ਬੀਤੇ ਦਿਨ ਛਾਪਾ ਮਾਰਨ ਤੇ ਫਰੀਦਕੋਟ ਦੇ ਕੋਟਕਪੂਰੇ ਵਿਖੇ ਇੱਕ ਫੈਕਟਰੀ ਵਿੱਚੋਂ ਨਕਲ਼ੀ ਘਿਉ ਦੇ ਲੱਗਭਗ 200 ਟੀਨ , ਬਨਸਪਤੀ ਘੀ ,ਰਿਫਾਇੰਡ ਅਤੇ ਕੁਝ ਹਾਨੀਕਾਰਕ ਪਦਾਰਥ ਵੀ ਬਰਾਮਦ ਕੀਤਾ ਗਿਆ। ਇਹ ਫੈਕਟਰੀ ਪਿਛਲੇ ਛੇ ਸਾਲਾਂ ਤੋਂ ਆਪਣਾ ਕਾਲਾ ਧੰਦਾ ਕਰਦੀ ਹੋਈ ਇਲਾਕੇ ਵਿੱਚ ਜ਼ਹਿਰ ਪਰੋਸ ਰਹੀ ਹੈ। ਮਿਲਾਵਟਖੋਰੀ ਅੱਜ ਦੀ ਨਹੀਂ, ਸਮੇਂ ਸਮੇਂ ਤੇ ਮਿਲਾਵਟਖੋਰੀ ਨੂੰ ਰੋਕਣ ਲਈ ਮਾਰੇ ਗਏ ਛਾਪਿਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਪ੍ਰੰਤੂ ਇਹਨਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੋਈ ਕੀਤੇ ਗਏ ਖ਼ਾਸ ਉਪਰਾਲੇ ਜਾਂ ਂ ਕਾਰਜ ਦਿਖਾਈ ਨਹੀਂ ਦਿੰਦੇ। ਜ਼ਹਿਰ ਵਰਤਾ ਰਹੀ ਮਿਲਾਵਟਖੋਰੀ ਦੀਆਂ ਇਹ ਦੁਕਾਨਾਂ ਲੋਕਾਂ ਦਾ ਜਿਥੇ ਪੈਸਾ ਬਰਬਾਦ ਕਰ ਰਹੀਆਂ ਹਨ ਉਥੇ ਉਹਨਾਂ ਨੂੰ ਉਹਨਾਂ ਦੀ ਹੱਕ ਦੀ ਕਮਾਈ ਬਦਲੇ ਜ਼ਹਿਰ ਦੇ ਰਹੀਆਂ ਹਨ।ਜਿਉਂ ਜਿਉਂ ਤਿਉਹਾਰਾਂ ਦਾ ਸਮਾਂ ਕਰੀਬ ਆ ਰਿਹਾ ਹੁੰਦਾ ਹੈ ਉਵੇਂ ਉਵੇਂ ਬਜ਼ਾਰਾਂ ਵਿੱਚ ਵਧ ਰਹੀ ਮਠਿਆਈਆਂ ਦੀ ਮੰਗ ਨੂੰ ਪੂਰਾ ਕਰਨ ਲਈ ਮਿਲਾਵਟਖੋਰੀ ਦਾ ਗੋਰਖਧੰਦਾ ਸ਼ੁਰੂ ਕੀਤਾ ਜਾਂਦਾ ਹੈ। ਬਾਹਰ ਬਜ਼ਾਰਾਂ ਵਿੱਚ ਬਣਨ ਵਾਲੀਆਂ ਮਠਿਆਈਆਂ ਨੂੰ ਖ੍ਰੀਦਣ ਤੋਂ ਪ੍ਰਹੇਜ਼ ਕਰਦੇ ਹੋਏ ਸਾਨੂੰ ਘਰ ਵਿੱਚ ਹੀ ਮਠਿਆਈ ਬਣਾਉਣੀ ਚਾਹੀਦੀ ਹੈ।ਸਰਕਾਰ ਅਤੇ ਪ੍ਰਸ਼ਾਸਨ ਨੂੰ ਜਿਥੇ ਮਿਲਾਵਟਖੋਰੀ ਨੂੰ ਰੋਕਣ ਲਈ ਸਖ਼ਤੀ ਕਰਕੇ ਫੜੇ ਮੁਲਜ਼ਮਾਂ ਪ੍ਰਤੀ ਸਖ਼ਤ ਤੋਂ ਸਖ਼ਤ ਸਜ਼ਾ ਮੁਕੱਰਰ ਕਰਨੀ ਚਾਹੀਦੀ ਹੈ ਉਥੇ ਲੋਕਾਂ ਨੂੰ ਵੀ ਸਮੂਹਿਕ ਏਕਤਾ ਰਾਹੀਂ ਆਪਣੇ ਆਲੇ ਦੁਆਲੇ ਚਲ ਰਹੀਆਂ ਮਿਲਾਵਟਖੋਰੀ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969