ਲੇਖਕਾਂ ਦੇ ਲੇਖਨ ਵਿੱਚ ਤਾਂ ਅਣਗਿਣਤ ਰੰਗ ਨਜ਼ਰ ਆਉਂਦੇ ਹੀ ਹਨ, ਨਿੱਜੀ ਜੀਵਨ ਵਿੱਚ ਵੀ ਉਹ ਕਿੰਨੇ ਮਨਮੌਜੀ, ਮਸਤਮੌਲਾ, ਖ਼ੁਸ਼ਮਿਜਾਜ਼, ਹਾਜ਼ਰ-ਜਵਾਬ ਤੇ ਸਿੱਧਾਂਤਵਾਦੀ ਹੁੰਦੇ ਹਨ, ਇਹ ਗੱਲ ਇਨ੍ਹਾਂ ਰੌਚਕ ਪ੍ਰਸੰਗਾਂ ਤੋਂ ਪਤਾ ਲੱਗਦੀ ਹੈ :
* ਮੰਟੋ ਦੀ ਟਾਈਪਰਾਈਟਰ
ਮੰਟੋ ਕੋਲ਼ ਟਾਈਪਰਾਈਟਰ ਸੀ ਅਤੇ ਉਹ ਆਪਣੇ ਸਾਰੇ ਡਰਾਮੇ ਇਸੇ ਤੇ ਲਿਖਦਾ ਸੀ। ਕਾਗਜ਼ ਨੂੰ ਟਾਈਪਰਾਈਟਰ ਤੇ ਚੜ੍ਹਾਇਆ ਅਤੇ ਟਾਈਪ ਕਰਨਾ ਸ਼ੁਰੂ ਕਰ ਦਿੰਦਾ ਸੀ। ਉਸਦਾ ਵਿਚਾਰ ਸੀ ਕਿ ਟਾਈਪਰਾਈਟਰ ਤੋਂ ਵੱਧ ਪ੍ਰੇਰਨਾ ਦੇਣ ਵਾਲ਼ੀ ਕੋਈ ਹੋਰ ਮਸ਼ੀਨ ਦੁਨੀਆਂ ਵਿੱਚ ਨਹੀਂ ਹੈ। ਸ਼ਬਦ ਬਣੇ-ਬਣਾਏ, ਮੋਤੀਆਂ ਦੀ ਚਮਕ ਵਰਗੇ, ਸਾਫ਼-ਸੁਥਰੇ ਮਸ਼ੀਨ ‘ਚੋਂ ਨਿਕਲ ਆਉਂਦੇ ਹਨ। ਕਲਮ ਵਾਂਗ ਨਹੀਂ ਕਿ ਨਿੱਬ ਘਸਿਆ ਹੋਇਆ ਹੈ, ਜਾਂ ਸਿਆਹੀ ਘੱਟ ਹੈ ਜਾਂ ਕਾਗਜ਼ ਇੰਨਾਂ ਪਤਲਾ ਹੈ ਕਿ ਸਿਆਹੀ ਆਰਪਾਰ ਹੋ ਜਾਂਦੀ ਹੈ ਜਾਂ ਕਾਗਜ਼ ਖੁਰਦਰਾ ਹੈ ਤੇ ਸਿਆਹੀ ਫ਼ੈਲ ਜਾਂਦੀ ਹੈ। ਇੱਕ ਲੇਖਕ ਲਈ ਟਾਈਪਰਾਈਟਰ ਉਵੇਂ ਹੀ ਜ਼ਰੂਰੀ ਹੈ, ਜਿਵੇਂ ਪਤੀ ਲਈ ਪਤਨੀ। ਤੇ ਏਧਰ ਉਪੇਂਦਰਨਾਥ ਅਸ਼ਕ ਅਤੇ ਕ੍ਰਿਸ਼ਨ ਚੰਦਰ ਹਨ, ਜਿਹੜੇ ਕਲਮ ਹੀ ਘਸਾਈ ਜਾਂਦੇ ਹਨ।
ਮੰਟੋ ਉਨ੍ਹਾਂ ਨੂੰ ਕਹਿੰਦਾ, “ਓ ਮੀਆਂ, ਕਿਤੇ ਅਜ਼ੀਮ ਅਦਬ ਦੀ ਤਖ਼ਲੀਕ (ਮਹਾਨ ਸਾਹਿਤ ਦੀ ਸਿਰਜਣਾ) ਅੱਠ ਆਨੇ ਦੇ ਹੋਲਡਰ ਨਾਲ਼ ਵੀ ਹੋ ਸਕਦੀ ਹੈ? ਤੁਸੀਂ ਗਧੇ ਹੋ, ਨਿਰੇ ਗਧੇ!”
ਦੋ-ਤਿੰਨ ਦਿਨਾਂ ਪਿੱਛੋਂ ਅਸ਼ਕ ਸਾਹਿਬ ਆਪਣੀ ਕੱਛ ਹੇਠ ਉਰਦੂ ਦੀ ਟਾਈਪਰਾਈਟਰ ਦਬਾਈ ਆ ਰਹੇ ਹਨ ਅਤੇ ਮੰਟੋ ਦੇ ਮੇਜ਼ ਦੇ ਸਾਹਮਣੇ ਆਪਣਾ ਟਾਈਪਰਾਈਟਰ ਸਜਾ ਦਿੱਤਾ ਅਤੇ ਖਟ-ਖਟ ਕਰਨ ਲੱਗੇ।
ਹੁਣ ਮੰਟੋ ਬੋਲਿਆ, “ਓ ਬਈ, ਉਰਦੂ ਦੀ ਟਾਈਪਰਾਈਟਰ ਨਾਲ ਕੀ ਹੁੰਦਾ ਹੈ, ਅੰਗਰੇਜ਼ੀ ਟਾਈਪਰਾਈਟਰ ਵੀ ਹੋਣੀ ਚਾਹੀਦੀ ਹੈ।”
ਅਸ਼ਕ ਨੇ ਨਾ ਸਿਰਫ਼ ਅੰਗਰੇਜ਼ੀ ਦੀ ਸਗੋਂ ਹਿੰਦੀ ਦੀ ਟਾਈਪਰਾਈਟਰ ਵੀ ਖਰੀਦ ਲਈ। ਜਦੋਂ ਵੀ ਅਸ਼ਕ ਆਉਂਦਾ ਤਾਂ ਅਕਸਰ ਚਪੜਾਸੀ ਤਿੰਨ ਤਿੰਨ ਟਾਈਪਰਾਈਟਰ ਚੁੱਕੀ ਉਹਦੇ ਪਿੱਛੇ ਦਾਖ਼ਲ ਹੁੰਦਾ ਅਤੇ ਅਸ਼ਕ ਮੰਟੋ ਦੇ ਸਾਹਮਣੇ ਤੋਂ ਲੰਘ ਜਾਂਦਾ ਕਿਉਂਕਿ ਮੰਟੋ ਕੋਲ਼ ਸਿਰਫ਼ ਦੋ ਟਾਈਪਰਾਈਟਰ ਸਨ। ਆਖ਼ਰ ਮੰਟੋ ਨੇ ਗੁੱਸੇ ਵਿੱਚ ਆ ਕੇ ਆਪਣੀ ਅੰਗਰੇਜ਼ੀ ਟਾਈਪਰਾਈਟਰ ਵੇਚ ਦਿੱਤੀ ਅਤੇ ਫਿਰ ਉਰਦੂ ਟਾਈਪਰਾਈਟਰ ਨੂੰ ਵੀ ਉਹ ਵੇਚਣਾ ਚਾਹੁੰਦਾ ਸੀ ਪਰ ਉਸ ਨਾਲ ਕੰਮ ਥੋੜ੍ਹਾ ਸੌਖਾ ਹੋ ਜਾਂਦਾ ਸੀ, ਇਸਲਈ ਉਹਨੂੰ ਪਹਿਲਾਂ ਪਹਿਲ ਨਹੀਂ ਵੇਚਿਆ। ਪਰ ਤਿੰਨ ਟਾਈਪਰਾਈਟਰ ਦੀ ਮਾਰ ਕਦੋਂ ਤੱਕ ਝੱਲਦਾ। ਆਖ਼ਰ ਉਹਨੇ ਉਰਦੂ ਟਾਈਪਰਾਈਟਰ ਵੀ ਵੇਚ ਦਿੱਤੀ।
ਕਹਿਣ ਲੱਗਿਆ, “ਲੱਖ ਕਹੋ, ਉਹ ਗੱਲ ਮਸ਼ੀਨ ਵਿੱਚ ਨਹੀਂ ਆ ਸਕਦੀ, ਜੋ ਕਲਮ ਵਿੱਚ ਹੈ। ਕਾਗਜ਼, ਕਲਮ ਅਤੇ ਦਿਮਾਗ਼ ਵਿੱਚ ਜੋ ਰਿਸ਼ਤਾ ਹੈ, ਉਹ ਟਾਈਪਰਾਈਟਰ ਨਾਲ਼ ਕਾਇਮ ਨਹੀਂ ਹੁੰਦਾ। ਇੱਕ ਤਾਂ ਕਮਬਖਤ ਖਟਾਖਟ ਸ਼ੋਰ ਕਰਦੀ ਰਹਿੰਦੀ ਹੈ-
ਲਗਾਤਾਰ ਬਿਨਾਂ ਰੁਕੇ – ਅਤੇ ਕਲਮ ਕਿਸ ਰਵਾਨੀ ਵਿਚ ਚਲਦੀ ਹੈ? ਜਾਪਦਾ ਹੈ ਕਿ ਸਿਆਹੀ ਸਿੱਧੀ ਦਿਮਾਗ਼ ਤੋਂ ਨਿਕਲ ਕੇ ਕਾਗਜ਼ ਦੀ ਤਹਿ ‘ਤੇ ਵਹਿ ਰਹੀ ਹੈ। ਹਾਏ, ਇਹ ਸੈਫ਼ਰਜ਼ ਦੀ ਕਲਮ ਕਿੰਨੀ ਖ਼ੂਬਸੂਰਤ ਹੈ। ਇਹਦਾ ਨੁਕੀਲਾ ਸਟ੍ਰੀਮਲਾਈਨ ਹੁਸਨ ਵੇਖੋ!”
ਹੁਣ ਅਸ਼ਕ ਸੜ-ਬਲ਼ ਉੱਠਿਆ, “ਤੇਰਾ ਵੀ ਕੋਈ ਦੀਨ-ਈਮਾਨ ਹੈ? ਕੱਲ੍ਹ ਤੱਕ ਟਾਈਪਰਾਈਟਰ ਦੀ ਤਾਰੀਫ਼ ਕਰਦਾ ਸੀ। ਅੱਜ ਮੇਰੇ ਕੋਲ਼ ਟਾਈਪਰਾਈਟਰ ਹੈ ਤਾਂ ਕਲਮ ਦੀ ਤਾਰੀਫ਼ ਕਰਨ ਲੱਗ ਪਿਆ। ਵਾਹ, ਇਹ ਵੀ ਕੋਈ ਗੱਲ ਹੋਈ!ਮੇਰਾ ਇੱਕ ਹਜ਼ਾਰ ਰੁਪਿਆ ਲੱਗ ਗਿਆ।
ਮੰਟੋ ਉੱਚੀ ਉੱਚੀ ਹੱਸਣ ਲੱਗ ਪਿਆ।
* ਬੁਰਾਈ ਦਾ ਸਿਲਸਿਲਾ
ਕਿੱਸਾ ਮੁੰਬਈ ਦਾ ਹੈ। ਕੁਝ ਸ਼ਾਇਰ ਨਿਯਮਿਤ ਤੌਰ ‘ਤੇ ਇੱਕ ਰੈਸਟੋਰੈਂਟ ਵਿੱਚ ਮਿਲਦੇ ਹਨ। ਉਹ ਸ਼ੇਅਰੋ-ਸ਼ਾਇਰੀ ਕਰਦੇ ਹਨ, ਸੁਣਦੇ-ਸੁਣਾਉਂਦੇ ਹਨ। ਚਾਹ-ਕੌਫ਼ੀ ਦੇ ਕਈ ਦੌਰ ਚੱਲਦੇ ਹਨ। ਉੱਥੇ ਇੱਕ ਵੱਡਾ ਸ਼ਾਇਰ ਵੀ, ਜੇ ਸ਼ਹਿਰ ਵਿੱਚ ਹੋਵੇ ਅਤੇ ਵਿਹਲਾ ਹੋਵੇ, ਤਾਂ ਉੱਥੇ ਜ਼ਰੂਰ ਆਉਂਦਾ ਹੈ। ਉਹ ਹਮੇਸ਼ਾ ਸਭ ਤੋਂ ਅੰਤ ਵਿੱਚ ਜਾਂਦਾ ਹੈ ਅਤੇ ਇਸ ਚੱਕਰ ਵਿੱਚ ਅਕਸਰ ਸਭ ਦੀ ਚਾਹ-ਕੌਫ਼ੀ ਦਾ ਬਿਲ ਵੀ ਅਦਾ ਕਰਦਾ ਹੈ।
ਉਸ ਗਰੁੱਪ ਵਿੱਚ ਸ਼ਾਮਲ ਹੋਏ ਇੱਕ ਨਵੇਂ ਸ਼ਾਇਰ ਨੇ ਉਸ ਨੂੰ ਪੁੱਛ ਹੀ ਲਿਆ – “ਜਨਾਬ, ਤੁਸੀਂ ਜਦੋਂ ਵੀ ਆਉਂਦੇ ਹੋ, ਅੰਤ ਵਿੱਚ ਜਾਂਦੇ ਹੋ ਅਤੇ ਹਰ ਵਾਰ ਸਾਰਿਆਂ ਦਾ ਬਿਲ ਵੀ ਅਦਾ ਕਰਦੇ ਹੋ। ਕੀ ਕੋਈ ਖਾਸ ਕਾਰਨ ਹੈ?”
ਉਸ ਸ਼੍ਰੀਮਾਨ ਜੀ ਨੇ ਬਹੁਤ ਹੀ ਮਾਸੂਮੀਅਤ ਨਾਲ ਜਵਾਬ ਦਿੱਤਾ – “ਬੇਸ਼ੱਕ ਅਸੀਂ ਸਾਰੇ ਏਥੇ ਯਾਰ-ਦੋਸਤ ਹੀ ਬੈਠਦੇ ਹਾਂ, ਇੱਕ-ਦੂਜੇ ਦੀ ਇੱਜ਼ਤ ਕਰਦੇ ਹਾਂ, ਪਰ ਤੂੰ ਦੇਖਿਆ ਹੋਵੇਗਾ ਕਿ ਇਨ੍ਹਾਂ ਵਿੱਚੋਂ ਜੋ ਵੀ ਉੱਠ ਕੇ ਜਾਂਦਾ ਹੈ, ਬਾਕੀ ਸਾਰੇ ਉਸ ਬਾਰੇ ਬੁਰਾ-ਭਲਾ ਬੋਲਣ ਲੱਗ ਪੈਂਦੇ ਹਨ। ਉਸ ਤੋਂ ਬਾਅਦ ਜੋ ਜਾਂਦਾ ਹੈ, ਉਹ ਬੁਰਾਈ ਦਾ ਕੇਂਦਰ ਬਣ ਜਾਂਦਾ ਹੈ। ਇਹ ਸਿਲਸਿਲਾ ਹਰ ਰੋਜ਼ ਇਸੇ ਤਰ੍ਹਾਂ ਚਲਦਾ ਹੈ। ਬਰਖ਼ੁਰਦਾਰ, ਮੈਂ ਕਿਸੇ ਨੂੰ ਵੀ ਮੌਕਾ ਨਹੀਂ ਦੇਣਾ ਚਾਹੁੰਦਾ ਕਿ ਮੇਰੇ ਜਾਣ ਤੇ ਮੇਰੇ ਬਾਰੇ ਬੁਰਾ ਬੋਲੇ।”
ਸ਼ਾਇਰ ਅਜੇ ਵੀ ਜ਼ਿੰਦਾ ਹੈ ਅਤੇ ਬੈਠਕਾਂ ਵੀ ਹੁੰਦੀਆਂ ਹਨ, ਇਸ ਲਈ ਨਾਂ ਲੈਣਾ ਠੀਕ ਨਹੀਂ ਹੈ।
* ਪਾਠਕ ਦੀ ਚਿੰਤਾ
ਬੰਗਲਾ ਨਾਵਲਕਾਰ ਵਿਮਲ ਮਿੱਤਰ ਜਿੰਨਾ ਪ੍ਰਸਿੱਧ ਬੰਗਲਾ ਵਿੱਚ ਸੀ, ਹਿੰਦੀ ਵਿਚ ਵੀ ਉਸੇ ਉਤਸ਼ਾਹ ਨਾਲ ਪੜ੍ਹਿਆ ਜਾਂਦਾ ਸੀ। ਉਸਨੇ ਸੌ ਤੋਂ ਵੀ ਵੱਧ ਨਾਵਲ ਅਤੇ ਸੈਂਕੜੇ ਕਹਾਣੀਆਂ ਲਿਖੀਆਂ। ਉਹਦੇ ਨਾਵਲਾਂ ‘ਤੇ ਕਈ ਫਿਲਮਾਂ ਬਣੀਆਂ ਸਨ।
ਇੱਕ ਵਾਰ ਇੱਕ ਨੌਜਵਾਨ ਉਸ ਨੂੰ ਮਿਲਣ ਆਇਆ ਅਤੇ ਉਸ ਦੇ ਪੈਰ ਛੋਹ ਕੇ ਉਸ ਦੇ ਕੋਲ ਬੈਠ ਕੇ ਰੋਣ ਲੱਗ ਪਿਆ। ਲੇਖਕ ਹੈਰਾਨ ਸੀ। ਪੁੱਛਿਆ – ‘ਬਈ, ਤੂੰ ਕੌਣ ਹੈਂ ਅਤੇ ਕਿਉਂ ਰੋ ਰਿਹਾ ਹੈਂ? ਮੈਂ ਤੇਰੀ ਕੀ ਮਦਦ ਕਰ ਸਕਦਾ ਹਾਂ?”
ਨੌਜਵਾਨ ਨੇ ਕਿਹਾ ਕਿ ਤੁਹਾਡਾ ਇੱਕ ਲੜੀਵਾਰ ਨਾਵਲ ਮੈਗਜ਼ੀਨ ਵਿੱਚ ਚੱਲ ਰਿਹਾ ਹੈ।
ਵਿਮਲ ਜੀ ਨੇ ਕਿਹਾ- “ਹਾਂ, ਚੱਲ ਤਾਂ ਰਿਹਾ ਹੈ।”
ਨੌਜਵਾਨ ਨੇ ਕਿਹਾ, “ਉਹਦੀ ਨਾਇਕਾ ਇਕ ਬੀਮਾਰ ਲੜਕੀ ਹੈ।”
ਵਿਮਲ ਬਾਬੂ- “ਹਾਂ, ਹੈ, ਫਿਰ?”
ਨੌਜਵਾਨ – “ਨਾਵਲ ਦੀ ਕਹਾਣੀ ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਨਿਸ਼ਚਿਤ ਹੈ ਕਿ ਅਗਲੇ ਕੁਝ ਅੰਕਾਂ ਤੋਂ ਬਾਅਦ ਤੁਸੀਂ ਹੀਰੋਇਨ ਨੂੰ ਮਾਰ ਦਿਓਗੇ।”
ਵਿਮਲ ਬਾਬੂ – “ਪਰ ਪਾਤਰਾਂ ਨੂੰ ਜਿਉਂਦਾ ਰੱਖਣਾ ਜਾਂ ਮਾਰਨਾ ਲੇਖਕ ਦੇ ਹੱਥ ਵਿੱਚ ਨਹੀਂ ਹੁੰਦਾ। ਹੁਣ ਕਹਾਣੀ ਇਸੇ ਤਰ੍ਹਾਂ ਚਲਦੀ ਹੈ ਤਾਂ …, ਪਰ ਤੂੰ ਅਜਿਹਾ ਕਿਉਂ ਪੁੱਛ ਰਿਹਾ ਹੈਂ ਅਤੇ ਰੋ ਕਿਉਂ ਰਿਹਾ ਹੈਂ?”
ਨੌਜਵਾਨ ਫਿਰ ਰੋਣ ਲੱਗ ਪਿਆ – “ਅਸਲ ਵਿੱਚ ਮੇਰੀ ਭੈਣ ਨੂੰ ਵੀ ਤੁਹਾਡੇ ਨਾਵਲ ਦੀ ਹੀਰੋਇਨ ਵਰਗੀ ਬਿਮਾਰੀ ਹੈ। ਉਹ ਲਗਾਤਾਰ ਨਾਵਲ ਪੜ੍ਹ ਰਹੀ ਹੈ। ਜੇਕਰ ਤੁਸੀਂ ਹੀਰੋਇਨ ਨੂੰ ਮਾਰ ਦਿੱਤਾ ਤਾਂ ਮੇਰੀ ਭੈਣ ਵੀ ਨਹੀਂ ਬਚ ਸਕੇਗੀ।”
ਉਹ ਫਿਰ ਉਨ੍ਹਾਂ ਦੇ ਪੈਰੀਂ ਪੈ ਗਿਆ – “ਮੇਰੀ ਭੈਣ ਨੂੰ ਬਚਾ ਲਓ!”
ਉਸ ਜ਼ਮਾਨੇ ਵਿੱਚ ਇਹ ਸੀ ਸਾਹਿਤ ਦਾ ਡੂੰਘਾ ਪ੍ਰਭਾਵ!
* ਕਿਤਾਬਾਂ ਤੋਂ ਬਿਨਾਂ ਘਰ
ਇਹ ਕਿੱਸਾ ਬੰਗਾਲੀ ਨਾਵਲਕਾਰ ਬਲਾਈ ਚੰਦ ਮੁਖੋਪਾਧਿਆਏ ਦਾ ਹੈ, ਜੋ ‘ਬਨਫੂਲ’ ਦੇ ਨਾਂ ਹੇਠ ਲਿਖਦਾ ਸੀ।
ਜਦੋਂ ਉਸ ਦੀ ਧੀ ਵੱਡੀ ਹੋਈ ਤਾਂ ਕਈ ਚੰਗੇ ਰਿਸ਼ਤੇ ਆਉਣ ਲੱਗੇ। ਅਜਿਹਾ ਹੀ ਇੱਕ ਰਿਸ਼ਤਾ ਦੂਰ ਕਸਬੇ ਵਿੱਚ ਰਹਿੰਦੇ ਇੱਕ ਬਹੁਤ ਵੱਡੇ ਜ਼ਿਮੀਂਦਾਰ ਦੇ ਘਰੋਂ ਆਇਆ ਸੀ। ਸਾਡਾ ਨਾਵਲਕਾਰ ਆਪਣੀ ਪਤਨੀ ਨਾਲ ਰੇਲਗੱਡੀ ਰਾਹੀਂ ਘਰਬਾਰ ਵੇਖਣ ਗਿਆ। ਸਟੇਸ਼ਨ ਤੇ ਸ਼ਾਨਦਾਰ ਬੱਘੀ ਲੈਣ ਆਈ ਸੀ। ਅੱਗੇ-ਪਿੱਛੇ ਚਾਰ ਘੋੜ-ਸਵਾਰ। ਜ਼ਿਮੀਦਾਰ ਦੀ ਹਵੇਲੀ ‘ਚ ਦੋਹਾਂ ਦੀ ਖੂਬ ਖਾਤਰਦਾਰੀ ਹੋਈ। ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ। ਸ਼ਾਨੋ-ਸ਼ੌਕਤ, ਸਭ ਕੁਝ ਉੱਤਮ ਦਰਜੇ ਦਾ। ਸੈਂਕੜੇ ਵਿੱਘੇ ਜ਼ਮੀਨ, ਨੌਕਰ-ਚਾਕਰ, ਹਾਥੀ-ਘੋੜੇ ਅਤੇ ਸੰਸਾਰ-ਭਰ ਦੇ ਸਾਰੇ ਐਸ਼ੋ-ਆਰਾਮ ਦਾ ਇੰਤਜ਼ਾਮ। ਵਾਪਸੀ ਵੇਲੇ ਦੋਹਾਂ ਨੂੰ ਕੀਮਤੀ ਤੋਹਫਿਆਂ ਨਾਲ ਲੱਦ ਦਿੱਤਾ ਗਿਆ।
ਜਦੋਂ ਰੇਲਗੱਡੀ ਚੱਲੀ ਤਾਂ ਉਨ੍ਹਾਂ ਦੀ ਪਤਨੀ ਬਹੁਤ ਖੁਸ਼ ਹੋਈ ਅਤੇ ਬੋਲੀ – “ਘਰ ਬੈਠੇ ਸਾਨੂੰ ਕਿੰਨਾ ਵਧੀਆ ਵਰ ਅਤੇ ਘਰਬਾਰ ਮਿਲ ਰਿਹਾ ਹੈ। ਸਾਡੀ ਧੀ ਦੀ ਤਾਂ ਕਿਸਮਤ ਖੁੱਲ੍ਹ ਗਈ। ਸਾਡੀ ਧੀ ਰਾਜ ਕਰੇਗੀ।”
ਨਾਵਲਕਾਰ ਜੀ ਬੋਲੇ, “ਰਾਜ ਤਾਂ ਉਹ ਤਾਂ ਹੀ ਕਰੇਗੀ, ਜੇ ਅਸੀਂ ਉਸ ਦਾ ਇਸ ਘਰ ਵਿੱਚ ਵਿਆਹ ਕਰਾਂਗੇ।”
ਪਤਨੀ ਤ੍ਰਭਕੀ – “ਕੀ ਮਤਲਬ? ਕੀ ਕਮੀ ਨਜ਼ਰ ਆਈ ਤੁਹਾਨੂੰ ਇਸ ਘਰ ਵਿੱਚ! ਸਭ ਕੁਝ ਤਾਂ ਉੱਚ ਦਰਜੇ ਦਾ ਸੀ।”
ਨਾਵਲਕਾਰ ਜੀ ਨੇ ਆਰਾਮ ਨਾਲ ਕਿਹਾ- “ਤੂੰ ਸਾਰਾ ਦਿਨ ਮਹਿਲ ਵਰਗੇ ਘਰ ਵਿੱਚ ਰਹੀ। ਸਭ ਕੁਝ ਦੇਖਿਆ-ਚਾਖਿਆ। ਮੰਨਿਆ, ਓਥੇ ਕਿਸੇ ਚੀਜ਼ ਦੀ ਕਮੀ ਨਹੀਂ ਸੀ, ਪਰ ਭਾਗਵਾਨੇ, ਤੂੰ ਹੀ ਦੱਸ, ਪੂਰੇ ਮਹਿਲ ਵਿੱਚ ਤੂੰ ਇੱਕ ਵੀ ਕਿਤਾਬ ਵੇਖੀ?”
ਅੱਗੇ ਉਨ੍ਹਾਂ ਨੇ ਠੰਡਾ ਹਉਕਾ ਭਰਦਿਆਂ ਕਿਹਾ- “ਸਾਡੀ ਧੀ ਹਜ਼ਾਰਾਂ ਕਿਤਾਬਾਂ ਵਿੱਚ ਵੱਡੀ ਹੋਈ ਹੈ। ਬਿਨਾਂ ਕਿਤਾਬਾਂ ਵਾਲੇ ਘਰ ਵਿੱਚ ਤਾਂ ਉਹ ਇੱਕ ਦਿਨ ਵਿੱਚ ਹੀ ਪਾਗਲ ਹੋ ਜਾਵੇਗੀ।”
* ਵੱਡਾ ਕੌਣ?
ਕੱਛ ਵਿੱਚ ਸਮਾਨੰਤਰ ਕਹਾਣੀ ਸੰਮੇਲਨ ਚੱਲ ਰਿਹਾ ਸੀ।
ਰਾਤ ਨੂੰ ਸ਼੍ਰਵਣ ਕੁਮਾਰ ਨੂੰ ਯਾਦ ਆਇਆ ਕਿ ਉਸਦਾ ਜਨਮ ਸਾਲ 1931 ਦਾ ਹੈ ਅਤੇ ਕਮਲੇਸ਼ਵਰ ਦਾ ਜਨਮ 1932 ਦਾ। ਯਾਨੀ ਉਹ ਕਮਲੇਸ਼ਵਰ ਤੋਂ ਇੱਕ ਸਾਲ ਵੱਡਾ ਹੈ। ਹੁਣ ਸਵਾਲ ਇਹ ਸੀ ਕਿ ਇਹ ਗੱਲ ਉਹ ਸਭ ਤੋਂ ਪਹਿਲਾਂ ਕੀਹਨੂੰ ਦੱਸੇ? ਸੋਚਿਆ, ਸਿੱਧਾ ਕਮਲੇਸ਼ਵਰ ਨੂੰ ਹੀ ਕਿਉਂ ਨਾ ਦੱਸਿਆ ਜਾਵੇ!
ਰਾਤ ਨੂੰ ਦੋ ਵਜੇ ਹੀ ਉਸਨੇ ਕਮਲੇਸ਼ਵਰ ਨੂੰ ਜਗਾ ਕੇ ਕਿਹਾ, “ਕਮਲੇਸ਼ਵਰ, ਤੈਨੂੰ ਪਤਾ ਹੈ, ਮੈਂ ਤੈਥੋਂ ਇੱਕ ਸਾਲ ਵੱਡਾ ਹਾਂ।”
ਕਮਲੇਸ਼ਵਰ ਉਨੀਂਦਰੇ ਲਹਿਜ਼ੇ ‘ਚ ਬੋਲਿਆ – “ਇਹ ਤਾਂ ਮੈਨੂੰ ਪਤਾ ਸੀ। ਪਰ ਇਹ ਨਹੀਂ ਸੀ ਪਤਾ ਕਿ ਵੱਡੇ ਛੋਟਿਆਂ ਨੂੰ ਅੱਧੀ ਰਾਤ ਨੂੰ ਇਸ ਤਰ੍ਹਾਂ ਜਗਾ ਦਿੰਦੇ ਹਨ।” ਅਤੇ ਇਹ ਕਹਿੰਦੇ ਹੋਏ ਉਹਨੇ ਮੂੰਹ ਤੇ ਰਜ਼ਾਈ ਵੀ ਲੈ ਲਈ।
ਸ਼੍ਰਵਣ ਕੁਮਾਰ ਨੂੰ ਦੇਰ ਤੱਕ ਸਮਝ ਨਹੀਂ ਲੱਗੀ ਕਿ ਕਮਲੇਸ਼ਵਰ ਕੋਲ ਸੁੱਤਾ ਕਾਮਤਾਨਾਥ ਕਿਸ ਗੱਲ ਉੱਤੇ ਅਚਾਨਕ ਹੱਸ ਪਿਆ ਸੀ।
* ਚਿਰਗੰਵਾਰ ਨਹੀ
ਕਵੀ ਮੈਥਿਲੀਸ਼ਰਣ ਗੁਪਤ ਅਤੇ ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਕਿਤੇ ਬੈਠੇ ਸਨ। ਗੁਪਤ ਜੀ ਚਿਰਗਾਂਵ ਦੇ ਰਹਿਣ ਵਾਲੇ ਸਨ ਅਤੇ ਦਿਵੇਦੀ ਜੀ ਬਲੀਆ ਦੇ। ਗੁਪਤ ਜੀ ਨੂੰ ਸ਼ਰਾਰਤ ਸੁੱਝੀ। ਦਿਵੇਦੀ ਜੀ ਤੋਂ ਪੁੱਛਿਆ – ਪੰਡਿਤ ਜੀ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ?”
“ਬਲੀਆ ਦਾ।” ਦਿਵੇਦੀ ਜੀ ਨੇ ਜਵਾਬ ਦਿੱਤਾ।
ਗੁਪਤ ਜੀ ਨੇ ਕਿਹਾ- “ਪਰ ਬਲੀਆ ਦੇ ਲੋਕ ਤਾਂ ਬਲੀਆਟਿਕ ਹੁੰਦੇ ਹਨ ਨਾ!”
“ਪਰ ਚਿਰਗੰਵਾਰ ਨਹੀਂ ਹੁੰਦੇ। ਦਿਵੇਦੀ ਜੀ ਨੇ ਭੋਲੇਪਣ ਨਾਲ ਜਵਾਬ ਦਿੱਤਾ।
* ਐਡੀਸ਼ਨਲ
ਕਮਲੇਸ਼ਵਰ ਜੀ ਦੂਰਦਰਸ਼ਨ ਦੇ ਨਵੇਂ ਐਡੀਸ਼ਨਲ ਡਾਇਰੈਕਟਰ ਬਣੇ ਸਨ। ਮੰਡੀ ਹਾਊਸ ਵਿੱਚ ਆਪਣੇ ਦਫ਼ਤਰ ਵਿੱਚ ਬੈਠਦੇ ਸਨ।
ਇਕ ਵਾਰ ਹਿਮਾਂਸ਼ੂ ਜੋਸ਼ੀ ਅਤੇ ਸੁਰੇਸ਼ ਉਨਿਆਲ ਉਨ੍ਹਾਂ ਨੂੰ ਮਿਲਣ ਗਏ। ਗੱਪਸ਼ੱਪ ਪਿੱਛੋਂ ਸੁਰੇਸ਼ ਉਨਿਆਲ ਨੇ ਇੱਕ ਕਿੱਸਾ ਸੁਣਾਇਆ – “ਇੱਕ ਕਿਸਾਨ ਆਪਣੀ ਬੈਲ ਗੱਡੀ ਵਿੱਚ ਬੈਠ ਕੇ ਦਿੱਲੀ ਆਇਆ। ਦੋ ਬਲਦ ਗੱਡੀ ਨੂੰ ਖਿੱਚ ਰਹੇ ਸਨ ਅਤੇ ਇੱਕ ਪਿੱਛੇ ਬੰਨ੍ਹਿਆ ਨਾਲ-ਨਾਲ ਚੱਲ ਰਿਹਾ ਸੀ। ਜਦੋਂ ਉਹ ਇੰਡੀਆ ਗੇਟ ਕੋਲ ਪਹੁੰਚਿਆ ਤਾਂ ਇੱਕ ਪੁਲਿਸ ਵਾਲੇ ਨੇ ਉਸ ਨੂੰ ਰੋਕ ਕੇ ਪੁੱਛਿਆ- “ਇਹ ਤੀਜਾ ਬਲਦ ਕੀ ਕਰ ਰਿਹਾ ਹੈ?”
ਕਿਸਾਨ ਨੇ ਜਵਾਬ ਦਿੱਤਾ – “ਜਨਾਬ, ਇਹ ਤਾਂ ਐਡੀਸ਼ਨਲ ਹੈ।”
ਠਹਾਕਿਆਂ ਨਾਲ ਕਮਰਾ ਗੂੰਜ ਉੱਠਿਆ। ਸਭ ਤੋਂ ਉੱਚਾ ਠਹਾਕਾ ਕਮਲੇਸ਼ਵਰ ਜੀ ਦਾ ਸੀ।
* ਮੇਰਾ ਪਹਾੜ ਤੇਰਾ ਪਹਾੜ
ਮੋਹਨ ਰਾਕੇਸ਼ ਨਾਵਲ ਲਿਖਣ ਲਈ ਡਲਹੌਜ਼ੀ ਜਾ ਰਹੇ ਸਨ। ਉਸ ਸਮੇਂ ਰਾਜੇਂਦਰ ਯਾਦਵ ਵੀ ਉਨ੍ਹਾਂ ਦੇ ਨਾਲ ਚੱਲ ਪਏ। ਹੋਟਲ ਵਿੱਚ ਠਹਿਰੇ। ਮੋਹਨ ਰਾਕੇਸ਼ ਆਪਣਾ ਮੂਡ ਬਣਾਉਣ ਲਈ ਥੋੜ੍ਹਾ ਜਿਹਾ ਟਹਿਲਿਆ ਕਰਦੇ ਸਨ। ਉਸ ਦਿਨ ਜਦੋਂ ਉਹ ਟਹਿਲ ਕੇ ਵਾਪਸ ਪਰਤੇ, ਤਾਂ ਫ਼ੌਰਨ ਆਪਣਾ ਸਮਾਨ ਬੰਨ੍ਹਣਾ ਸ਼ੁਰੂ ਕਰ ਦਿੱਤਾ। ਰਾਜੇਂਦਰ ਨੇ ਪੁੱਛਿਆ “ਇੰਨੀ ਜਲਦੀ?”
ਰਾਕੇਸ਼ ਨੇ ਕਿਹਾ- “ਉਪੇਂਦਰਨਾਥ ਅਸ਼ਕ ਵੀ ਇਸੇ ਹੋਟਲ ਵਿੱਚ ਠਹਿਰੇ ਹੋਏ ਹਨ। ਆਪਣਾ ਤਾਂ ਪਤਾ ਨਹੀਂ ਕਿ ਕਦੋਂ ਲਿਖ ਲੈਂਦੇ ਹਨ, ਪਰ ਮੇਰੇ ਲਿਖਣ ਵੇਲੇ ਆ ਧਮਕਦੇ ਹਨ ਅਤੇ ਫਿਰ ਮੈਨੂੰ ਕੁਝ ਵੀ ਲਿਖਣ ਨਹੀਂ ਦਿੰਦੇ।
~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Leave a Comment
Your email address will not be published. Required fields are marked with *