’ਚ ਡਾ. ਜੋਗਿੰਦਰ ਕੈਰੋਂ ਵੱਲੋਂ ਸ਼ਰਾਬੀ ਹਾਲਤ ’ਚ ਕੀਤੀ ਬਦਸਲੂਕੀ ਦਾ ਜਦ ਡਾ. ਜਗਤਾਰ ਨੂੰ ਪਤਾ ਲੱਗਾ, ਤਾਂ ਉਹ ਉੱਬਲਿਆ ਫਿਰੇ। ਇਹ ਉਬਾਲ ਡਾ. ਜਗਤਾਰ ਨੇ ਆਪਣੇ ਪਾਕਿਸਤਾਨੀ ਸਫਰਨਾਮੇ “ਸਤਿਲੁਜ ਤੋਂ ਹੜੱਪਾ ਤੀਕ”ਚ ਅੱਖਰ ਅੱਖਰ ਲਿਖ ਦਿੱਤਾ ਤਾਂ ਕਿ ਸਨਦ ਰਹੇ। ਡਾ. ਜਗਤਾਰ ਕਵੀ ਦਰਬਾਰ ’ਚ ਸ਼ਾਮਿਲ ਨਹੀਂ ਸੀ ਹੋਇਆ, ਪਰ ਉਸਨੂੰ ਉੱਥੇ ਹੀ ਸਮਝੋ। ਪ੍ਰਧਾਨਗੀ ਮੰਡਲ ’ਚ ਬੈਠੇ ਵੱਡੇ ਕਵੀ ਮੁਨੀਰ ਨਿਆਜ਼ੀ ਕਤੀਲ ਸ਼ਿਫਾਈ, ਅਹਿਮਦ ਰਾਹੀ ਅਤੇ ਪ੍ਰੋ. ਸ਼ਰੀਫ ਕੁੰਜਾਹੀ ਵਾਰ-ਵਾਰ ਸਾਨੂੰ ਡਾ. ਜਗਤਾਰ ਬਾਰੇ ਹੀ ਪੁੱਛਦੇ ਰਹੇ ਕਿ ਸਰਦਾਰ ਜੀ ਕਿਉਂ ਨਹੀਂ ਆਏ ।
ਡਾ. ਜਗਤਾਰ ਜਦ ਵੀ ਕਦੇ ਲੁਧਿਆਣੇ ਆਉਂਦੇ ਤਾਂ ਸੁਨੇਹਾ ਭੇਜ ਕੇ ਬੁਲਾ ਲੈਂਦੇ। ਸਦੀਵੀ ਅਲਵਿਦਾ ਤੋਂ ਕੁਝ ਸਮਾਂ ਪਹਿਲਾਂ ਹੀ ਉਹ ਲੁਧਿਆਣੇ ਦੇ ਮੈਡੀਸਿਟੀ ਹਸਪਤਾਲ ’ਚ ਆਪਣੇ ਡਾਕਟਰ ਕੋਲ ਆਏ, ਤਾਂ ਵਾਪਸੀ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ’ਚ ਮੇਰੇ ਕਮਰੇ ਅੰਦਰ ਪਹੁੰਚ ਗਏ। ਗਰਮੀ ਬਹੁਤ ਸੀ। ਮੈਂ ਆਪਣੇ ਉੱਚ ਅਧਿਕਾਰੀ ਦੇ ਠੰਡੇ ਕਮਰੇ ’ਚ ਲੈ ਗਿਆ। ਮੈਨੂੰ ਸਮਝ ਨਾ ਪਵੇ ਕਿ ਕੀ ਕਰਾਂ, ਏਡਾ ਵੱਡਾ ਸ਼ਾਇਰ ਬੀਮਾਰੀ ਦੀ ਹਾਲਤ ਮਿਲਣ ਆਇਆ। ਪਹਿਲਾ ਫਿਕਰਾ ਸੀ, ‘ਬਹੁਤ ਦਿਨਾਂ ਤੋਂ ਤੈਨੂੰ ਮਿਲਣਾ ਚਾਹੁੰਦਾ ਸਾਂ।’
ਸਾਡੀ ਯੂਨੀਵਰਸਿਟੀ ਦੇ ਉਦੋਂ ਡਾ. ਮਨਜੀਤ ਸਿੰਘ ਕੰਗ ਵਾਈਸ ਚਾਂਸਲਰ ਸਨ। ਕਿਸੇ ਕੰਮ ਲਈ ਉਹਨਾਂ ਮੈਨੂੰ ਫੋਨ ’ਤੇ ਬੁਲਾਇਆ ਤਾਂ ਮੈਂ ਦੱਸਿਆ ਕਿ ਡਾ. ਜਗਤਾਰ ਆਏ ਹੋਏ ਨੇ । ਪੰਜ ਮਿੰਟਾਂ ’ਚ ਹੀ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਸਾਡੇ ਡਾ. ਜਗਤਾਰ ਨੂੰ ਮਿਲਣ ਲਈ ਸਾਡੇ ਦਫਤਰ ’ਚ ਸਨ।
ਲੰਮੀਆਂ ਡਾਰਾਂ ਨੇ ਯਾਦਾਂ ਦੀਆਂ। ਬਾਕੀ ਕਦੇ ਫੇਰ ਸਹੀ।
▪️ਗੁਰਭਜਨ ਸਿੰਘ ਗਿੱਲ(ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ,
ਲੁਧਿਆਣਾ
Leave a Comment
Your email address will not be published. Required fields are marked with *