ਵਿਸ਼ਵ ਭਰ ਦੇ ਲੋਕਾਂ ਦੀ ਗਰੀਬੀ ਦਾ ਕਾਰਨ ਸਿਰਫ ਸਰਕਾਰਾਂ ਹੀ ਨਹੀਂ ਲੋਕ ਆਪ ਵੀ ਹਨ। ਵੱਡੀ ਗਿਣਤੀ ਵਿੱਚ ਬੱਚੇ ਪੈਦਾ ਕਰਨੇ, ਗਲਤ ਆਚਾਰ-ਵਿਹਾਰ ਅਤੇ ਲੋਕਾਂ ਦੀ ਆਪਣੀ ਸੂਝ ਦੀ ਘਾਟ ਗਰੀਬੀ ਦੇ ਮੁੱਖ ਕਾਰਨ ਹਨ।
ਕਈ ਸਮਾਜ ਸੁਧਾਰਕ ਅਤੇ ਸਮਾਜ ਸੇਵੀ ਸੰਸਥਾਵਾਂ; ਗਰੀਬੀ ਦੂਰ ਕਰਨ ਦੇ ਕਾਰਜ ਵਿਚ ਲੱਗੀਆਂ ਹੋਈਆਂ ਹਨ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੀ ਜਨਤਾ ਦੀ ਗਰੀਬੀ ਦੂਰ ਕਰਨ ਲਈ ਬਹੁਤ ਸਾਰਾ ਪੈਸਾ ਖਰਚ ਕਰਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਉਂਦੀਆਂ ਹਨ ਪਰੰਤੂ, ਲੋਕਾਂ ਦੀ ਗਰੀਬੀ ਫਿਰ ਵੀ ਦੂਰ ਨਹੀਂ ਹੁੰਦੀ। ਇਸ ਦੇ ਕਈ ਕਾਰਨ ਹਨ। ਇਕ ਵਿਸ਼ੇਸ਼ ਕਾਰਨ ਹੈ ਕਿ ਬਹੁਤ ਸਾਰੇ ਗਰੀਬ ਲੋਕ, ਦਿਲੋਂ ਤਾਂ ਚਾਹੁੰਦੇ ਹਨ ਕਿ ਗਰੀਬੀ ਦੂਰ ਹੋਵੇ ਪਰੰਤੂ, ਅਗਿਆਨਤਾ ਵੱਸ ਉਹ ਗਰੀਬੀ ਦੂਰ ਕਰਨ ਵਾਲੇ ਕੰਮ ਹੀ ਨਹੀਂ ਕਰਦੇ। ਜਿਵੇਂ: ਬਹੁਤ ਸਾਰੇ ਵਿਕਸਤ ਅਮੀਰ ਦੇਸ਼ਾਂ ਵਿੱਚ ਗਰੀਬ ਲੋਕਾਂ ਨੂੰ ਰੁਜ਼ਗਾਰ ਚਲਾਉਣ ਲਈ ਘਰ ਬੈਠੇ ਪੈਸੇ ਮਿਲਦੇ ਹਨ। ਲੋਕ ਉਹ ਪੈਸੇ ਜੂਏ, ਸ਼ਰਾਬ ਜਾਂ ਹੋਰ ਨਸ਼ਿਆਂ ਵਿਚ ਰੋੜ੍ਹ ਦਿੰਦੇ ਹਨ ਅਤੇ ਫਿਰ ਸੜਕਾਂ ਤੇ ਆ ਕੇ ਭੀਖ ਮੰਗਦੇ ਹਨ ਅਤੇ ਭੁੱਖੇ ਮਰਦੇ ਹਨ।
ਇਸੇ ਤਰ੍ਹਾਂ ਜੋ ਵਿਕਾਸਸ਼ੀਲ ਦੇਸ਼ ਹਨ; ਉੱਥੇ ਵੀ ਸਰਕਾਰਾਂ ਗਰੀਬੀ ਦੂਰ ਕਰਨ ਲਈ ਬਹੁਤ ਉਪਰਾਲੇ ਕਰਦੀਆਂ ਹਨ। ਜਿਵੇਂ: ਸਰਕਾਰ ਗਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਦੀਆਂ ਸਹੂਲਤਾਂ ਅਤੇ ਵਜ਼ੀਫੇ ਦਿੰਦੀ ਹੈ ਤਾਂ ਕਿ ਉਹ ਪੜ੍ਹ-ਲਿਖ ਕੇ ਜਾਂ ਚੰਗਾ ਕੋਰਸ ਕਰਕੇ; ਆਪਣਾ ਜੀਵਨ ਸੁਖਪੂਰਵਕ ਬਿਤਾ ਸਕਣ ਪਰੰਤੂ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਸਕੂਲਾਂ ਵਿਚ ਭੇਜਦੇ ਹੀ ਨਹੀਂ ਹਨ। ਗਰੀਬਾਂ ਦਾ ਵਿਹਾਰ ਅਜਿਹਾ ਹੈ ਕਿ ਉਹ “ਅਸੀਂ ਪੜ੍ਹਾਂਗੇ” ਕਹਿ ਕੇ ਵਜ਼ੀਫ਼ਾ ਤਾਂ ਲੈ ਲੈਂਦੇ ਹਨ; ਪਰੰਤੂ ਪੜ੍ਹਦੇ ਨਹੀਂ। ਉਹ ਵਜ਼ੀਫ਼ਾ ਲੈ ਕੇ ਭੱਜ ਜਾਂਦੇ ਹਨ ਅਤੇ ਉਹ ਪੈਸੇ ਕਿਸੇ ਗਲਤ ਕੰਮ ਉੱਤੇ ਖਰਚ ਕਰਦੇ ਹਨ।
ਇਸ ਤਰ੍ਹਾਂ ਗ਼ਰੀਬ ਲੋਕ ਆਪਣੀਆਂ ਹੀ ਬੁਰੀਆਂ ਆਦਤਾਂ ਦੇ ਕਾਰਨ ਅਜਿਹੇ ਕੰਮ ਕਰਦੇ ਹਨ; ਜਿਨ੍ਹਾਂ ਨਾਲ ਉਨ੍ਹਾਂ ਦੀ ਗਰੀਬੀ ਦੂਰ ਨਹੀਂ ਹੁੰਦੀ। ਇਸ ਸੰਸਾਰ ਵਿੱਚ ਗਰੀਬੀ ਦੂਰ ਨਾ ਹੋਣ ਦਾ ਕਾਰਨ ਗਰੀਬ ਲੋਕਾਂ ਦਾ ਆਪਣਾ ਗਲਤ ਵਿਹਾਰ, ਗਲਤ ਆਚਾਰ ਅਤੇ ਉਨ੍ਹਾਂ ਦੀਆਂ ਮਾੜੀਆਂ ਆਦਤਾਂ ਹਨ। ਲੋਕਾਂ ਦੀ ਗਰੀਬੀ ਦੂਰ ਨਾ ਹੋਣ ਪਿੱਛੇ ਗਰੀਬ ਲੋਕਾਂ ਦੀ ਆਪਣੀ ਬਹੁਤ ਵੱਡੀ ਗਲਤੀ ਹੈ। ਇਸ ਦੇ ਲਈ ਬਿਨਾਂ ਕਿਸੇ ਕਾਰਨ ਸਰਕਾਰ (ਕਿਸੇ ਵੀ ਪਾਰਟੀ ਦੀ) ਨੂੰ ਦੋਸ਼ ਦੇਣਾ; ਸਾਡੇ ਲਈ ਉਚਿਤ ਨਹੀਂ ਹੈ। ਗਰੀਬੀ ਦੂਰ ਕਰਨ ਲਈ, ਗਰੀਬੀ ਦਾ ਅਸਲੀ ਕਾਰਨ ਜਾਣਨਾ ਬਹੁਤ ਜ਼ਰੂਰੀ ਹੈ।
ਠਾਕੁਰ ਦਲੀਪ ਸਿੰਘ
Leave a Comment
Your email address will not be published. Required fields are marked with *