ਕੋਟਕਪੂਰਾ, 8 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰੰਗ ਮੰਚ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਕਿਸ ਤਰ੍ਹਾਂ ਜਿੰਦਗੀ ਤੇ ਸਮਾਜ ਦੇ ਰਾਹਾਂ ’ਤੇ ਚਾਨਣ ਕਰਦਾ ਹੈ। ਇਹ ਸੁਖਾਵਾਂ ਮੰਜਰ ਅਦਾਕਾਰ ਮੰਚ ਮੋਹਾਲੀ ਵਲੋਂ ਇੱਥੇ ਖੇਡੇ ਗਏ ਨਾਟਕ ‘ਲੱਛੂ ਕਬਾੜੀਆ’ ਨੇ ਦਰਸ਼ਕਾਂ ਸਾਹਵੇਂ ਸੱਚ ਕਰਕੇ ਵਿਖਾਇਆ। ਸਾਹਿਤ ਸਭਾ ਕੋਟਕਪੂਰਾ ਵਲੋਂ ਕਰਵਾਏ ਗਏ ਇਸ ਸਮਾਗਮ ’ਚ ਡਾ. ਸਾਹਿਬ ਸਿੰਘ ਨੇ ਆਪਣੀ ਅਦਾਕਾਰੀ ਤੇ ਸਮਾਜਿਕ ਸਰੋਕਾਰਾਂ ਪ੍ਰਤੀ ਆਪਣੀ ਨਿਰਪੱਖ ਪਹੁੰਚ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਨਾਟਕ ਦਾ ਮੁੱਖ ਪਾਤਰ ਲੱਛੂ ਕਬਾੜੀਆ ਗਰੀਬੀ ਤੇ ਸਮਾਜਿਕ ਵਿਤਕਰੇ ਦਾ ਸਤਾਇਆ ਹੋਇਆ ਹੈ। ਉਹ ਦੁੱਖ ਸੁੱਖ ਹੰਢਾਉਂਦਾ ਸਮਾਜਿਕ ਨਾ ਬਰਾਬਰੀ ਤੇ ਰਾਜ ਪ੍ਰਬੰਧ ਤੇ ਸੁਆਲ ’ਤੇ ਸ਼ੰਕੇ ਖੜ੍ਹੇ ਕਰਦਾ ਹੈ। ਉਹ ਅਪਣੀ ਗਾਥਾ ਦਰਸ਼ਕਾਂ ਸਾਹਵੇਂ ਪੇਸ਼ ਕਰਦਾ ਆਪਣੇ ਮਾਂ-ਬਾਪ, ਪੁੱਤਰ ਅਤੇ ਪਤਨੀ ਨਾਲ ਹੋਈ ਬੇਇਨਸਾਫੀ ਦਾ ਵਖਿਆਨ ਕਰਦਾ ਹੈ। ਉਹ ਰਾਜ ਪ੍ਰਬੰਧ ਚਲਾਉਣ ਵਾਲਿਆਂ ਤੋਂ ਆਪਣੇ ਹਿੱਸੇ ਦੀ ਜਮੀਨ ਦਾ ਹਿਸਾਬ ਮੰਗਦਾ ਹੈ। ਉਹ ਆਪਣੇ ਵਰਗ ਨਾਲ ਧਾਰਮਿਕ ਸਥਾਨਾਂ ’ਤੇ ਹੁੰਦੇ ਵਿਤਕਰੇ ਦੀ ਬਾਤ ਪਾਉਂਦਾ ਹੈ। ਨਾਟਕਕਾਰ ਆਪਣੀ ਇੱਛਾ ਤੇ ਸਮਾਜ ਦੇ ਭਲੇ ਦੀ ਸੋਚ ਨੂੰ ਇਕਮਿਕ ਕਰਦਾ ਹੈ। ਮੁੱਖ ਪਾਤਰ ਰਾਹੀਂ ਸਮਾਜਿਕ ਤੇ ਜਾਤੀ ਵਿਤਕਰਿਆਂ ਨੂੰ ਮਿਟਾ ਕੇ ਕਿਰਤੀਆਂ ਤੇ ਕਿਸਾਨਾਂ ਦੀ ਸਾਂਝ ਨੂੰ ਉਚਿਆਉਣ ਦਾ ਸੁਖਦ ਸੁਨੇਹਾ ਦਿੰਦਾ ਹੈ। ਸਾਹਿਤ ਸਭਾ ਵਲੋਂ ਪ੍ਰਧਾਨ ਕੁਲਦੀਪ ਮਾਣੂਕੇ ਅਤੇ ਸਕੱਤਰ ਗੁਰਪਿਆਰ ਹਰੀਨੌਂ ਨੇ ਨਾਟਕਕਾਰ ਡਾ. ਸਾਹਿਬ ਸਿੰਘ ਦਾ ਸਨਮਾਨ ਕੀਤਾ। ਸਮਾਗਮ ’ਚ ਕੁਲਦੀਪ ਕੰਡਿਆਰਾ, ਜੋਬਨ ਭੈਰੋਂ, ਦਿਲਬਾਗ ਚਹਿਲ, ਸੁਖਵਿੰਦਰ ਸੁੱਖੀ, ਜੰਗਪਾਲ ਸਿੰਘ ਹਰੀਨੌ ਨੇ ਵੀ ਹਾਜਰੀ ਲਵਾਈ।