ਤਾਰਾ ਸਿੰਘ ਬਹੁਤ ਹੀ ਸਧਾਰਨ ਜਿਹਾ ਕਿਸਾਨ ਸੀ । ਉਸ ਦੀ ਪਤਨੀ ਘਰ ਵਿੱਚ ਸਲਾਈ ਦਾ ਕੰਮ ਕਰਦੀ ਸੀ ਤੇ ਵੇਲੇ ਵੇਲੇ ਸਿਰ ਪਤੀ ਨਾਲ ਖੇਤਾਂ ਦਾ ਕੰਮ ਵੀ ਕਰਵਾ ਆਉਂਦੀ ਸੀ । ਦੋਵੇਂ ਜੀਅ ਬਹੁਤ ਨੇਕ ਤੇ ਮਿਹਨਤੀ ਸਨ । ਉਸ ਦੇ ਘਰ ਦੋ ਜੁੜਵਾ ਧੀਆਂ ਸਨ ਜ਼ਿਹਨਾਂ ਦੇ ਨਾਮ ਉਸ ਨੇ ਪਿਆਰ ਨਾਲ ਸੁਨੈਨਾ ਸਿੰਘ ਤੇ ਸੁਨੱਦਾ ਸਿੰਘ ਰੱਖੇ ਹੋਏ ਸਨ । ਤਾਰਾ ਸਿੰਘ ਕੋਲ ਮਸਾਂ ੩੦ ਕੁ ਮਰਲੇ ਜ਼ਮੀਨ ਸੀ ਪਰ ਤਾਰਾ ਸਿੰਘ ਤੇ ਉਸ ਦੀ ਪਤਨੀ ਨੇ ਸਾਰਾ ਸਾਲ ਬਹੁਤ ਮਿਹਨਤ ਕਰਨੀ , ਮੌਸਮੀ ਸਬਜ਼ੀਆਂ ਬੀਜਣੀਆਂ ਤੇ ਸਵੇਰੇ ਤੜਕੇ ਨੇੜੇ ਪੈਂਦੇ ਸ਼ਹਿਰ ਨੂੰ ਸਾਈਕਲ ਤੇ ਵੇਚਣ ਚਲੇ ਜਾਣਾ। ਥੋੜੇ ਪੈਸੇ ਹੋਏ ਤਾਂ ਤਾਰਾ ਸਿੰਘ ਨੇ ਰਿਕਸ਼ਾ ਲੈ ਲਿਆ , ਰਿਕਸ਼ੇ ਤੇ ਹਰ ਤੀਸਰੇ ਦਿਨ ਸਬਜ਼ੀ ਲੱਦ ਤੜਕੇ ਤੜਕੇ ਹੀ ਮੰਡੀ ਸੁੱਟ ਆਉਂਦਾ ਸੀ ।
ਤਾਰਾ ਸਿੰਘ ਤੇ ਉਸ ਦੀ ਪਤਨੀ ਨੂੰ ਅਕਸਰ ਪਿੰਡ ਦੇ ਲੋਕਾ ਨੇ ਜਾ ਰਿਸ਼ਤੇਦਾਰਾਂ ਨੇ ਆਖ ਦੇਣਾ ਹੁਣ ਇੱਕ ਮੁੰਡਾ ਵੀ ਜੰਮ ਲਉ । ਪਰ ਉਹ ਦੋਵੇਂ ਆਪਣੀਆਂ ਧੀਆਂ ਨਾਲ ਪਰਿਵਾਰ ਪੂਰਾ ਸਮਝਦੇ ਸੀ ਤੇ ਲੋਕਾ ਨੂੰ ਜਵਾਬ ਦੇ ਦਿੰਦੇ ਸਨ ਕਿਉਂ ਮੁੰਡਾ ਅਜਿਹਾ ਕੀ ਕਰੂ ? ਜੋ ਕੁੜੀਆਂ ਨੀ ਕਰ ਸਕਦੀਆਂ ?
ਤਾਰਾ ਸਿੰਘ ਹੈ ਭਾਵੇ ਗਰੀਬ ਜਿਹਾ ਕਿਸਾਨ ਸੀ ਪਰ ਧੀਆਂ ਦੀ ਪੜ੍ਹਾਈ ਲਈ ਉਸ ਨੇ ਹਰ ਲੱਗਦੀ ਵਾਹ ਲਾਈ । ਜਦੋਂ ਧੀਆਂ ਵੱਡੀਆ ਹੋਈਆ ਤਾਂ ਉੱਚ ਦਰਜੇ ਦੀ ਪੜਾਈ ਦੇ ਨਾਲ ਨਾਲ
ਬੇਬੇ-ਬਾਪੂ ਦੇ ਨਾਲ ਖੇਤਾਂ ਵਿੱਚ ਸਾਰਾ ਕੰਮ ਕਰਵਾਉਂਦੀਆਂ ਸਨ । ਸਾਰਾ ਪਿੰਡ ਧੀਆਂ ਦੀ ਸਿਫ਼ਤ ਸਲਾਹ ਕਰਦਾ ਨਹੀਂ ਸੀ ਥੱਕਦਾ। ਦੋਵੇਂ ਧੀਆਂ ਉੱਚ ਸਿੱਖਿਆ ਲੈੰਦੇ ਵਕਤ ਵੀ ਅਕਸਰ ਖੇਤ ਵਿੱਚ ਬਾਪੂ ਨਾਲ ਮਿੱਟੀ ਨਾਲ ਮਿੱਟੀ ਹੋਈਆ ਰਹਿੰਦੀਆਂ ਸਨ । ਵੱਡੀ ਬੇਟੀ ਅੱਖਾਂ ਦੀ ਡਾਕਟਰ ਬਣ ਗਈ ਤੇ ਛੋਟੀ ਦੰਦਾਂ ਦੀ ਡਾਕਟਰ ਬਣ ਗਈ । ਵੱਡੀ ਧੀ ਦਾ ਵਿਆਹ ਅਮਰੀਕਾ ਦੇ ਬਹੁਤ ਅਮੀਰ ਪਰਿਵਾਰ ਵਿੱਚ ਹੋ ਗਿਆ ਤੇ ਛੋਟੀ ਧੀ ਵਿਆਹ ਕੇ ਅਸਟਰੇਲੀਆ ਚਲੀ ਗਈ।
ਤਾਰਾ ਸਿੰਘ ਦੀ ਮਿਹਨਤ ਰੰਗ ਲਿਆਈ ਤੇ ਕੁਝ ਕੁ ਸਾਲਾ ਵਿੱਚ ਬਹੁਤ ਚੰਗੇ ਦਿਨ ਆ ਗਏ । ਹੁਣ ਵਕਤ ਬਦਲਿਆ ਤਾਰਾ ਸਿੰਘ ਤੇ ਉਸ ਦੀ ਪਤਨੀ ਇੱਕ ਸਾਲ ਅਮਰੀਕਾ ਤੇ ਇੱਕ ਸਾਲ ਅਸਟਰੇਲੀਆ ਰਹਿਣ ਦਾ ਸੁਭਾਗਾ ਸਮਾਂ ਆ ਗਿਆ । ਹੁਣ ਤਾਰਾ ਸਿੰਘ ਦੇ ਇੱਕ ਜਵਾਈ ਨੇ ਸ਼ਹਿਰ ਵੱਡੀ ਕੋਠੀ ਵੀ ਪਾ ਦਿੱਤੀ ਤੇ ਬਹੁਤ ਸਾਰੇ ਕਿੱਲੇ ਜ਼ਮੀਨ ਵੀ ਖਰੀਦ ਦਿੱਤੀ । ਜਵਾਈ ਤਾਰਾ ਸਿੰਘ ਲਈ ਪੁੱਤਰ ਹੀ ਸੀ ਕਿਉਂਕਿ ਧੀਆਂ ਵੀ ਡਾਕਟਰ ਤੇ ਸੰਸਕਾਰਾਂ ਵਾਲੀਆਂ ਸਨ ਜੋ ਅੱਜ ਦੇ ਸਮੇਂ ਨਸੀਬਾ ਵਾਲਿਆਂ ਨੂੰ ਹੀ ਮਿਲਦੀਆਂ ਹਨ। ਦੋਵੇਂ ਧੀਆਂ ਆਪਣੇ ਆਪਣੇ ਸਹੁਰੇ ਪਰਿਵਾਰਾਂ ਵਿੱਚ ਬਹੁਤ ਖੁਸ਼ ਸਨ। ਧੀਆਂ ਨੂੰ ਸਹੁਰੇ ਘਰਾਂ ਵਿੱਚ ਮਹਾਰਾਣੀਆਂ ਵਾਂਗ ਪਿਆਰ ਸਤਿਕਾਰ , ਤੇ ਉੱਚੇ ਮਹਿੰਗੇ ਐਸ਼ ਅਰਾਮ ਮਿਲੇ ਹੋਏ ਸਨ।
ਤਾਰਾ ਸਿੰਘ ਦੇ ਉਸ ਦੀ ਪਤਨੀ ਕਦੇ ਵੱਡੇ ਧੀ ਜਵਾਈ ਕੋਲ ਅਮਰੀਕਾ ਜਾ ਆਉਂਦੇ ਤੇ ਕਦੇ ਛੋਟੇ ਧੀ ਜਵਾਈ ਕੋਲ ਅਸਟਰੇਲੀਆ ਜਾ ਆਉਂਦੇ । ਇੱਕ ਦਿਨ ਤਾਰਾ ਸਿੰਘ ਆਪਣੀ ਪਤਨੀ ਨਾਲ ਪਿੰਡ ਦੇ ਗੁਰੂ ਘਰ ਮੱਥਾ ਟੇਕਣ ਆਇਆ ਤਾਂ ਪਿੰਡ ਦੇ ਇੱਕ ਬੰਦੇ ਨੇ ਤਾਰਾ ਸਿੰਘ ਨੂੰ ਉਸ ਦੀ ਪੈਲ਼ੀ ਵੇਚਣ ਵਾਰੇ ਪੁੱਛਿਆ । ਤਾਰਾ ਸਿੰਘ ਨੇ ਕਿਹਾ ਪੈਲ਼ੀ ਵਾਰੇ ਮੇਰਾ ਇੱਕ ਸੁਪਨਾ ਸੀ ਜੋ ਹੁਣ ਮੇਰੀਆਂ ਧੀਆਂ ਜਵਾਈ ਰਲਕੇ ਪੂਰਾ ਕਰਨਗੇ । ਮੇਰੀਆਂ ਧੀਆਂ ਇੱਥੇ ਇੱਕ ਨਿੱਕਾ ਜਿਹਾ ਹਸਪਤਾਲ ਬਣਾਉਣਗੀਆਂ ਜਿਸ ਵਿੱਚ ਲਾਗੇ ਦੇ ਪਿੰਡਾਂ ਵਾਲੇ ਮੁਫ਼ਤ ਚ ਆਪਣਾ ਇਲਾਜ ਕਰਵਾ ਸਕਣਗੇ। ਮੈਂ ਇਹ ਪੈਲ਼ੀ ਵੇਚਣ ਦਾ ਕਦੇ ਸੁਪਨਾ ਵੀ ਨੀ ਲੈ ਸਕਦਾ ਕਿਉਂਕਿ ਇਹ ਮੇਰੀਆਂ ਨਜ਼ਰਾਂ ਵਿੱਚ ਅਮੁੱਲ ਹੈ। ਹਸਪਤਾਲ ਬਣਨ ਨਾਲ ਜਿੱਥੇ ਪਿੰਡ ਨੂੰ ਲੋੜੀਂਦਾ ਇਲਾਜ ਮਿਲੇਗਾ ਉੱਥੇ ਨਾਲ ਹੀ ਜੋ ਲੋਕ ਧੀਆਂ ਨੂੰ ਕੁੱਖ ਵਿੱਚ ਮਾਰਦੇ ਹਨ ਜਾ ਨਵ-ਜੰਮੀਆਂ ਨੂੰ ਮਰਨ ਲਈ ਢੇਰਾ ਤੇ ਸੁੱਟ ਦਿੰਦੇ ਹਨ ਉਹਨਾਂ ਲਈ ਇੱਕ ਮਿਸਾਲ ਹੋਣਗੀਆਂ ਮੇਰੀਆਂ ਦੋਵੇਂ ਡਾਕਟਰ ਧੀਆਂ।
ਤਾਰਾ ਸਿੰਘ ਜੋ ਇੱਕ ਬਹੁਤ ਬੁਲੰਦ ਹੋਸਲੇ ਵਾਲਾ ਤੇ ਕਿਸਮਤ ਵਾਲਾ ਪਿਤਾ ਹੈ। ਉਸ ਦੀ ਇਹ ਹਸਪਤਾਲ ਬਣਾਉਣ ਵਾਲੀ ਸੋਚ ਬਹੁਤ ਉੱਚੀ ਤੇ ਸੁੱਚੀ ਹੈ। ਹੋ ਸਕਦਾ ਹਸਪਤਾਲ ਇਲਾਜ ਕਰਾਉਣ ਆਏ ਲੋਕ ਤਾਰਾ ਸਿੰਘ ਦੀਆਂ ਹੋਣਹਾਰ ਧੀਆਂ ਵੱਲ ਵੇਖ ਕੇ ਕੁਝ ਸਬਕ ਲੈ ਸਕਣਗੇ ਤੇ ਧੀਆਂ ਦਾ ਨਿਰਾਦਰ ਨਾ ਕਰਕੇ ਉਹਨਾਂ ਨੂੰ ਪੁੱਤਾਂ ਵਾਂਗ ਪਿਆਰ ਸਤਿਕਾਰ ਨਾਲ ਪਾਲਣਗੇ।
ਕੁੱਖਾਂ ਵਿੱਚ ਨਾ ਮਾਰੋ ਇਹ ਧੀਆਂ
ਹੁੰਦੀਆਂ ਨਾ ਕਦੇ ਭਾਰ ਇਹ ਧੀਆਂ
ਨਾ ਪੜਾਉਣ ਤੇ ਵੀ ਪੜ੍ਹ ਜਾਂਦੀਆਂ ਧੀਆਂ
ਅਗਲੀ ਪੀੜੀ ਦੀ ਜੜ੍ਹ ਨੇ ਇਹ ਧੀਆਂ
ਦਿੰਦੀਆਂ ਦੋ-ਦੋ ਖ਼ਾਨਦਾਨ ਸਵਾਰ ਇਹ ਧੀਆਂ
ਦੇਵਣ ਮਾਪਿਆ- ਸਹੁਰੀਆਂ ਨੂੰ ਸਤਿਕਾਰ ਇਹ ਧੀਆਂ
ਕਦੇ ਔਰਤ, ਕਦੇ ਮਰਦ ਤੋਂ ਵੀ ਪਾਰ ਇਹ ਧੀਆਂ
ਮਿਹਨਤ ਤੇ ਲਗਨ ਦੀ ਜਾਨ ਇਹ ਧੀਆਂ
ਕਿਉਂ ਵੱਜਦੇ ਧੱਕੇ ਵਿੱਚ ਜਹਾਨ ਇਹ ਧੀਆਂ
ਜੱਗ ਦੀ ਤਰੱਕੀ ਦੇ ਅਸਲ ਨਿਸ਼ਾਨ ਇਹ ਧੀਆਂ
ਕੁੱਖਾਂ ਵਿੱਚ ਨਾ ਮਾਰੋ ਧੀਆਂ
ਦਿਉ ਬਣਦਾ ਪਿਆਰ ਸਤਿਕਾਰ ਇਹ ਧੀਆਂ
ਸਰਬਜੀਤ ਸਿੰਘ ਜਰਮਨੀ
Leave a Comment
Your email address will not be published. Required fields are marked with *