ਕੋਟਕਪੂਰਾ, 8 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਯੁਵਕ ਸੇਵਾਵਾਂ ਕਲੱਬ ਵਾਰਡ ਨੰਬਰ 24, ਫਰੀਦਕੋਟ ਦਿਹਾਤੀ ਅਤੇ ਦਸਮੇਸ਼ ਯੁਵਕ ਸੇਵਾਵਾਂ ਕਲੱਬ ਮਾਈ ਗੋਦੜੀ ਸਾਹਿਬ ਨੂੰ ਸਮਾਜਿਕ ਬੁਰਾਈਆਂ ਖਿਲਾਫ ਲੜਨ ਲਈ ਵਿੱਤੀ ਸਹਾਇਤਾ ਦੇ ਕੇ ਉਹਨਾਂ ਦੇ ਹੱਥ ਮਜਬੂਤ ਕਰਨ ਦੇ ਮੰਤਵ ਨਾਲ ਅੱਜ ਫਰੀਦਕੋਟ ਦੇ ਤਿੰਨ ਯੂਥ ਕਲੱਬਾਂ ਨੂੰ ਪ੍ਰਤੀ ਕਲੱਬ 42 ਹਜਾਰ ਰੁਪਏ ਕੁੱਲ 1.27 ਲੱਖ ਦੇ ਚੈੱਕ ਵੰਡੇ। ਇਸ ਮੌਕੇ ਬੋਲਦਿਆਂ ਬੀਬਾ ਬੇਅੰਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਮੇਂ ਦਾ ਹਾਣੀ ਬਣਾਉਣ ਲਈ ਸਾਰਥਕ ਕਦਮ ਪੁੱਟੇ ਜਾ ਰਹੇ ਹਨ। ਉਹਨਾਂ ਯੂਥ ਕਲੱਬਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾਂ ਪੈਸਿਆਂ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਜੋ ਇਹਨਾਂ ਕਲੱਬਾਂ ਨਾਲ ਜੁੜੇ ਹੋਏ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਅਤੇ ਨਸ਼ਿਆਂ ਤੋਂ ਬੇਮੁਖ ਕੀਤਾ ਜਾਵੇ। ਅਸਿਸਟੈਂਟ ਡਾਇਰੈਕਟਰ ਯੁਵਕ ਸੇਵਾਵਾਂ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਖਿੱਤੇ ਦੇ ਨੌਜਵਾਨਾਂ ਵੱਲੋਂ ਪਹਿਲਾਂ ਵੀ ਖੇਡਾਂ ਦੇ ਖੇਤਰ ’ਚ ਮੱਲਾਂ ਮਾਰੀਆਂ ਗਈਆਂ ਹਨ ਅਤੇ ਵੱਡੇ ਵਿਸ਼ਵ ਅਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਤਗਮੇ ਹਾਸਿਲ ਕੀਤੇ ਗਏ ਹਨ। ਜਿੰਨਾਂ ਨੌਜਵਾਨਾਂ ਨੇ ਮੈਡਲ ਪ੍ਰਾਪਤ ਕੀਤੇ ਹਨ, ਉਹਨਾਂ ਦੇ ਖੇਡ ਜੀਵਨ ਦੀ ਸੁਰੂਆਤ ਛੋਟੇ ਪੱਧਰ ’ਤੇ ਹੀ ਹੋਈ ਹੈ ਅਤੇ ਇਹ ਧਨ ਰਾਸ਼ੀ ਅਜਿਹੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਹਾਈ ਸਿੱਧ ਹੋਵੇਗੀ। ਇਸ ਪੈਸੇ ਨਾਲ ਇਹ ਨੌਜਵਾਨ ਆਪਣੇ ਕਲੱਬ ਦੇ ਪੱਧਰ ’ਤੇ ਖੇਡਾਂ ਦਾ ਸਮਾਨ ਖਰੀਦ ਸਕਦੇ ਹਨ, ਜਿਸ ਨਾਲ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਨੌਜਵਾਨ ਇੱਥੇ ਪ੍ਰੈਕਟਿਸ ਕਰਕੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਦੇ ਹਨ।