ਗੱਲ ਕੋਈ ਬਾਈ ਤੇਈ ਸਾਲ ਪੁਰਾਣੀ ਹੈ ਮੈਂ ਯੂ. ਜੀ .ਸੀ ਦੇ ਪੇਪਰ ਲਈ ਚੰਡੀਗੜ੍ਹ ਗਿਆ। ਮੈਂ ਆਪਣੇ ਦੋਸਤ ਕੋਲ ਪੰਜਾਬ ਯੂਨੀਵਰਸਿਟੀ ਚਲਾ ਗਿਆ। ਮੈਂ ਰਾਤ ਚੋਰੀ ਛਿਪੇ ਉਹਨਾਂ ਕੋਲ ਹੋਸਟਲ ਹੀ ਠਹਿਰ ਗਿਆ। ਟੀ .ਵੀ ਤੇ ਆ ਰਿਹਾ ਸੀ ਕਿ ਵਾਈ .ਡਬਲਿਊ. ਸੀ .ਏ . ਵੱਲੋਂ ਵੱਡੀ ਪੱਧਰ ਤੇ ਸਮਾਗਮ ਹੋ ਰਿਹਾ ਹੈ ਕੋਈ ਵੀ ਜੂਥ ਆ ਸਕਦਾ ਹੈ ਖੁੱਲਾ ਸੱਦਾ ਹੈ। ਮੇਰੇ ਦੋਸਤ ਦੇ ਦੋਸਤ ਨੇ ਟਿੱਚਰ ਕਰਦਿਆਂ ਕਿਹਾ , ਪੁੜੈਣਵਾਲਿਆ ਮਾਰਿਆ ਗੇੜਾ ਕੱਲ੍ਹ ਇੱਥੇ ਨਾਲੇ ਤੇਰਾ ਟਾਈਮਪਾਸ ਹੋਜੂ ਤੇ ਨਾਲੇ ਮਨੋਰੰਜਨ ਵੀ। ਮੈਂ ਬਿਨਾ ਸੋਚੇ ਝੱਟ ਹਾਂ ਕਰ ਦਿੱਤੀ। ਉਹ ਮੈਨੂੰ ਇਕ ਵੱਡੀ ਸਾਰੀ ਬਿਲਡਿੰਗ ਜਿਸ ਤੇ ਲੱਗੇ ਬੋਰਡ ਤੇ ਮੋਟੇ ਅੱਖਰਾਂ ਵਿੱਚ ਵਾਈ . ਡਬਲਿਊ. ਸੀ. ਏ . ਲਿਖਿਆ ਸੀ ਉਤਾਰ ਗਏ ਤੇ ਕਹਿਣ ਲੱਗੇ ਜਦੋਂ ਵਿਹਲਾ ਹੋਇਆ ਕਾਲ ਕਰ ਦੇਣੀ ਲੈ ਜਾਵਾਂਗੇ। ਮੈਂਨੂੰ ਅੰਦਰ ਜਾਣ ਦੀ ਕਾਹਲ ਸੀ ਇਸੇ ਲਈ ਚੰਗੀ ਤਰਾਂ ਬੋਰਡ ਨਹੀਂ ਪੜ੍ਹਿਆ ਬਸ ਵਾਈ . ਡਬਲਿਊ . ਸੀ . ਏ . ਹੀ ਪੜ੍ਹਿਆ। ਮੈਨੂੰ ਗੇਟਮੈਨ ਨੇ ਰੋਕ ਲਿਆ ਤੇ ਕਿਹਾ ਤੁਸੀਂ ਅੰਦਰ ਨਹੀਂ ਜਾ ਸਕਦੇ , ਮੈ ਜ਼ਿਦ ਕਰਨ ਲੱਗਾ। ਸ਼ਾਇਦ ਕੈਮਰੇ ਰਾਹੀਂ ਅੰਦਰ ਪਤਾ ਲੱਗ ਗਿਆ ,ਗੇਟਮੈਨ ਨੂੰ ਫੋਨ ਆਇਆ , ਉਸਨੇ ਫੋਨ ਸੁਣਿਆ ਤੇ ਮੇਰੀ ਚੰਗੀ ਤਰਾਂ ਤਲਾਸ਼ੀ ਲੈਣ ਉਪਰੰਤ ਮੈਨੂੰ ਅੰਦਰ ਗੈਸਟ ਰੂਮ ਛੱਡ ਆਇਆ। ਇਕ ਅਤਿ ਸੁੰਦਰ ਸਜ਼ੀ ਧਜ਼ੀ ਲੜਕੀ ਮੇਰੇ ਕੋਲ ਆਈ ਤੇ ਕਹਿਣ ਲੱਗੀ ਸਰਦਾਰ ਸਾਹਿਬ ਇੱਥੇ ਕਿਵੇਂ ਆਏ ਹੋ। ਮੈਂ ਦੱਸਿਆ ਪੰਜਾਬ ਯੂਨੀਵਰਸਿਟੀ ਤੋਂ ਦੋਸਤ ਛੱਡ ਕੇ ਗਏ ਹਨ। ਉਹ ਮੁਸਕਰਾ ਕੇ ਕਹਿਣ ਲੱਗੀ ਮੇਰਾ ਮਤਲਬ ਇੱਥੇ ਆਉਣ ਦਾ ਕਾਰਨ ਕੀ ਹੈ , ਤੁਸਾਂ ਕਿਸਨੂੰ ਮਿਲਣਾ। ਮੈਂ ਭੋਲੇ ਭਾ ਓਸਨੂੰ ਕਿਹਾ ਟੀ.ਵੀ ਤੇ ਆ ਰਿਹਾ ਸੀ ਵਾਈ .ਡਬਲਿਊ. ਸੀ. ਏ. ਸਮਾਗਮ ਹੈ ਕੋਈ ਵੀ ਜੂਥ ਆ ਸਕਦਾ ਹੈ , ਸੋ ਦੋਸਤਾਂ ਦੇ ਕਹਿਣ ਤੇ ਮੈਂ ਆ ਗਿਆ। ਉਹ ਅਤਿ ਖੂਬਸੂਰਤ ਲੜਕੀ ਮੁਸਕਰਾਈ ਤੇ ਹੱਸ ਕੇ ਕਹਿਣ ਲੱਗੀ ਸਿੰਘ ਸਾਬ ਤੁਹਾਡਾ ਵੈਲਕਮ ਹੈ ਸਵਾਗਤ ਹੈ। ਉਸ ਨੇ ਮੈਨੂੰ ਚਾਹ ਪਾਣੀ ਭਿਜਵਾਇਆ ਤੇ ਉੱਥੇ ਹੀ ਬੈਠਣ ਲਈ ਕਿਹਾ। ਕੁੱਝ ਕੁ ਮਿੰਟਾਂ ਬਾਅਦ ਮੇਰੇ ਕੋਲ ਦੋ ਲੜਕੀਆਂ ਆਈਆਂ ਜਿੰਨਾਂ ਮੁਸਕਰਾ ਕੇ ਮੈਨੂੰ ਸੱਦਾ ਪੱਤਰ ਤੇ ਪਾਸ ਦਿੱਤਾ ਤੇ ਕਿਹਾ ਜਦੋਂ ਸਮਾਗਮ ਸ਼ੁਰੂ ਹੋਇਆ ਤੁਹਾਨੂੰ ਗਾਰਡ ਲੈਣ ਆ ਜਾਵੇਗਾ। ਗੈਸਟ ਰੂਮ ਵਿੱਚ ਲੜਕੀਆਂ ਆਉਂਦੀਆਂ ਰਹੀਆਂ ਤੇ ਮੈਨੂੰ ਸਵਾਲ ਜਵਾਬ ਕਰਦੀਆਂ ਰਹੀਆਂ। ਕੋਈ ਘੰਟੇ ਕੁ ਬਾਅਦ ਗਾਰਡ ਆਇਆ ਤੇ ਮੈਨੂੰ ਸੈਮੀਨਾਰ ਹਾਲ ਦੇ ਗੇਟ ਤੇ ਛੱਡ ਪਿਛਾਂਹ ਮੁੜ ਆਇਆ। ਮੈਂ ਅੰਦਰ ਆਇਆ ਵੇਖਿਆ ਸਾਰੀਆਂ ਹੀ ਲੜਕੀਆਂ ਸਨ ਮੈਨੂੰ ਉੱਥੇ ਕੋਈ ਵੀ ਲੜਕਾ ਨਹੀਂ ਸੀ ਦਿਸ ਰਿਹਾ। ਸਾਰੀਆਂ ਲੜਕੀਆਂ ਮੇਰੇ ਵੱਲ ਝਾਕੀ ਜਾਣ ਤੇ ਹੱਸੀ ਜਾਣ। ਮੈਂ ਅੰਦਰ ਵੜ ਕੇ ਪਿੱਛੇ ਹੀ ਖੜ੍ਹ ਗਿਆ ਤੇ ਸਭ ਤੋਂ ਮਗਰਲੀ ਕਤਾਰ ਵਿੱਚ ਇਕੱਲਾ ਹੀ ਬੈਠ ਗਿਆ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਇੱਥੇ ਕੋਈ ਹੋਰ ਲੜਕਾ ਕਿਉਂ ਨਹੀ ਦਿਸ ਰਿਹਾ ਜਦੋਂ ਕਿ ਸੱਦਾ ਪੱਤਰ ਖੁੱਲਾ ਸੀ। ਇੰਨੇ ਨੂੰ ਮੁੱਖ ਮਹਿਮਾਨ ਉਹੀ ਲੜਕੀ ਜਿਸਨੇ ਮੈਨੂੰ ਪਾਸ ਭੇਜੇ ਸੀ ਜੋ ਹੀ ਚੇਅਰਪਰਸਨ ਸੀ ਆ ਗਈ ਜਿਸਨੂੰ ਸਟੇਜ਼ ਤੇ ਬਿਠਾਇਆ ਗਿਆ। ਸਾਰਿਆਂ ਦਾ ਧਿਆਨ ਸਟੇਜ਼ ਵੱਲ ਹੋਇਆ। ਚੇਅਰਪਰਸਨ ਦੀ ਨਿਗਾ ਹਾਲ ਵਿੱਚ ਘੁੰਮ ਰਹੀ ਸੀ ਸ਼ਾਇਦ ਉਹ ਮੈਨੂੰ ਢੂੰਢ ਰਹੀ ਸੀ। ਉਸਦੀ ਨਿਗਾ ਮੇਰੇ ਤੇ ਪਈ ਤੇ ਓਸ ਨੇ ਮੈਨੂੰ ਸਟੇਜ਼ ਤੇ ਆਉਣ ਲਈ ਕਿਹਾ। ਮੈਂ ਚੇਅਰਪਰਸਨ ਨਾਲ ਬੈਠ ਗਿਆ ਸਾਰੇ ਹੈਰਾਨ ਸਨ। ਐਂਕਰ ਲੜਕੀ ਨੇ ਸਟੇਜ਼ ਸੰਭਾਲੀ ਤੇ ਕਹਿਣ ਲੱਗੀ ਕਿ ਵਾਈ . ਡਬਲਿਊ. ਸੀ . ਏ .ਭਾਵ ਜੰਗ ਵੋਮੈਨ ਕ੍ਰਿਸ਼ਚੀਅਨ ਐਸੋਸੀਏਸ਼ਨ ਵੱਲੋਂ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਤਾਂ ਮੈਨੂੰ ਸਮਝ ਲੱਗੀ ਕਿ ਇਹ ਸਮਾਗਮ ਲੜਕੀਆਂ ਦਾ ਸੀ ਮੈਂ ਕਿੱਥੇ ਫਸ ਗਿਆ। ਮੇਰੇ ਅੰਦਰ ਵਿਚਾਰਾਂ ਦਾ ਭੁਚਾਲ ਆ ਗਿਆ। ਇਕ ਮਨ ਕਰੇ ਉੱਠ ਕੇ ਭੱਜ ਜਾਵਾਂ। ਮੈਨੂੰ ਦੋਸਤਾਂ ਤੇ ਗੁੱਸਾ ਵੀ ਆਵੇ ਪਰ ਹੁਣ ਕੀ ਹੋ ਸਕਦਾ ਸੀ। ਸਟੇਜ਼ ਤੋਂ ਮੇਰੇ ਲਈ ਸਪੈਸ਼ਲ ਅਨਾਊਂਸਮੈਂਟ ਹੋਈ , ਮੇਰਾ ਨਾਮ ਲੈ ਕੇ ਮੈਨੰ ਮਾਈਕ ਦਿੱਤਾ ਗਿਆ ਤੇ ਲੇਡੀਜ਼ ਤੇ ਬੋਲਣ ਲਈ ਕਿਹਾ ਗਿਆ। ਸਮਾਗਮ ਜਿਆਦਾਤਰ ਅੰਗਰੇਜੀ ਵਿੱਚ ਤੇ ਥੋੜਾ ਬਹੁਤ ਹਿੰਦੀ ਵਿੱਚ ਸੀ। ਮੈਂ ਝਿਜ਼ਕਦੇ ਨੇ ਪੰਜਾਬੀ ਵਿੱਚ ਲੈਕਚਰ ਦੀ ਇਜ਼ਾਜਤ ਲਈ ਤੇ ਥਿੜਕਦੇ ਬੋਲਾਂ ਨਾਲ ਲੈਕਚਰ ਸ਼ੁਰੂ ਕੀਤਾ। ਮੈਂ ਆਪਣੇ ਵਲਵਲੇ , ਕਵਿਤਾਵਾਂ ਤੇ ਗੀਤ ਸੁਣਾਏ ਜਿਸ ਦਾ ਸਾਰੀਆਂ ਨੇ ਖੜੇ ਹੋ ਕਾ ਤਾੜੀਆਂ ਨਾਲ ਸਵਾਗਤ ਕੀਤਾ। ਮੈਨੂੰ ਗਿਫ਼ਟ ਦਿੱਤੇ ਗਏ ਤੇ ਖਾਣਾ ਵੀ ਖਵਾਇਆ। ਮੈਨੂੰ ਅਜ਼ਨਵੀ ਨੂੰ ਇੰਨਾਂ ਪਿਆਰ ਮਿਲਿਆ ਜਿਸਦਾ ਅਹਿਸਾਸ ਅੱਜ ਬਾਈ ਤੇਈ ਸਾਲਾਂ ਬਾਅਦ ਵੀ ਤਰੋ ਤਾਜ਼ਾ ਹੈ। ਮੇਰੇ ਸਾਥੀ ਮੈਨੂੰ ਲੈਣ ਆਏ , ਮੇਰੇ ਕੋਲ ਗਿਫ਼ਟ ਤੇ ਮੈਨੂੰ ਖੁਸ਼ ਵੇਖ ਬੜੇ ਹੈਰਾਨ ਹੋਏ, ਉਹ ਮੈਨੂੰ ਜੁੱਤੀਆਂ ਪਵਾਉਣਾ ਚਾਹੁੰਦੇ ਸਨ ਤੇ ਕੁਦਰਤ ਨੇ ਪਾਏ ਫੁੱਲਾਂ ਦੇ ਹਾਰ ।
ਇਕਬਾਲ ਸਿੰਘ ਪੁੜੈਣ
88728 97500
Leave a Comment
Your email address will not be published. Required fields are marked with *