ਡਾਕਟਰ ਦੇ ਰੁੱਖੇ ਵਤੀਰੇ ਤੋਂ ਵੀ ਮਰੀਜ਼ ਡਾਹਢੇ ਔਖੇ
ਬਠਿੰਡਾ,29 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਦੀਵੇ ਥੱਲੇ ਹਨੇਰਾ ਵਾਲੀ ਕਹਾਵਤ ਉਥੇ ਵਰਤੀ ਜਾਂਦੀ ਹੈ ਜਿੱਥੇ ਕਿ ਲੋਕਾਂ ਨੂੰ ਉਪਦੇਸ਼ ਦੇਣ ਵਾਲਾ ਖੁਦ ਉਨਾਂ ਗੱਲਾਂ ਤੋਂ ਸੱਖਣਾ ਹੁੰਦਾ ਹੈ।ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ ਬਠਿੰਡਾ ਦੇ ਭੱਟੀ ਰੋਡ ਸਥਿਤ ਜੀਵਿਆ ਹਸਪਤਾਲ ਅੰਦਰ। ਦੱਸਣਾ ਬਣਦਾ ਹੈ ਕਿ ਭਾਵੇਂ ਉਪਰੋਕਤ ਹਸਪਤਾਲ ਵਿੱਚ ਮਰੀਜਾਂ ਦੀ ਲੰਬੀ ਕਤਾਰ ਲੱਗੀ ਰਹਿੰਦੀ ਹੈ ,ਪਰ ਮੋਟੀਆਂ ਫੀਸਾਂ ਲੈਣ ਦੇ ਬਾਵਜੂਦ ਇਹ ਹਸਪਤਾਲ ਮਰੀਜਾਂ ਨੂੰ ਕਈ ਮੁਢਲੀਆਂ ਸਹੂਲਤਾਂ ਦੇਣ ਤੋਂ ਵੀ ਇਨਕਾਰੀ ਹੋਇਆ ਬੈਠਾ ਹੈ।ਬੀਤੇ ਦਿਨੀਂ ਕੁੱਝ ਪੱਤਰਕਾਰਾਂ ਵੱਲੋਂ ਇਸ ਹਸਪਤਾਲ ਵਿੱਚ ਦਾਖ਼ਲ ਆਪਣੇ ਕਿਸੇ ਨਿੱਜੀ ਮਿੱਤਰ ਦਾ ਹਾਲ ਚਾਲ ਪਤਾ ਲਈ ਜਾਇਆ ਗਿਆ। ਮਰੀਜਾਂ ਨੂੰ ਸਫਾਈ ਦਾ ਸੰਦੇਸ਼ ਦੇਣ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਇੱਕ ਸੰਸਥਾਨ ਹੋਣ ਦੇ ਨਾਤੇ ਜਿੱਥੇ ਇਸ ਹਸਪਤਾਲ ਅੰਦਰ ਸਾਫ ਸਫਾਈ ਦਾ ਬੁਰਾ ਹਾਲ ਦੇਖਿਆ ਗਿਆ ਉਥੇ ਹੀ ਇਸ ਹਸਪਤਾਲ ਦੇ ਸਟਾਫ ਸਮੇਤ ਡਾਕਟਰ ਦਾ ਰਵਈਆ ਵੀ ਕੋਈ ਬਹੁਤਾ ਜਿੰਮੇਵਾਰਾਨਾ ਨਹੀਂ ਸੀ। ਜਦੋਂ ਉਪਰੋਕਤ ਹਸਪਤਾਲ ਦੇ ਬਾਥਰੂਮ ਦੇ ਹਲਾਤ ਦੇਖੇ ਗਏ ਤਾਂ ਜਿੱਥੇ ਸੀਟ ਦਰੁਸਤ ਨਹੀਂ ਸੀ ਉੱਥੇ ਹੀ ਹੱਥ ਧੋਣ ਵਾਲੀ ਟੂਟੀ ਕੋਲ ਕਿਸੇ ਵੀ ਤਰਾਂ ਦਾ ਸੈਨੇਟਾਇਜ਼ਰ ਤਾ ਛੱਡੋ ਉਥੇ ਸਾਬਣ ਵੀ ਮੌਜੂਦ ਨਹੀਂ ਸੀ।ਜਦੋਂ ਕਿ ਇਸ ਉੱਪਰ ਲੱਗੇ ਬੋਰਡ ਤੇ ਹੱਥਾਂ ਨੂੰ ਸੈਨੇਟਾਇਜ਼ ਕਰਨ ਦਾ ਸੰਦੇਸ਼ ਦਿੱਤਾ ਗਿਆ ਸੀ।ਇਸ ਬਾਰੇ ਜਦੋਂ ਰਿਸੈਸ਼ਨਿਸਟ ਮੈਡਮ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਬੜੇ ਮਾਣ ਨਾਲ ਕਿਹਾ ਕਿ ਅਸੀਂ ਤਾਂ ਕਦੇ ਸਾਬਣ ਆਦਿ ਰੱਖਿਆ ਹੀ ਨਹੀਂ।ਇਸ ਬਾਰੇ ਕੁਝ ਮਰੀਜਾਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਦੋ ਮਹੀਨੇ ਤੋਂ ਇਸ ਹਸਪਤਾਲ ਵਿਖੇ ਇਲਾਜ ਲਈ ਆ ਰਹੇ ਹਨ ਪਰ ਹਰ ਵਾਰ ਹਲਾਤ ਅਜਿਹੇ ਹੀ ਹੁੰਦੇ ਹਨ।ਇਸ ਬਾਰੇ ਜਦੋਂ ਇਥੋਂ ਦੇ ਡਾਕਟਰ ਸੰਗਮ ਗਰਗ ਨਾਲ ਗੱਲ ਕੀਤੀ ਗਈ ਤਾਂ ਉਨਾ ਦਾ ਰਵਈਆ ਵੀ ਕਾਫੀ ਗੈਰ ਜ਼ਿੰਮੇਵਾਰ ਸੀ ਅਤੇ ਉਹ ਆਪਣੇ ਸਟਾਫ ਦਾ ਪੱਖ ਪੂਰਦੇ ਨਜ਼ਰ ਆਏ।ਕੁੱਝ ਮਰੀਜਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਉਪਰੋਕਤ ਡਾਕਟਰ ਦਾ ਮਰੀਜਾਂ ਪ੍ਰਤੀ ਵੀ ਵਤੀਰਾ ਕਾਫੀ ਰੁੱਖਾ ਹੈ।