ਮਨੁੱਖ ਦੇ ਇਹ ਸੁਭਾਅ ਵਿਚ ਹੀ ਹੈ ਕਿ ਉਹ ਥੋੜੇ ਜਿਹੇ ਲਾਲਚ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ,ਉਹ ਵਾਤਾਵਰਨ ਦਾ ਵੀ ਨੁਕਸਾਨ ਕਰ ਸਕਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਵੀ ਮੁਸ਼ਿਕਲਾਂ ਵਿੱਚ ਪਾ ਸਕਦਾ ਹੈ।ਇਹੀ ਸਭ ਕੁਝ ਅਜੋਕੇ ਸਮੇਂ ਵਿੱਚ ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ਵਿਚੋਂ ਇੱਕ ਬਣਿਆ ਹੋਇਆ ਹੈ।ਵਾਹਨ ਓਵਰਲੋਡਿੰਗ ਇਸ ਤਰ੍ਹਾਂ ਕੀਤੇ ਜਾਂਦੇ ਹਨ ਕਿ ਉਹ ਸਾਰੀ ਸੜਕ ਹੀ ਰੋਕ ਲੈਂਦੇ ਹਨ ,ਪਿੱਛੇ ਆ ਰਿਹਾ ਵਾਹਨ ਹਾਰਨ ਤੇ ਹਾਰਨ ਵਜਾ ਰਿਹਾ ਹੁੰਦਾ ਹੈ ਪਰ ਗਾਣਿਆਂ ਵਿੱਚ ਮਸਤ ਚਾਲਕ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ ਨੌਬਤ ਲੜਾਈ ਝਗੜੇ ਤੱਕ ਪਹੁੰਚ ਜਾਂਦੀ ਹੈ।ਹੁਣ ਅਸੀਂ ਦੇਖ ਰਹੇ ਹੋਵਾਂਗੇ ਹਰ ਪਾਸੇ ਪਰਾਲੀ ਤੋਂ ਗੱਠਾ ਬਣਾਉਣ ਦਾ ਕੰਮ ਚਲ ਰਿਹਾ ਹੈ।ਇਹ ਗੱਠਾ ਵਾਲੀਆਂ ਟਰਾਲੀਆਂ ਕੰਡਾ ਕਰਵਾਉਣ ਲਈ ਲੰਮੀਆਂ ਲੰਮੀਆਂ ਕਤਾਰਾਂ ਬਣਾ ਕੇ ਖੜ ਜਾਂਦੀਆਂ ਹਨ। ਸ਼ਾਮ ਨੂੰ ਕੰਡਾ ਬੰਦਾ ਹੋ ਜਾਂਦਾ ਹੈ। ਬੀਤੇ ਦਿਨ ਸਵੇਰੇ ਗੱਠਾ ਨਾਲ ਭਰੀ ਟਰਾਲੀ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ।ਗੱਠਾ ਵਾਲੀਆਂ ਟਰਾਲੀਆਂ ਇਕੱਲੀਆਂ ਖੜੀਆ ਸਨ ਉਹਨਾਂ ਕੋਲ ਕੋਈ ਉਹਨਾਂ ਦਾ ਮਾਲਕ ਵੀ ਨਹੀਂ ਸੀ। ਮੋਟਰਸਾਈਕਲ ਸਵਾਰਾਂ ਦੇ ਥੋੜੀਆਂ ਖਰੋਚਾਂ ਆਈਆਂ ਉਹ ਉੱਠ ਕੇ ਚਲੇ ਗਏ। ਸਵੇਰੇ ਸਵੇਰੇ ਇੱਕ ਤਾਂ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਉੱਤੋਂ ਧੂਆਂ ਧੁੰਦ ਨਾਲ ਮਿਲਕੇ ਧੁਆਖੀ ਧੁੰਦ ਬਣਾ ਲੈਂਦਾ ਹੈ ਜਿਸ ਵਿਚ ਵਾਹਨ ਚਾਲਕਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ।ਗੱਠਾ ਵਾਲੀ ਟਰਾਲੀ ਪਿੱਛੇ ਕੋਈ ਇੰਡੀਕੇਟਰ ਵੀ ਨਹੀਂ ਸੀ ਜਗਦਾ, ਸ਼ਾਇਦ ਇਸ ਨੂੰ ਦੇਖ ਕੇ ਹੀ ਪਿੱਛੇ ਆ ਰਿਹਾ ਵਾਹਨ ਸੁਚੇਤ ਹੋ ਜਾਵੇ। ਟ੍ਰੈਫਿਕ ਨਿਯਮਾਂ ਵਿੱਚ ਲਾਪਰਵਾਹੀ ਕਰਨਾ ਸੜਕ ਹਾਦਸਿਆਂ ਨੂੰ ਸੱਦਾ ਦਿੰਦਾ ਹੈ। ਵਾਹਨਾਂ ਦੀ ਓਵਰਲੋਡਿੰਗ ਨਾ ਕੀਤੀ ਜਾਵੇ। ਵਾਹਨਾਂ ਤੇ ਇੰਡੀਕੇਟਰ ਲਗਾਏ ਜਾਣ ਜੋ ਰਾਤ ਨੂੰ ਵਾਹਨ ਦੇ ਹੋਣ ਦਾ ਸੰਕੇਤ ਦੇਣ ਤਾਂ ਕਿ ਸੜਕ ਹਾਦਸਿਆਂ ਨੂੰ ਟਾਲਿਆ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ-ਬਠਿੰਡਾ
7087367969