ਬਠਿੰਡਾ, 21 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪਾਰਲੀਮੈਂਟ ਵਿੱਚ ਵਿਰੋਧ ਕਰਨ ਵਾਲੇ ਨੌਜਵਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਕੀਤਾ ਵਿਰੋਧ ਬਿਲਕੁਲ ਜਾਇਜ਼ ਹੈ ਭਾਰਤ ਵਿਚ ਪੜ੍ਹੇ-ਲਿਖੇ ਨੌਜਵਾਨ ਵੱਡੀ ਪੱਧਰ ਤੇ ਬੇਰੁਜ਼ਗਾਰ ਹਨ। ਇਸ ਰਾਜਨੀਤਕ ਪ੍ਰਬੰਧ ਨੇ ਅਤੇ ਸਰਕਾਰ ਦੇ ਜੰਨ-ਸਮੂਹ ਦੀ ਗੱਲ ਨਾ ਸੁਣਨ ਵਾਲੇ ਰੁੱਖ ਕਾਰਨ ਅੱਕ ਕੇ ਨੌਜਵਾਨਾਂ ਨੇ ਸੰਘਰਸ਼ ਦਾ ਇਹ ਤਰੀਕਾ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਇਖ਼ਤਿਆਰ ਕੀਤਾ ਹੈ। ਉਹਨਾਂ ਦੀ ਕਾਰਵਾਈ ਤੋਂ ਸਾਫ਼ ਝਲਕਦਾ ਹੈ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਨੌਜਵਾਨਾਂ ਦਾ ਉੱਕਾ ਹੀ ਕੋਈ ਮੰਤਵ ਨਹੀਂ ਸੀ ਸਗੋਂ ਲੋਕਾਂ ਦੇ ਅਸਲ ਮੁੱਦੇ ਜਿਵੇਂ ਕਿ ਬੇਰੁਜ਼ਗਾਰੀ , ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਂਵਾਂ ਅਤੇ ਮਨੀਪੁਰ ਦੀਆਂ ਘਟਨਾਵਾਂ ਆਦਿ ਨੂੰ ਉਜਾਗਰ ਕਰਨਾ ਸੀ। ਵੱਡੀ ਪੱਧਰ ਤੇ ਸਰਕਾਰੀ ਅਦਾਰਿਆਂ ਵਿੱਚ ਅਸਾਮੀਆਂ ਖਾਲੀ ਪਈਆਂ ਹਨ ਪਰ ਸਰਕਾਰ ਦੀ ਨੀਅਤ ਅਤੇ ਨੀਤੀ ਇਹਨਾਂ ਅਦਾਰਿਆਂ ਨੂੰ ਨਿਜੀ ਹੱਥਾਂ ਵਿੱਚ ਸੌਂਪਣ ਦੀ ਹੈ। ਇਸ ਮੌਕੇ ਜੱਥੇਬੰਦੀ ਮੰਗ ਕਰਦੀ ਹੈ ਕਿ ਨੌਜਵਾਨਾਂ ਤੇ ਪਾਇਆ ਯੂ.ਏ.ਪੀ.ਏ. ਦਾ ਪਰਚਾ ਰੱਦ ਕੀਤਾ ਜਾਵੇ ਅਤੇ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ। ਮੁਲਕ ਵਿਚ ਫੈਲੀ ਗੰਭੀਰ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਸਰ ਕੀਤਾ ਜਾਵੇ। ਇਸ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ, ਅਮਨ , ਜੱਸਪ੍ਰੀਤ ਕੋਰ, ਵਿਵੇਕ, ਨਵਜੋਤ, ਸੁਮਨ ਆਦਿ ਸ਼ਾਮਲ ਸਨ।