ਲੋਕ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਕੀਤੀ ਜਾਵੇਗੀ ਪਾਲਣਾ : ਜਸਪ੍ਰੀਤ ਸਿੰਘ
ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾਣਗੀਆਂ ਲੋਕ ਸਭਾ ਚੋਣਾਂ
38339 ਨਵੇਂ ਨੌਜਵਾਨ ਵੋਟਰ ਪਹਿਲੀ ਵਾਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ
ਚੋਣ ਜ਼ਾਬਤੇ ਤੋਂ ਲੈ ਕੇ 4 ਮਈ ਤੱਕ 4 ਕਰੋੜ 33 ਲੱਖ 35 ਹਜ਼ਾਰ 595 ਰੁਪਏ ਦੀਆਂ ਗੈਰ ਕਾਨੂੰਨੀ ਵਸਤਾਂ ਕੀਤੀਆਂ ਬਰਾਮਦ
1 ਕਰੋੜ 12 ਲੱਖ ਰੁਪਏ ਨਕਦੀ ਕੀਤੀ ਜ਼ਬਤ
ਹੁਣ ਤੱਕ ਚੋਣਾਂ ਨਾਲ ਸਬੰਧਤ 142 ਸ਼ਿਕਾਇਤਾਂ ਹੋਈਆਂ ਪ੍ਰਾਪਤ
139 ਸ਼ਿਕਾਇਤਾਂ ਦਾ ਕੀਤਾ ਜਾ ਚੁੱਕਾ ਹੈ ਨਿਪਟਾਰਾ
ਬਠਿੰਡਾ, 6 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਚੋਣਾਂ-2024 ਪਾਰਦਰਸ਼ੀ ਤੇ ਸ਼ਾਂਤਮਈ ਢੰਗ ਨਾਲ ਕਰਵਾਈਆਂ ਜਾਣਗੀਆਂ। ਇਸ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਦੀਪਕ ਪਾਰੀਕ, ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਲਤੀਫ ਅਹਿਮਦ, ਨੋਡਲ ਅਫ਼ਸਰ ਮਾਡਲ ਕੋਡ ਆਫ਼ ਕੰਡਕਟ (ਐਮ.ਸੀ.ਸੀ.) ਤੇ ਸ਼ਿਕਾਇਤ ਸੈੱਲ-ਕਮ-ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ ਆਦਿ ਹਾਜ਼ਰ ਸਨ।
ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ਚ 83-ਲੰਬੀ, 91-ਭੁੱਚੋ ਮੰਡੀ (ਐਸਸੀ), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ) (ਐਸਸੀ), 94-ਤਲਵੰਡੀ ਸਾਬੋ, 95-ਮੌੜ, 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਐਸਸੀ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਲਈ ਕੁੱਲ 1814 ਪੋਲਿੰਗ ਸਟੇਸ਼ਨ ਹਨ। ਇਸ ਤੋਂ ਇਲਾਵਾ ਵੋਟਰਾਂ ਦੀ ਗਿਣਤੀ 16 ਲੱਖ 48 ਹਜ਼ਾਰ 169 ਹੈ। ਇਨ੍ਹਾਂ ਵਿਚ 8 ਲੱਖ 68 ਹਜ਼ਾਰ 635 ਮਰਦ ਵੋਟਰ, 7 ਲੱਖ 79 ਹਜ਼ਾਰ 500 ਔਰਤ ਵੋਟਰ ਹਨ। ਇਸ ਤੋਂ ਇਲਾਵਾ 34 ਟਰਾਂਸਜੈਂਡਰ ਵੋਟਰ ਹਨ। ਇਸ ਵਾਰ 18-19 ਸਾਲ ਵਰਗ ਦੇ 38339 ਨਵੇਂ ਨੌਜਵਾਨ ਵੋਟਰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਸਭਾ ਲਈ ਚੋਣਾਂ 1 ਜੂਨ 2024 ਨੂੰ ਹੋਣਗੀਆਂ, ਜਿਸ ਦਾ ਨਤੀਜਾ 4 ਜੂਨ 2024 ਨੂੰ ਐਲਾਨਿਆ ਜਾਵੇਗਾ। ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆਂ 7 ਮਈ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 14 ਮਈ ਹੈ ਤੇ ਨਾਮਜ਼ਦਗੀਆਂ ਦੀ ਪੜਤਾਲ 15 ਮਈ ਨੂੰ ਹੋਵੇਗੀ ਅਤੇ 17 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆਂ 7 ਮਈ 2024 ਤੋਂ ਸਵੇਰੇ 11 ਤੋਂ ਦੁਪਿਹਰ 3 ਵਜੇ ਤੱਕ ਕੋਰਟ ਰੂਮ ਵਿਖੇ ਭਰੀਆਂ ਜਾਣਗੀਆਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਾਮਜ਼ਦਗੀਆਂ ਦਫਤਰੀ ਕੰਮ-ਕਾਜ ਵਾਲੇ ਦਿਨਾਂ ’ਚ ਹੀ ਲਈਆਂ ਜਾਣਗੀਆਂ ਜਦਕਿ ਨਾਮਜ਼ਦਗੀਆਂ ਛੁੱਟੀ ਵਾਲੇ ਦਿਨਾਂ (11 ਤੇ 12 ਮਈ) ਨੂੰ ਨਹੀਂ ਲਈਆਂ ਜਾਣਗੀਆਂ।
ਉਨ੍ਹਾਂ ਮੀਡੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਜਾਬਤਾ ਲੱਗਣ ਉਪਰੰਤ 5 ਮਈ 2024 ਤੱਕ ਜ਼ਿਲ੍ਹੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਚੋਣਾਂ ਨਾਲ ਸਬੰਧਤ 142 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿੰਨ੍ਹਾਂ ਵਿੱਚੋਂ 139 ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਜਾ ਚੁੱਕਾ ਹੈ, ਜਦ ਕਿ 3 ਬਕਾਇਆ ਸ਼ਿਕਾਇਤਾਂ ਕਾਰਵਾਈ ਅਧੀਨ ਹਨ।
ਇਸ ਦੌਰਾਨ ਉਨ੍ਹਾਂ ਮੀਡੀਆਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੋਣ ਜ਼ਾਬਤੇ ਤੋਂ ਲੈ ਕੇ 4 ਮਈ 2024 ਤੱਕ 4 ਕਰੋੜ 33 ਲੱਖ 35 ਹਜ਼ਾਰ 595 ਰੁਪਏ ਦੀਆਂ ਗੈਰ ਕਾਨੂੰਨੀ ਵਸਤਾਂ ਪ੍ਰਾਪਤ ਕੀਤੀਆਂ ਗਈਆਂ ਹਨ। ਜਿਸ ਚ 1 ਕਰੋੜ 12 ਲੱਖ 43 ਹਜ਼ਾਰ 950 ਰੁਪਏ ਕੈਸ਼ ਬਰਾਮਦ ਕੀਤਾ ਗਿਆ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਇੱਕ ਸਵਾਲ ਦੇ ਜਵਾਬ ’ਚ ਦੱਸਿਆ ਕਿ ਲੋਕ ਸਭਾ ਚੋਣਾਂ-2024 ਸਬੰਧੀ ਜ਼ਿਲ੍ਹੇ ਨਾਲ ਸਬੰਧਤ ਕੋਈ ਵੀ ਜ਼ਿਲ੍ਹਾ ਵਾਸੀ ਆਪਣੀ ਸ਼ਿਕਾਇਤ ਸੀ-ਵਿਜੀਲ (c-vigil) ਐਪਲੀਕੇਸ਼ਨ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰਕੇ ਕੋਈ ਵੀ ਨਾਗਰਿਕ ਕਿਸੇ ਵੀ ਤਰ੍ਹਾਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਾ ਸਕਦਾ ਹੈ ਅਤੇ ਇਸ ਸ਼ਿਕਾਇਤ ਉੱਪਰ ਤੈਅ ਸਮੇਂ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਂਦੀ ਹੈ।
ਜਸਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਸ਼ਿਕਾਇਤ ਸੈੱਲ ਵਟਸਅਪ ਨੰਬਰ 70093-07977, ਈਮੇਲ dccbti2024@gmail.com, ਟੋਲ ਫ਼ਰੀ ਨੰਬਰ 1800-1802-950, ਨੈਸ਼ਨਲ ਗਵਰਨਮੈਂਟ ਸਰਵਿਸਿਜ ਪੋਰਟਲ (ਐਨ.ਜੀ.ਐਸ.ਪੀ) Service.india.gov.in ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਹਿਲੀ ਮੰਜ਼ਿਲ ਤੇ ਸਥਿਤ ਕਮਰਾ ਨੰਬਰ 235-ਈ ਵਿਖੇ ਸਥਾਪਿਤ ਕੀਤੇ ਗਏ ਜ਼ਿਲ੍ਹਾ ਕੰਟਰੋਲ ਸੈਂਟਰ ਵਿਖੇ ਦਸਤੀ ਸ਼ਿਕਾਇਤ ਵੀ ਦੇ ਸਕਦਾ ਹੈ।
ਇਸ ਦੌਰਾਨ ਜਿਲ੍ਹਾ ਪੁਲਿਸ ਮੁਖੀ ਸ਼੍ਰੀ ਦੀਪਕ ਪਾਰੀਕ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚੜਾਉਣ ਦੇ ਮੱਦੇਨਜ਼ਰ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਡਾ. ਮਨਦੀਪ ਕੌਰ, ਤਹਿਸੀਲਦਾਰ ਚੋਣਾਂ ਸ਼੍ਰੀ ਭੂਸ਼ਣ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਆਦਿ ਹਾਜ਼ਰ ਸਨ।
Leave a Comment
Your email address will not be published. Required fields are marked with *