‘ਸਰਕਾਰ ਤੁਹਾਡੇ ਦੁਆਰ’ ਜਨ ਸੁਣਵਾਈ ਕੈਂਪ ’ਚ ਸੁਣੀਆਂ ਮੁਸ਼ਕਿਲਾਂ
ਕੋਟਕਪੂਰਾ, 20 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੂਬਾ ਸਰਕਾਰ ਵਲੋਂ ਲੋਕਾਂ ਦੀ ਸੁਵਿਧਾ ਲਈ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਜਨ ਸੁਣਵਾਈ ਕੈਂਪਾਂ ਦਾ ਆਯੋਜਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਸਦਕਾ ਵੱਖ-ਵੱਖ ਪਿੰਡਾਂ ਵਿੱਚ ‘ਜਨ ਸੁਣਵਾਈ ਕੈਂਪਾਂ’ ਦਾ ਆਯੋਜਨ ਕਰਕੇ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਦਾ ਉਪਰਾਲਾ ਕੀਤਾ ਗਿਆ ਹੈ। ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਨੇੜਲੇ ਪਿੰਡ ਖਾਰਾ ਵਿਖੇ ਸੁਵਿਧਾ ਕੈਂਪ ਲਾਇਆ ਗਿਆ ਹੈ। ਜਿਸ ’ਚ ਪਿੰਡ ਠਾੜਾ, ਵਾੜਾਦਰਾਕਾ ਅਤੇ ਚੱਕ ਕਲਿਆਣ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਕੈਂਪ ਲਾਉਣ ਦਾ ਮੰਤਵ ਇੱਕੋ ਥਾਂ ’ਤੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ, ਤਾਂ ਜੋ ਲੋਕਾਂ ਦੇ ਕੰਮ ਪਿੰਡ ਪੱਧਰ ’ਤੇ ਹੀ ਹੋ ਸਕਣ ਅਤੇ ਉਨ੍ਹਾਂ ਦੀ ਖੱਜਲ-ਖੁਆਰੀ ਨਾ ਹੋਵੇ। ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀਆਂ ਹਦਾਇਤਾਂ ਮੁਤਾਬਿਕ ਚਾਰ ਪਿੰਡਾਂ ਦੇ ਸਾਂਝੇ ਕੈਂਪ ਦੌਰਾਨ ਵੀਰਪਾਲ ਕੌਰ ਐੱਸ.ਡੀ.ਐੱਮ. ਕੋਟਕਪੂਰਾ, ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਪੋ ਆਪਣੇ ਸਟਾਫ ਸਮੇਤ ਹਾਜਰ ਸਨ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਸੁਣ ਕੇ ਵਾਜਬ ਕੰਮ ਮੌਕੇ ’ਤੇ ਹੀ ਕੀਤੇ ਗਏ, ਜਿਸ ਨਾਲ ਆਮ ਜਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਮਿਲਣੀ ਸੁਭਾਵਿਕ ਹੈ। ਉਹਨਾਂ ਦੱਸਿਆ ਕਿ ਇਸ ਸੁਵਿਧਾ ਕੈਂਪ ’ਚ ਅਧਿਕਾਰੀਆਂ ਵਲੋਂ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਯੂਥ ਆਗੂ ਜਗਤਾਰ ਸਿੰਘ ਬਰਾੜ, ਕਾਕਾ ਸਿੰਘ ਪ੍ਰਧਾਨ, ਗੁਰਪ੍ਰਤਾਪ ਸਿੰਘ ਕੈਰੀ ਬਰਾੜ ਪ੍ਰਧਾਨ ਸਹਿਕਾਰੀ ਸਭਾ, ਤੇਜਿੰਦਰ ਸਿੰਘ, ਬਿਕਰਮਜੀਤ ਸਿੰਘ, ਰਣਜੀਤ ਸਿੰਘ, ਸੋਨੀ ਖਾਰਾ, ਸੁਖਪਾਲ ਸਿੰਘ ਵਾੜਾਦਰਾਕਾ, ਵਿੱਕੀ ਨਾਰੰਗ, ਗੁਰਤੇਜ ਸਿੰਘ ਬਰਾੜ, ਐਨਆਰਆਈ ਵਿੰਗ ਦੇ ਗਹਿਰੀ ਵੜਿੰਗ ਸਮੇਤ ਭਾਰੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।