
ਕੋਟਕਪੂਰਾ, 14 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਮੁਹਿੰਮ ਦੀ ਲੜੀ ਤਹਿਤ ਨੇੜਲੇ ਪਿੰਡ ਚਿੱਬੜਾਂਵਾਲੀ ਦੇ ਸਰਕਾਰੀ ਹਾਈ ਸਕੂਲ ਵਿਖੇ ਜਾਗਰੂਕਤਾ ਵਾਲੀਆਂ ਕਾਪੀਆਂ ਵੰਡ ਕੇ ਬੱਚਿਆਂ ਨੂੰ ਵੱਧ ਰਹੇ ਪ੍ਰਦੂਸ਼ਣ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਲਾਇਆ ਗਿਆ। ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਅੰਕੜਿਆਂ ਸਹਿਤ ਦਲੀਲਾਂ ਦੇ ਕੇ ਦੱਸਿਆ ਕਿ ਅੱਜ ਵੱਧ ਰਹੇ ਪ੍ਰਦੂਸ਼ਣ ਕਾਰਨ ਨਵੀਂ ਪੀੜੀ ਦੀ ਪੈਦਾਇਸ਼ ਖਤਰੇ ਵਿੱਚ ਹੈ, ਕਿਉਂਕਿ ਵੱਖ ਵੱਖ ਭਿਆਨਕ ਬਿਮਾਰੀਆਂ ਤੋਂ ਪੀੜਤ, ਮਾਨਸਿਕ ਰੋਗੀ, ਅੰਗਹੀਣ, ਲੂਲੇ-ਲੰਗੜੇ ਬੱਚਿਆਂ ਦੀ ਪੈਦਾਇਸ਼ ਬਹੁਤ ਵੱਡੇ ਖਤਰੇ ਦਾ ਸੰਕੇਤ ਹੈ। ਉਹਨਾਂ ਆਖਿਆ ਕਿ ਇਹ ਕਾਪੀਆਂ ਬਜਾਰਾਂ ਵਿੱਚ ਮੁੱਲ ਨਹੀਂ ਮਿਲਦੀਆਂ, ਬਜਾਰਾਂ ਵਿੱਚੋਂ ਤੁਸੀਂ ਫਿਲਮੀ ਐਕਟਰਾਂ ਜਾਂ ਕਿ੍ਰਕਟਰਾਂ ਦੀਆਂ ਤਸਵੀਰਾਂ ਵਾਲੀਆਂ ਕਾਪੀਆਂ ਤਾਂ ਖਰੀਦ ਸਕਦੇ ਹੋ ਪਰ ਇਸ ਤਰਾਂ ਦੀਆਂ ਜਾਗਰੂਕਤਾ ਵਾਲੀਆਂ ਲੱਖਾਂ ਕਾਪੀਆਂ ਸੁਸਾਇਟੀ ਵਲੋਂ ਕੋਟਕਪੂਰਾ ਗਰੁੱਪ ਆਫ ਫੈਮਲੀਜ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਵੱਖ ਵੱਖ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਵੰਡੀਆਂ ਜਾ ਚੁੱਕੀਆਂ ਹਨ। ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਵਲੋਂ ਮਾ. ਐੱਸ.ਐੱਸ. ਸੁਨਾਮੀ, ਪ੍ਰੋ. ਐੱਚ.ਐੱਸ. ਪਦਮ, ਜਗਸੀਰ ਸਿੰਘ ਬਰਾੜ, ਸੇਵਾਮੁਕਤ ਮੈਨੇਜਰ ਬਸੰਤ ਨਰੂਲਾ, ਮੈਡਮ ਸ਼ਕੁੰਤਲਾ ਦੇਵੀ, ਮੈਡਮ ਬਲਜਿੰਦਰ ਕੌਰ ਮੱਤਾ ਅਤੇ ਸਕੂਲ ਮੁਖੀ ਮਨਪ੍ਰੀਤ ਸਿੰਘ ਨੇ ਵੀ ਆਪਣੇ ਸੰਬੋਧਨ ਦੌਰਾਨ ਸੁਸਾਇਟੀ ਦੇ ਉਕਤ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਵਿਦਿਆਰਥੀ-ਵਿਦਿਆਰਥਣਾ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਅਤੇ ਇਸ ਤਰਾਂ ਦੀਆਂ ਗਿਆਨ ਵਧਾਊ ਕਾਪੀਆਂ ਵੰਡਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।