ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਛੋਟੇ ਦੁਕਾਨਦਾਰਾਂ, ਰੇਹੜੀ-ਫੜੀ ਵਾਲਿਆਂ, ਵੱਡੇ ਵਪਾਰੀਆਂ ਅਤੇ ਆਮ ਲੋਕਾਂ ਵਲੋਂ ਪੁਲਿਸ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਸ਼ਹਿਰ ਮੁਕੰਮਲ ਬੰਦ ਰੱਖਣ ਉਪਰੰਤ ਪੁਲਿਸ ਪ੍ਰਸ਼ਾਸ਼ਨ ਨੇ ਸਿਟੀ ਥਾਣਾ ਕੋਟਕਪੂਰੇ ਦੇ ਮੁਖੀ ਦੀ ਬਦਲੀ ਕਰ ਦਿੱਤੀ ਹੈ। ਅੱਜ ਸਵੇਰੇ ਸਿਟੀ ਥਾਣੇ ਦੇ ਮੁਖੀ ਵਜੋਂ ਇੰਸ. ਮਨੋਜ ਕੁਮਾਰ ਸ਼ਰਮਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਥਾਣਾ ਜੈਤੋ ਵਿਖੇ ਥਾਣਾ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਅਹੁਦਾ ਸੰਭਾਲਣ ਉਪਰੰਤ ਨਵ-ਨਿਯੁਕਤ ਐਸ.ਐਚ.ਓ. ਮਨੋਜ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ਹਿਰ ’ਚ ਕਿਸੇ ਵੀ ਮਾੜੇ ਅਨਸਰ ਅਤੇ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ਾ ਵੇਚਣ, ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਤੋਂ ਬਾਜ਼ ਆਉਣ ਨਹੀਂ ਤਾਂ ਉਨ੍ਹਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਮਾੜਾ ਅਨਸਰ ਕੋਈ ਗਲਤ ਕੰਮ ਕਰਦਾ ਦਿਖਾਈ ਦੇਵੇ ਤਾਂ ਤੁਰਤ ਉਨ੍ਹਾਂ ਨੂੰ ਇਤਲਾਹ ਕਰਨ ਤਾਂ ਜੋ ਮੌਕੇ ’ਤੇ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਵਾਹਨ ਚਾਲਕ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਤਾਂ ਜੋ ਉਨ੍ਹਾਂ ਨੂੰ ਆਉਣ ਜਾਣ ’ਚ ਕੋਈ ਪ੍ਰੇਸ਼ਾਨੀ ਨਾ ਆਵੇ। ਦੋਪਹੀਆ ਵਾਹਨ ਚਾਲਕ ਆਪਣੇ ਵਾਹਨ ’ਤੇ ਤੀਜੀ ਸਵਾਰੀ ਨਾ ਬਿਠਾਉਣ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਬਚਿਆ ਜਾ ਸਕੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਦੁਕਾਨ ਦਾ ਸਮਾਨ ਆਪਣੀ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਸ਼ਹਿਰ ’ਚ ਭੀੜ ਭੜੱਕਾ ਨਾ ਹੋਵੇ ਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ।