ਵਾਤਾਵਰਣ ਬਚਾਉਣਾ ਹਰ ਮਨੁੱਖ ਦੀ ਅਹਿਮ ਜਿੰਮੇਦਾਰੀ : ਗੁਰਮੀਤ ਸਿੰਘ/ਹੰਸ ਰਾਜ/ਅਜੀਤ ਵਰਮਾ
ਵਾਤਾਵਰਣ ਸਾਫ ਸੁਥਰਾ ਨਾ ਹੋਣ ਕਰਕੇ ਅਸੀਂ ਅਨੇਕਾਂ ਬਿਮਾਰੀਆਂ ਦਾ ਹੋ ਰਹੇ ਹਾਂ ਸ਼ਿਕਾਰ
ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ ਪਰਜਾਪਤ/ਵਰਲਡ ਪੰਜਾਬੀ ਟਾਈਮਜ਼)
ਦੁਨੀਆਂ ਭਰ ਵਿੱਚ ਕਿੱਧਰੇ ਵੀ ਨਜਰ ਮਾਰੀ, ਇਨਸਾਫ ਅਤੇ ਦਰੱਖਤ ਦਾ ਆਪਸ ਵਿੱਚ ਗੂੜਾ ਸਬੰਧ ਹੁੰਦਾ ਹੈ, ਕਿਉਂਕਿ ਵਾਤਾਵਰਣ ਨੂੰ ਬਚਾਉਣ ਲਈ ਇਨਸਾਨ ਜਿੱਥੇ ਵੱਧ ਤੋਂ ਵੱਧ ਪੌਦੇ ਲਾਉਂਦਾ ਹੈ, ਉੱਥੇ ਦਰੱਖਤ ਵੱਡੇ ਹੋ ਕੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜਸੇਵੀਆਂ ਗੁਰਮੀਤ ਸਿੰਘ ਪ੍ਰਜਾਪਤੀ, ਹੰਸ ਰਾਜ ਪ੍ਰਜਾਪਤੀ ਅਤੇ ਐਡਵੋਕੇਟ ਅਜੀਤ ਵਰਮਾ ਨੇ ਆਖਿਆ ਕਿ ਇਕ ਸਾਫ-ਸੁਥਰੇ ਤੇ ਸਿਹਤਮੰਦ ਵਾਤਾਵਰਣ ਦੀ ਸੰਭਾਲ ਕਰਨਾ ਹਰ ਮਨੁੱਖ ਦੀ ਮੁੱਢਲੀ ਜਿੰਮੇਦਾਰੀ ਹੋਣੀ ਚਾਹੀਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਵਾਤਾਵਰਣ ਦੀ ਸੰਭਾਲ ਕਰਨਾ ਸਾਡਾ ਪਹਿਲਾ ਉਦੇਸ਼ ਹੋਣਾ ਚਾਹੀਦਾ ਹੈ, ਉਸ ਨੂੰ ਦਿਨੋਂ ਦਿਨ ਅਸੀ ਤਬਾਹ ਕਰ ਰਹੇ ਹਾਂ। ਗੁਰਮੀਤ ਸਿੰਘ ਪ੍ਰਜਾਪਤੀ ਨੇ ਕਿਹਾ ਕਿ ਆਕਸੀਜਨ ਦੀ ਕਮੀ ਕਰਕੇ ਲੋਕ ਮਰ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਸਥਿੱਤੀ ਹੋਰ ਵੀ ਖਰਾਬ ਹੋਣ ਵਾਲੀ ਹੈ, ਇਸਦਾ ਕਾਰਨ ਹੈ ਕਿ ਰੁੱਖਾਂ ਨੂੰ ਆਪਣੇ ਹੱਥੀ ਕੱਟਣਾ, ਰੁੱਖ ਹੀ ਸਾਨੂੰ ਆਕਸੀਜਨ ਦੇ ਸਕਦੇ ਹਨ। ਇਸ ਲਈ ਵਾਤਾਵਰਣ ਨੂੰ ਬਚਾਉਣ ਲਈ ਅਸੀ ਵੱਧ ਤੋਂ ਵੱਧ ਰੁੱਖ ਲਾਈਏ ਤੇ ਉਹਨਾਂ ਦੀ ਸੰਭਾਲ ਕਰੀਏ। ਹੰਸ ਰਾਜ ਪ੍ਰਜਾਪਤੀ ਨੇ ਆਖਿਆ ਕਿ ਫਸਲਾਂ ਦੀ ਵੱਧ ਪੈਦਾਵਾਰ ਲਈ ਅਸੀਂ ਪਹਿਲਾਂ ਰੇਹਾਂ, ਸਪਰੇਆਂ ਦੀ ਵਰਤੋਂ ਕਰਕੇ ਹਵਾ ਜ਼ਹਿਰੀਲੀ ਕਰਦੇ ਹਾਂ, ਫਿਰ ਉਹੀ ਰੇਹ ਸਪਰੇਅ ਕੀਤੀ ਫਸਲ ਖਾਣੇ ਦੇ ਰੂਪ ਵਿੱਚ ਸਾਡੇ ਸਰੀਰ ਅੰਦਰ ਜਾਂਦੀ ਹੈ। ਇਸ ਕਾਰਨ ਅਸੀਂ ਹਵਾ ਪ੍ਰਦੂਸ਼ਣ ਕਰਨ ਤੋਂ ਬਾਅਦ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਕਾਰਖਾਨਿਆਂ ਦੀ ਰਹਿੰਦ-ਖੂੰਹਦ, ਸ਼ਹਿਰਾਂ ਦਾ ਕੂੜਾ, ਖੇਤੀ ਰਸਾਇਣਾਂ ਦੀ ਵਰਤੋਂ, ਪਲਾਸਟਿਕ, ਪੌਲੀਥੀਨ ਦੇ ਲਿਫਾਫਿਆਂ ਜਾਂ ਹੋਰ ਗੰਦ ਮਿਲਾ ਕੇ ਅਸੀਂ ਪਾਣੀ ਨੂੰ ਵੀ ਜ਼ਹਿਰਾਂ ਨਾਲ ਭਰ ਦਿੱਤਾ ਹੈ। ਸਾਡਾ ਫਰਜ ਹੈ ਕਿ ਅਸੀਂ ਆਪਣੇ ਵਾਤਾਵਰਨ ਪ੍ਰਤੀ ਸੁਚੇਤ ਹੋਈਏ। ਅਸੀਂ ਜਿੰਨਾ ਪ੍ਰਦੂਸ਼ਣ ਕਰ ਫੈਲਾ ਰਹੇ ਹਾਂ, ਉਹਨਾ ਹੀ ਸਾਨੂੰ ਵਾਤਾਵਰਨ ਨੂੰ ਹਰਿਆ ਭਰਿਆ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਲਈ ਸਾਨੂੰ ਆਪਣੇ ਬੱਚਿਆਂ ਨੂੰ ਪੌਦਿਆਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ। ਐਡਵੋਕੇਟ ਅਜੀਤ ਵਰਮਾ ਨੇ ਕਿਹਾ ਕਿ ਹੁਣ ਬਾਰਿਸ਼ਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਮੌਕੇ ਸਾਨੂੰ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ, ਕਿਉਂਕਿ ਇਹਨਾਂ ਦਿਨਾਂ ਵਿੱਚ ਪੌਦਿਆਂ ਨੂੰ ਜ਼ਿਆਦਾ ਪਾਣੀ ਦੇਣ ਦੀ ਖੇਚਲ ਨਹੀਂ ਕਰਨੀ ਪੈਂਦੀ ਅਤੇ ਮੀਂਹ ਦੇ ਪਾਣੀ ਨਾਲ਼ ਹੀ ਪੌਦੇ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ।
Leave a Comment
Your email address will not be published. Required fields are marked with *