ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ।
ਕੌਮ ਦੀ ਖਾਤਰ ਵਾਰ ਗਏ ਜੋ, ਬਹੁਮੁੱਲੀ ਜ਼ਿੰਦਗਾਨੀ ਨੂੰ॥
ਨੌਂ ਵਰ੍ਹਿਆਂ ਦਾ ਜ਼ੋਰਾਵਰ ਸਿੰਘ, ਫ਼ਤਹਿ ਸਿੰਘ ਸੱਤ ਸਾਲਾਂ ਦਾ।
ਕਿਵੇਂ ਭੁਲਾਈਏ ਅਸੀਂ ਦਿਲਾਂ ‘ਚੋਂ, ਧਰਮ ਸ਼ਹੀਦੀ ਲਾਲਾਂ ਦਾ।
ਮੁਗਲ ਬੀਜ ਦਾ ਬੂਟਾ ਪੁੱਟਿਆ, ਤੋੜ ਕੇ ਜਿੰਦ ਦੀ ਗਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ…
ਗੰਗੂ ਬਾਹਮਣ ਪਾਪ ਕਮਾਇਆ, ਲੋਭ ਲਾਲਚ ਦੇ ਵੱਸ ਪਿਆ।
ਕੀਤੀ ਸੇਵਾ ਗੁਰੂ-ਘਰ ਦੀ ਜੋ, ਸਭ ਕੁਝ ਅੰਦਰੋਂ ਨੱਸ ਗਿਆ।
ਲੋਭੀ ਬੰਦਾ ਕਦੇ ਨਾ ਸੋਚੇ, ਆਪਣੇ ਲਾਭ ਜਾਂ ਹਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ…
ਮਾਂ ਗੁਜਰੀ ਤੇ ਛੋਟੇ ਬੱਚੇ, ਠੰਢੇ ਬੁਰਜ ‘ਚ ਬੰਦ ਰਹੇ।
ਪੋਹ ਦੇ ਓਸ ਭਿਆਨਕ ਸਾਕੇ, ਨੂੰ ਅੱਜ ਤੱਕ ਸਰਹਿੰਦ ਕਹੇ।
ਬੁੱਢੇ ਹੱਡਾਂ ਨਾਲ ਰੋਕੇ ਦਾਦੀ, ਪੈਂਦੀ ਠੰਢ ਤੂਫਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ…
ਨੀਂਹਾਂ ਦੇ ਵਿੱਚ ਚਿਣੇ ਗਏ ਪਰ, ਸਿੱਖੀ ਮਹਿਲ ਉਸਾਰ ਗਏ।
ਦਸਮ ਪਿਤਾ ਜੀ ਦੇਸ਼-ਧਰਮ ਤੋਂ, ਆਪਣੇ ਬੇਟੇ ਵਾਰ ਗਏ।
ਲੱਖ-ਲੱਖ ਹੈ ਪ੍ਰਣਾਮ ਅਸਾਡਾ, ਮਹਾਂਬਲੀ ਸੈਨਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ…
ਧੌਣ ਨਾ ਮੂਲ ਝੁਕਾਈ ਐਪਰ, ਨੋਕ ਵਿਖਾਈ ਜੁੱਤੀ ਦੀ।
ਫਤਹਿ ਗਜਾਈ ਵਿੱਚ ਕਚਹਿਰੀ, ਜਾਗੀ ਦੁਨੀਆਂ ਸੁੱਤੀ ਜੀ।
ਸੂਬੇ, ਕਾਜ਼ੀ ਵਰਗਿਆਂ ਦੀ ਇੰਜ, ਤੋੜ ਦਿੱਤਾ ਅਭਿਮਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ…
ਵਿਸ਼ਵ ‘ਚ ਅੱਜ ਤੱਕ ਕਦੇ ਨਾ ਹੋਇਆ, ਫੇਰ ਕਦੇ ਨਾ ਹੋਵੇਗਾ।
ਨਿੱਕੀਆਂ ਜਿੰਦਾਂ ਦਾ ਕੌਤਕ ਸੁਣ, ‘ਰੂਹੀ’ ਦਾ ਮਨ ਰੋਵੇਗਾ। ਸਿੰਘੋ! ਵਿਰਸੇ ਨੂੰ ਸੰਭਾਲੋ, ਨਾ ਰੋਲੋ ਬਲੀਦਾਨੀ ਨੂੰ॥
ਯਾਦ ਕਰੋ ਮਾਸੂਮਾਂ ਦੀ ਉਸ, ਲਾਸਾਨੀ ਕੁਰਬਾਨੀ ਨੂੰ।
ਕੌਮ ਦੀ ਖਾਤਰ ਵਾਰ ਗਏ ਜੋ, ਬਹੁਮੁੱਲੀ ਜ਼ਿੰਦਗਾਨੀ ਨੂੰ॥
~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *