ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ ਫਿਲਮ ਵਿਆਹਾਂ ਵਾਲੀ ਜਾਪਦੀ ਹੈ ਪਰ ਜਦੋੰ ਤੁਸੀਂ ਇਸਦਾ ਟ੍ਰੇਲਰ ਦੇਖੋਗੇ ਤਾਂ ਸਾਫ ਹੋਵੇਗਾ ਕਿ ਇਹ ਫ਼ਿਲਮ ਬਿਲਕੁਲ ਇੱਕ ਨਵੇਂ ਅਤੇ ਹਾਸੋਹੀਣੇ ਮੁੱਦੇ ‘ਤੇ ਬਣੀ ਖੂਬਸੂਰਤ ਪੰਜਾਬੀ ਫ਼ਿਲਮ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਰਣਜੀਤ ਬਾਵਾ, ਅਦਿੱਤੀ ਸ਼ਰਮਾ ਤੇ ਗੁਰਪ੍ਰੀਤ ਘੁੱਗੀ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਸਿਿਤਜ ਚੌਧਰੀ ਨੇ ਡਾਇਰੈਕਟ ਕੀਤਾ ਹੈ। ਧੀਰਜ ਰਤਨ ਦੀ ਲਿਖੀ ਇਸ ਫਿਲਮ ਵਿੱਚ ਅਜੇ ਹੁੱਡਾ, ਓਸ਼ਿਨ ਬਰਾੜ, ਫਤਿਹ ਟਿੱਬੀ, ਬਦਰ ਖਾਨ ਸਮੇਤ ਕਈ ਹੋਰ ਵੀ ਚਰਚਿਤ ਚਿਹਰੇ ਨਜ਼ਰ ਆਉਣਗੇ। 29 ਮਾਰਚ ਨੂੰ ਰਿਲੀਜ਼ ਹੋ ਰਹੀ ਇਹ ਫਿਲਮ ਲ਼ੰਡਨ ਦੀਆਂ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ ਹੈ ਇਹ ਫਿਲਮ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਪੰਜਾਬ ਵਿੱਚ ਵਧੀਆ ਜ਼ਿੰਦਗੀ ਜਿਉਂ ਰਿਹਾ ਹੈ। ਉਸਦੀ ਮੰਗੇਤਰ ਸੋਹਣੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਜਾਂਦੀ ਹੈ। ਵਿਦੇਸ਼ ਜਾਣ ਤੋਂ ਬਾਅਦ ਉਸਦਾ ਵਤੀਰਾ ਅਚਾਨਕ ਬਦਲ ਜਾਂਦਾ ਹੈ। ਅੱਧ-ਵਿਚਕਾਰ ਲਟਕੇ ਫਿਲਮ ਦੇ ਨਾਇਕ ਕੋਲ ਹੁਣ ਵਿਦੇਸ਼ ਵਿੱਚ ਵੱਸਣ ਲਈ ਕਿਸੇ ਪੱਕੀ ਕੁੜੀ ਨਾਲ ਵਿਆਹ ਕਰਵਾਉਣ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ। ਉਹ ਕਿਵੇਂ ਇਕ ਵਿਦੇਸ਼ੀ ਕੁੜੀ ਲੱਭਦਾ ਹੈ, ਯੂ ਕੇ ਪੱਕੇ ਹੋਣ ਲਈ ਉਸਨੂੰ ਕੀ ਕੀ ਪਾਪੜ ਵੇਲਣੇ ਪੈੰਦੇ ਹਨ। ਕੱਚੇ ਤੌਰ ਤੇ ਰਹਿ ਰਹੇ ਲੋਕਾਂ ਨਾਲ ਉੱਥੇ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਹੈ। ਲਇਹ ਸਭ ਕੁਝ ਇਸ ਫਿਲਮ ਦਾ ਅਹਿਮ ਹਿੱਸਾ ਹੈ। ਇਹ ਫਿਲਮ ਮਜ਼ਾਕ ਮਜ਼ਾਕ ਵਿੱਚ ਵਿਦੇਸ਼ਾਂ ਵਿੱਚ ਵੱਸਦੇ ਨੌਜਵਾਨਾਂ, ਵਿਆਹ ਦਾ ਲਾਰਾ ਲਾ ਕੇ ਜਾਂ ਵਿਆਹ ਕਰਵਾਕੇ ਆਈਆਂ ਕੁੜੀਆਂ ਅਤੇ ਉਹਨਾਂ ਦੇ ਅਚਾਨਕ ਬਦਲਣ ਦੀ ਕਹਾਣੀ ਨੂੰ ਵੀ ਖੂਬਸੂਰਤ ਤਰੀਕੇ ਨਾਲ ਪਰਦੇ ਤੇ ਪੇਸ਼ ਕੀਤਾ ਗਿਆ ਹੈ। ਇਸ ਗੱਲ ਦਾ ਝਲਕਾਰਾ ਫ਼ਿਲਮ ਦੇ ਟ੍ਰੇਲਰ ਤੋਂ ਵੀ ਮਿਲਦਾ ਹੈ। ਫ਼ਿਲਮ ਨਿਰਮਾਤਾ ਮਨੀ ਧਾਲੀਵਾਲ, ਮੋਹਿਤ ਬਨਵੈਤ, ਇੰਦਰ ਨਾਗਰਾ ਅਤੇ ਸੁਰਿੰਦਰ ਸੋਹਨਪਾਲ ਵੱਲੋਂ “ਦਾਰਾ ਫਿਲਮ”, “ਬਨਵੈਤ ਫਿਲਮਸ” ਅਤੇ ਹਿਊਮਨ ਮੋਸ਼ਨ ਪਿਕਚਰ” ਦੇ ਬੈਨਰ ਹੇਠ ਬਣਾਈ ਗਈ ਇਸ ਫ਼ਿਲਮ ਬਾਰੇ ਗੱਲਬਾਤ ਕਰਦਿਆਂ ਫਿਲਮ ਦੇ ਨਾਇਕ ਰਣਜੀਤ ਬਾਵਾ ਨੇ ਦੱਸਿਆ ਕਿ ਇਸ ਫਿਲਮ ਵਿੱਚ ਉਹ ਭਿੰਦਰ ਨਾਂ ਦੇ ਪੰਜਾਬ ਦੇ ਇੱਕ ਮੱਧ ਵਰਗੀ ਨੌਜਵਾਨ ਦੀ ਭੂਮਿਕਾ ਨਿਭਾਈ ਹੈ। ਉਹ ਹਰਜੋਤ ਨਾਂ ਦੀ ਇੱਕ ਕੁੜੀ ਨੂੰ ਪਿਆਰ ਕਰਦਾ ਹੈ।ਪਰਿਵਾਰ ਦੀ ਸਹਿਮਤੀ ਨਾਲ ਦੋਵਾਂ ਦਾ ਵਿਆਹ ਹੋਣਾ ਵੀ ਨਿਸਚਤ ਹੋ ਜਾਂਦਾ ਹੈ। ਵਿਆਹ ਤੋਂ ਕੁਝ ਦਿਨ ਪਹਿਲਾਂ ਹਰਜੋਤ ਦਾ ਯੂ ਕੇ ਦਾ ਵੀਜ਼ਾ ਆ ਜਾਂਦਾ ਹੈ। ਹਰਜੋਤ ਲਈ ਯੂ ਕੇ ਗਏ ਭਿੰਦਰ ਨਾਲ ਉੱਥੇ ਕੀ ਕੁਝ ਵਾਪਰਦਾ ਹੈ ਇਹ ਪਹਿਲੂ ਬੇਹੱਦ ਦਿਲਚਸਪ ਹਨ। ਬਾਵੇ ਮੁਤਾਬਕ ਇਹ ਫਿਲਮ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਬਾਤ ਪਾਵੇਗਾ। ਇਸ ਫਿਲਮ ਵਿੱਚ ਦਰਸ਼ਕ ਉਸਨੂੰ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣਗੇ।
ਸੰਗੀਤ ਹਰ ਫਿਲਮ ਦੀ ਖੂਬਸੂਰਤੀ ਵਿੱਚ ਵਾਧਾ ਕਰਦਾ ਹੈ। ਇਸ ਫਿਲਮ ਦਾ ਸੰਗੀਤ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ। ਫਿਲਮ ਦਾ ਸੰਗੀਤ ਦੇਸੀ ਕਰਿਓ,ਜੱਗੀ ਸਿੰਘ ਅਤੇ ਡਾਊਡ ਬੀਟਸ ਨੇ ਤਿਆਰ ਕੀਤਾ ਹੈ। ਫਿਲਮ ਦੇ ਗੀਤ ਡੀ ਹਾਰਪ, ਜੱਗੀ ਸਿੰਘ ਅਤੇ ਪ੍ਰਗਟ ਕੋਟਗੁਰੂ ਨੇ ਲਿਖੇ ਹਨ। ਇਹਨਾਂ ਗੀਤਾਂ ਨੂੰ ਆਵਾਜ਼ ਰਣਜੀਤ ਬਾਵਾ, ਅਜੇ ਹੁੱਡਾ, ਕਮਲ ਖਾਨ ਅਤੇ ਡੀ ਹਾਰਪ ਨੇ ਦਿੱਤੀ ਹੈ। 29 ਮਾਰਚ ਨੂੰ ਦੁਨੀਆ ਭਰ ਵਿੱਚ ਰਿਲੀਜ ਹੋਣ ਜਾ ਰਹੀ ਹੈ ਇਹ ਫ਼ਿਲਮ ਸਿਨੇਮਾਘਰਾਂ ਵਿੱਚ ਮੁੜ ਰੌਣਕਾਂ ਲੈ ਕੇ ਆਵੇਗੀ।
ਜਿੰਦ ਜਵੰਦਾ 9463828000
Leave a Comment
Your email address will not be published. Required fields are marked with *