ਜ਼ਿਲ੍ਹਾ ਪ੍ਰਸਾਸ਼ਨ ਨੇ ਲੋਕ ਸਭਾ ਚੋਣਾਂ ਲਈ ਵੱਖ-ਵੱਖ ਪਰਮੀਸ਼ਨਾਂ ਲਈ ਸਿੰਗਲ ਵਿੰਡੋ ਪ੍ਰਣਾਲੀ ਕੀਤੀ ਸਥਾਪਿਤ
ਫ਼ਰੀਦਕੋਟ , 23 ਮਾਰਚ (ਵਰਲਡ ਪੰਜਾਬੀ ਟਾਈਮਜ਼)
ਲੋਕ ਸਭਾ ਚੋਣਾਂ ਦੌਰਾਨ ਰਾਜਸੀ ਪਾਰਟੀਆਂ/ਉਮੀਦਵਾਰਾਂ ਨੂੰ ਚੋਣ ਪ੍ਰਚਾਰ ਸਬੰਧੀ ਵੱਖ-ਵੱਖ ਕਿਸਮਾਂ ਦੀਆਂ ਪਰਮੀਸ਼ਨਾਂ ਦੇਣ ਦੀ ਪ੍ਰੀਕਿ੍ਰਆ ਨੂੰ ਸੁਖਾਲਾ ਬਣਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਰੀਦਕੋਟ ਦੇ ਸੇਵਾ ਕੇਂਦਰ ਵਿਖੇ ਸਿੰਗਲ ਵਿੰਡੋਸ ਪ੍ਰਣਾਲੀ ਸਥਾਪਿਤ ਕੀਤੀ ਗਈ ਹੈ। ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸਨਰ ਵਿਨੀਤ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਮੀਸ਼ਨਾਂ ਸਬੰਧੀ ਐੱਨ.ਓ.ਸੀ. ਲੈਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 26 ਅਧੀਨ ਜਿਲ੍ਹਾ ਪੱਧਰ ’ਤੇ ਸਿੰਗਲ ਵਿੰਡੋ ਪ੍ਰਣਾਲੀ ਸਥਾਪਿਤ ਕਰਕੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਮੇਂ ਸਿਰ ਉਮੀਦਵਾਰਾਂ ਨੂੰ ਲੋੜੀਂਦੀ ਪਰਮੀਸ਼ਨ ਜਾਰੀ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਜਿਲ੍ਹਾ ਪੱਧਰੀ ਸਿੰਗਲ ਵਿੰਡੋ ਟੀਮ ਦੇ ਇੰਚਾਰਜ ਵਧੀਕ ਡਿਪਟੀ ਕਮਿਸ਼ਨਰ (ਜ) ਜਗਜੀਤ ਸਿੰਘ ਨੂੰ ਲਾਇਆ ਗਿਆ ਹੈ, ਜਿਨ੍ਹਾਂ ਨਾਲ ਵੱਖ-ਵੱਖ ਟੀਮ ਮੈਂਬਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਟੀਮ ਇੰਚਾਰਜ ਉਮੀਦਵਾਰ/ਬਿਨੈਕਾਰ ਨੂੰ ਪਰਮੀਸ਼ਨ ਦੇਣ ਲਈ ਵੱਖ-ਵੱਖ ਕਮੇਟੀਆਂ ਦੇ ਨੋਡਲ ਅਫਸਰਾਂ ਨਾਲ ਤਾਲਮੇਲ ਕਰਕੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਵਾਉਣਗੇ ਅਤੇ ਸਿੰਗਲ ਵਿੰਡੋ ਰਾਹੀਂ ਪਰਮੀਸ਼ਨ ਜਾਰੀ ਕਰਵਾਉਣ ਦੇ ਜਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਸਮੂਹ ਟੀਮ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਰਾਜਸੀ ਪਾਰਟੀਆਂ/ਉਮੀਦਵਾਰਾਂ ਵਲੋਂ ਦਰਖਾਸਤ ਪ੍ਰਾਪਤ ਹੋਣ ’ਤੇ ਮਿਥੇ ਸਮੇਂ ਅੰਦਰ ਪਰਮੀਸ਼ਨ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਰੀ/ਦਰਖਾਸਤ ਦਾ ਨਿਪਟਾਰਾ ਸਮੇਂ ਸਿਰ ਨਾ ਹੋਣ ਦੀ ਸੂਰਤ ’ਚ ਸਬੰਧਤ ਅਧਿਕਾਰੀ/ਕਰਮਚਾਰੀ ਖਿਲਾਫ ਚੋਣ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।