ਵਿਸਰ ਗਿਆ ਛੱਟਣਾ ਕੱਤਣਾ ਕਸੀਦਾ
ਨਸ਼ੇ ਵਿਦੇਸ਼ ਜਵਾਨੀ ਖਾ ਗਏ
ਵਿਦੇਸ਼ੀ ਕੱਪੜੇ ਕਰੋਕਰੀ ਰੀਲਾ ਵਾਲ਼ਾ ਕੰਜਰਖਾਨਾ ਰਕਾਨੀ ਖਾ ਗਏ।
ਹੁਣ ਗੁੱਤੀਂ ਪਰਾਂਦੇ ਕੌਣ ਗੁੰਦੇ
ਸੈਲੂਨ ਪਾਰਲਰ ਰੂਪ ਰੂਹਾਨੀ ਖਾ ਗਏ।
ਖਾਂਦੇ ਜਾਂਦੇ ਸੱਭਿਆਚਾਰ ਮੇਰਾ
ਜਲਦ ਰੋਕੋ ਪੱਛਮ ਦੇ ਨੰਗੇਜੀ਼ ਸੈਲਾਬ ਨੂੰ।
ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ।
ਸਤਲੁਜ ਵੀ ਜਾਪੇ ਸ਼ਰਾਰਤ ਭੁੱਲਿਆ
ਉਦਾਸ-ਉਦਾਸ ਜਿਹਾ ਵਹਿੰਦਾ ਜਾਂਦਾ।
ਰੋਂਦਾ ਤੇ ਸਮਝਾਉਂਦਾ
ਬਸ ਇਹੋ ਕਹਿੰਦਾ ਜਾਂਦਾ।
ਓਏ ਸਾਂਭ ਸਰਦਾਰੀ ਗੱਭਰੂਆ
ਕਿਉਂ ਦਿਲਾਂ ਤੋਂ ਲਹਿੰਦਾ ਜਾਂਦਾ।
ਡਿਕ ਡੋਲੇ ਜੇ ਖਾਂਦਾ ਜਾਪੇ
ਧੌੜੀ ਜੁੱਤੀ ਮੜਕ ਤੋਰ ਭੁੱਲੀ ਨਵਾਬ ਨੂੰ।
ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ।
ਨੂਰ ਚਿਹਰੇ ਦਾ ਸਮੈਕ ਪੀ ਗਈ
ਮੁੱਖ ਸੋਹਣੇ ਤੋਂ ਲਾਲੀ ਉੱਡੀ।
ਡੱਕ – ਡੱਕ ਹਿੱਲਣ ਤੁਰਿਆ ਨਾ ਜਾਵੇ
ਸਾਹ ਚੜ੍ਹ ਜਾਂਦਾ ਕਿਥੋਂ ਪਾਵਣ ਲੁੱਡੀ।
ਪੱਬ ਕਲੱਬਾਂ ਦੀ ਅਯਾਸ਼ੀ ਨੇ
ਕਰ ਦਿੱਤੀ ਦੇਸ਼ ਦੀ ਜਵਾਨੀ ਬੁੱਢੀ।
ਜਮਾਂ ਧੁਆਂਖ ਗਿਐਂ,ਪੈ ਗਈ ਹੋਵੇ ਜਿਵੇਂ ਕੰਗਿਆਰੀ ਸੂਹੇ ਗੁਲਾਬ ਨੂੰ।
ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ।
ਡੱਕ ਡੱਕ ਨੇ ਹਿੱਲਦੇ ਜੁੱਸੇ
ਦੁੱਧ ਮੱਖਣਾਂ ਨਾਲ ਪਾਲੇ਼ ਪੁੱਤ ਮਾਵਾਂ ਦੇ।
ਰੀਝਾਂ ਜਿਨ੍ਹਾਂ ਦੀਆਂ ਪੁਗਾਉਂਦੇ- 2
ਸਭ ਹਾਸੇ ਮੁੱਕ ਗਏ ਚਾਵਾਂ ਦੇ।
ਜੱਗੇ ਜਿਉਣੇ ਦੀਆਂ ਸੁਣੀਦੀਆਂ ਸੀ
ਮਿਸਾਲਾਂ ਜਿੱਥੇ, ਹੁਣ ਉਥੇ
ਬਸ ਗੱਭਰੂ ਰਹਿ ਗਏ ਨਾਵਾਂ ਦੇ।
ਉਪਰੋਂ ਇਹ ਗਾਇਕ ਜਿਹੇ ਚੰਦਰੇ
ਅੰਮ੍ਰਿਤ ਹੀ ਦੱਸਦੇ ਜ਼ਹਿਰ ਸ਼ਰਾਬ ਨੂੰ।
ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ।
ਆਵੋ ਕੇ ਕੋਈ ਵਾਰੋ ਮਿਰਚਾਂ
ਆਵੋ ਕੇ ਕੋਈ ਲਾਹੋ ਢਾਲਾ਼।
ਜਲਦ ਕਰੋ ਕੋਈ ਹੀਲਾ ਯਾਰੋ
ਪਹਿਲਾਂ ਹੀ ਨੁਕਸਾਨ ਹੋ ਗਿਆ ਵਾਲ਼ਾ।
ਜਾਓ ਨਜੂਮੀਏ ਨੂੰ ਹੱਥ ਦਿਖਾਓ
ਜਾ ਕੇ ਕੋਈ ਮੰਤਰ ਪੜ੍ਹਾਓ
ਲਗਾ ਦਿਓ ਇੱਕ ਟਿੱਕਾ ਕਾਲ਼ਾ।
ਵੱਜ ਗਈ ਕੋਈ ਚੰਦਰੀ ਵਾ
ਸੋਹਣੇ ਨਵਾਬ ਨੂੰ।
ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ।
ਦੁਸ਼ਮਣ ਜੋ ਦੋਸਤੀ ਦਾ ਮਖੌਟਾ ਚਾੜ ਬੈਠੇ।
ਕਦੋਂ ਕੁ ਬੇੜੀ ਡੋਬ ਦੇਈਏ
ਬਸ ਇਸੇ ਗੱਲ ਦੀ ਤਾੜ ਬੈਠੇ।
ਮੂੰਹ ਤੇ ਬਣ ਬਣ ਮਿਆਂ ਮਿੱਠੂ
ਦਿਲ ਵਿੱਚ ਰੱਖ ਕੇ ਸਾੜ ਬੈਠੇ।
ਬਿਠਾ ਤਖ਼ਤਾਂ ਤੇ ਦੋਗਲਿਆਂ ਤਾਈਂ
ਅਸੀਂ ਆਪੇ ਆਪਣਾ ਆਪ ਉਜਾੜ ਬੈਠੇ।
ਆਵੋ ਯਾਰੋ ਕਿ ਰਲ਼ ਉਤਾਰੀਏ
ਇਹਨਾਂ ਦੇ ਚਿਹਰਿਆਂ ਤੋਂ ਨਕਾਬ ਨੂੰ।
ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ।
ਉੱਠ ਪੰਜਾਬੀਆ, ਜਾਗ ਪੰਜਾਬੀਆ।
ਘਿਉ ਮੱਖਣ ਖਾ ਤਕੜਾ ਹੋ ਜਾ
ਦੁੱਧ ਨੂੰ ਲਾ ਦੇ ਜਾਗ ਪੰਜਾਬੀਆ।
ਮਸਲ਼ ਸੁੱਟ ਥੱਲੇ ਲਾਹ ਕੇ
ਸਿਰ ਤੇਰੇ ‘ਤੇ ਚੜ ਬੈਠੇ ਨਾਗ ਪੰਜਾਬੀਆ।
ਤੇਰੀ ਅਣਖ ਆਬਰੂ ਤੇ ਅੱਖ ਰੱਖੀ ਬੈਠੇ
ਰੱਖੀ ਬੈਠੇ ਨਜ਼ਰ ਘਾਗ ਪੰਜਾਬੀਆ।
ਸੰਭਲ ਜ਼ਰਾ ਹੋਸ਼ ਕਰ
ਇੱਜ਼ਤ ਨੂੰ ਲੱਗੇ ਨਾ ਦਾਗ਼ ਪੰਜਾਬੀਆ।
ਫੇਰ ਨਲੂਆ ਤੇ ਫੂਲਾ ਬਣ ਜਾ
ਕੱਸ ਘੋੜੇ ਕਾਠੀ ਝਾੜ ਰਕਾਬ ਨੂੰ।
ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ।
ਇਹ ਦਿਨ ਬਰਬਾਦੀ ਦੇ
ਰੋਕਣਾ ਚਾਹੁੰਦੇ ਹੋ ਜੇ ਆਉਣੋ।
ਲੁੱਚੇ, ਲਫੰਗੇ, ਲਾਲਚੀ ਲੀਡਰਾਂ ਨੂੰ
ਡੱਕਣਾ ਪੈਣਾ ਫੜ੍ਹ ਕੇ ਧੌਣੋ।
ਨੰਗੇਜ਼ ਨਸ਼ੇ ਹਥਿਆਰਾਂ ਦੇ
ਹਟੋ ਬੱਚਿਆਂ ਨੂੰ ਗੀਤ ਸੁਣਾਉਣੋ।
ਹਰ ਵਾਰ ਪੰਜਾਬ ਤੂੰ ਮੋਹਰੀ ਰਹਿਐਂ
ਇਸ ਵਾਰ ਵੀ ਦਾਗ਼ ਨਾ ਲੱਗੇ ਇਨਕਲਾਬ ਨੂੰ।
ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ।
ਲੱਗ ਗਈ ਨਜ਼ਰ ਦੇਸ਼ ਪੰਜਾਬ ਨੂੰ।
ਜ..ਦੀਪ ਸਿੰਘ
ਪਿੰਡ:- ਕੋਟੜਾ ਲਹਿਲ
(ਸੰਗਰੂਰ)
ਮੋ: 9876004714
Leave a Comment
Your email address will not be published. Required fields are marked with *