ਪੁਸਤਕਾਂ ਗਿਆਨ ਦਾ ਭੰਡਾਰ ਹਨ ਅਤੇ ਜੀਵਨ ਨੂੰ ਬਦਲਣ ਦਾ ਬਲ ਰੱਖਦੀਆਂ ਹਨ। ਲਾਇਬ੍ਰੇਰੀ ਉਹ ਸਥਾਨ ਹੈ ਜਿੱਥੇ ਗਿਆਨ ਦੇ ਵਾਧੇ ਲਈ ਪੁਸਤਕਾਂ ਦਾ ਭੰਡਾਰ ਇਸ ਉਡੀਕ ਵਿੱਚ ਹੈ ਕਿ ਕੋਈ ਆਵੇ ਆਪਣਾ ਸਮਾਂ ਬਤੀਤ ਕਰੇ ਜੀਵਨ ਨੂੰ ਨਵੀਂ ਦਿਸ਼ਾ ਵੱਲ ਲੈ ਜਾਵੇ। ਲਾਇਬ੍ਰੇਰੀ ਵਿੱਚ ਹਰ ਵਿਸ਼ੇ ਨਾਲ ਸੰਬੰਧਤ ਪੁਸਤਕਾਂ ਸ਼ਾਮਲ ਹੁੰਦੀਆਂ ਹਨ। ਚੰਗੀ ਲਾਇਬ੍ਰੇਰੀ ਵਿੱਚ ਹਰ ਉਮਰ ਤੇ ਹਰ ਲੋੜ ਦੇ ਪਾਠਕ ਨੂੰ ਕੇਂਦਰ ਵਿੱਚ ਰੱਖਦਿਆਂ ਪੁਸਤਕਾਂ ਰੱਖੀਆਂ ਜਾਂਦੀਆਂ ਹਨ। ਸਾਹਿਤ ਦੇ ਪਾਠਕਾਂ ਲਈ ਹਰ ਸਾਹਿਤ ਰੂਪਾਂ ਦੀਆਂ ਪੁਸਤਕਾਂ ਹੁੰਦੀਆਂ ਹਨ। ਖੋਜ ਨਾਲ ਸੰਬੰਧਤ ਵਿਦਿਆਰਥੀ ਆਪਣੀ ਲੋੜ ਦੀਆਂ ਪੁਸਤਕਾਂ ਪ੍ਰਾਪਤ ਕਰਦੇ ਹਨ। ਹਰ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹਨ ਦਾ ਪ੍ਰਬੰਧ ਵੀ ਹੁੰਦਾ ਹੈ ਅਤੇ ਪਾਠਕ ਲਾਇਬ੍ਰੇਰੀ ਦੇ ਮੈਂਬਰ ਬਣਨ ਮਗਰੋਂ ਪੁਸਤਕਾਂ ਆਪਣੇ ਨਾਂ ‘ਤੇ ਕਢਵਾ ਕੇ ਘਰ ਲਿਜਾ ਕੇ ਪੜ੍ਹ ਸਕਦੇ ਹਨ। ਲਾਇਬ੍ਰੇਰੀ ਵਿੱਚ ਹੀ ਸਾਡਾ ਸਾਰਾ ਇਤਿਹਾਸ ਪਿਆ ਹੁੰਦਾ ਹੈ। ਸਾਹਿਤਕਾਰਾਂ, ਸਾਇੰਸਦਾਨਾਂ, ਦਾਰਸ਼ਨਿਕਾਂ ਆਦਿ ਦੀਆ ਰੂਹਾਂ ਪੁਸਤਕਾਂ ਵਿੱਚ ਧੜਕਦੀਆਂ ਹਨ। ਹਰ ਮਨੁੱਖ ਲਾਇਬ੍ਰੇਰੀ ਦੀ ਵਰਤੋਂ ਕਰ ਕੇ ਆਪਣੀ ਜ਼ਿੰਦਗੀ ਵਿੱਚ ਉਚੇਰੀਆਂ ਮੰਜ਼ਲਾਂ ਨੂੰ ਸਰ ਕਰ ਸਕਦਾ ਹੈ। ਲਾਇਬ੍ਰੇਰੀ ਦੀ ਉਚਿਤ ਵਰਤੋਂ ਲਈ ਵਿਦਿਆਰਥੀ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਪਾਠਕਾਂ ਨੂੰ ਲਾਇਬ੍ਰੇਰੀ ਦੀਆਂ ਪੁਸਤਕਾਂ ਦੀ ਸਾਂਭ ਸੰਭਾਲ ਦਾ ਖ਼ਾਸ ਧਿਆਨ ਰੱਖਣ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਵੀ ਨਿਭਾਉਣੀ ਚਾਹੀਦੀ ਹੈ। ਪੁਸਤਕਾਂ ਦੇ ਮਹੱਤਵ ਦੀ ਸਮਝ ਲਾਇਬ੍ਰੇਰੀ ਦੇ ਮਹੱਤਵ ਪ੍ਰਤੀ ਸੁਚੇਤ ਕਰਦੀ ਹੈ। ਅੱਜ ਕੱਲ੍ਹ ਈ ਲਾਇਬ੍ਰੇਰੀ ਵੀ ਟ੍ਰੈਂਡ ਵਿੱਚ ਹੈ ਅਤੇ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਹੋ ਰਿਹਾ ਹੈ। ਪੁਸਤਕਾਂ ਨੂੰ ਪੜ੍ਹਨ ਦੀ ਆਦਤ ਵਿਅਕਤੀ ਨੂੰ ਕਾਫ਼ੀ ਦੂਰ ਤੱਕ ਲੈ ਜਾਂਦੀ ਹੈ।ਲਾਇਬ੍ਰੇਰੀ ਕਿਤਾਬਾਂ ਦਾ ਸੰਗ੍ਰਹਿ ਹੈ। ਪਰ ਇਹ ਕਿਤਾਬਾਂ ਦੀ ਦੁਕਾਨ ਨਹੀਂ ਹੈ, ਕਿਉਂਕਿ ਇਹ ਕਿਤਾਬਾਂ ਨਹੀਂ ਵੇਚਦੀ। ਵਿੱਦਿਆ ਪ੍ਰਾਪਤੀ ਦੇ ਕਈ ਸੋਮੇ ਹਨ ਸਕੂਲ, ਕਾਲਜ, ਰੇਡੀਓ, ਟੈਲੀਵਿਜ਼ਨ, ਕੰਪਿਊਟਰ, ਇੰਟਰਨੈੱਟ, ਲਾਇਬ੍ਰੇਰੀ ਆਦਿ। ਲਾਇਬ੍ਰੇਰੀ ਇੱਕ ਅਜਿਹਾ ਸੋਮਾ ਹੈ ਜਿਸ ਦੀ ਵਰਤੋਂ ਹਰ ਵਿਦਵਾਨ, ਖੋਜੀ, ਅਧਿਆਪਕ ਅਤੇ ਵਿਦਿਆਰਥੀ ਨੂੰ ਕਰਨੀ ਚਾਹੀਦੀ ਹੈ। ਗਿਆਨ ਦੇ ਅਭਿਲਾਸ਼ੀਆਂ, ਜਗਿਆਸੂਆਂ ਅਤੇ ਵਿਦਿਆਰਥੀਆਂ ਲਈ ਲਾਇਬਰੇਰੀ ਤੋਂ ਵੱਧ ਹੋਰ ਲਾਭਦਾਇਕ ਥਾਂ ਕਿਹੜੀ ਹੋ ਸਕਦੀ ਹੈ। ਦੁਨੀਆਂ ਦੇ ਵੱਡੇ-ਵੱਡੇ ਵਿਦਵਾਨ, ਜਿਨ੍ਹਾਂ ਦੇ ਵਿਚਾਰਾਂ ਨੇ ਦੁਨੀਆ ਦੀ ਨੁਹਾਰ ਬਦਲ ਦਿੱਤੀ ਹੈ, ਪਤਾ ਨਹੀਂ ਕਿੰਨੇ-ਕਿੰਨੇ ਘੰਟੇ ਹਰ ਰੋਜ਼ ਲਾਇਬਰੇਰੀ ਵਿੱਚ ਗੁਜ਼ਾਰਦੇ ਰਹੇ। ਲਾਇਬਰੇਰੀਆਂ ਮੱਧ-ਕਾਲ ਵਿੱਚ ਵੀ ਹੁੰਦੀਆਂ ਸਨ। ਇੱਥੇ ਸ਼ਾਂਤ ਮਾਹੌਲ ਹੁੰਦਾ ਹੈ। ਦੂਜੇ ਪੜ੍ਹਨ ਵਾਲਿਆਂ ਦੀ ਸੰਗਤ ਵਿੱਚ ਸਾਡਾ ਆਪਣਾ ਮਨ ਮੱਲੋ-ਮੱਲੀ ਪੜ੍ਹਨ ਨੂੰ ਕਰਦਾ ਹੈ। ਗਿਆਨ ਦਾ ਵਿਸ਼ਾਲ ਸਮੁੰਦਰ ਸਾਡੇ ਕੋਲ ਹੁੰਦਾ ਹੈ। ਇਹ ਤਾਂ ਸਾਡੀ ਹਿੰਮਤ ਹੈ ਕਿ ਅਸੀਂ ਉਸ ਵਿੱਚੋਂ ਕਿੰਨਾ ਕੁਝ ਪ੍ਰਾਪਤ ਕਰਦੇ ਹਾਂ। ਇੱਥੇ ਬੈਠਿਆਂ ਅਸੀਂ ਕਿਸੇ ਵੱਖਰੀ ਦੁਨੀਆ ਵਿੱਚ ਬੈਠੇ ਮਹਿਸੂਸ ਕਰਦੇ ਹਾਂ। ਗਿਆਨ ਦਾ ਵਿਸ਼ਾਲ ਸਮੁੰਦਰ ਤੱਕ ਕੇ ਸਾਡੇ ਅੰਦਰ ਨਿਮਰਤਾ ਦੇ ਭਾਵ ਜਾਗਦੇ ਹਨ, ਗਿਆਨ ਦੀ ਭੁੱਖ ਹੋਰ ਤੇਜ਼ ਹੁੰਦੀ ਹੈ ਅਤੇ ਗਿਆਨ ਦੇ ਡੂੰਘੇ ਸਾਗਰਾਂ ਵਿੱਚ ਚੁੱਭੀ ਮਾਰਨ ਨੂੰ ਦਿਲ ਕਰਦਾ ਹੈ, ਪਰ ਲੋੜ ਹੈ ਲਾਇਬ੍ਰੇਰੀ ਦੀ ਯੋਗ ਵਰਤੋਂ ਕਰਨ ਦੀ।
ਦੀਪਕ ਗਾਂਧੀ
ਹੈੱਡਮਾਸਟਰ
ਸਰਕਾਰੀ ਹਾਈ ਸਕੂਲ ਪਿੰਡੀ
ਜ਼ਿਲ੍ਹਾ ਫ਼ਿਰੋਜ਼ਪੁਰ