ਫਰੀਦਕੋਟ , 12 ਮਾਰਚ (ਵਰਲਡ ਪੰਜਾਬੀ ਟਾਈਮਜ਼)
ਭਾਰਤ ’ਚ ਆਉਣ ਵਾਲੇ ਸਾਲਾਂ ਦੌਰਾਨ ਏਵੀਏਸ਼ਨ ਦੇ ਖੇਤਰ ’ਚ ਵੱਡੀ ਗਿਣਤੀ ’ਚ ਨੌਕਰੀਆਂ ਦੇ ਮੱਦੇਨਜ਼ਰ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਨੇ ਵਿਧਾਨ ਸਭਾ ’ਚ ਫਲਾਇੰਗ ਕਲੱਬ ਖੋਲਣ ਦਾ ਮੁੱਦਾ ਚੁੱਕਿਆ। ਇਸ ਸਬੰਧੀ ਬੋਲਦਿਆਂ ਸ੍ਰ. ਸੇਖੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਦੇਸ਼ ਭਰ ’ਚ ਵੱਡੀ ਗਿਣਤੀ ’ਚ ਹਵਾਈ ਜਹਾਜ਼ਾਂ ਦੀ ਖਰੀਦ ਦੇ ਮੱਦੇਨਜ਼ਰ ਏਵੀਏਸ਼ਨ ਇੰਡਸਟਰੀ ’ਚ ਬੂਮ (ਪ੍ਰਫੁੱਲਿਤ) ਹੋਣ ਵਾਲਾ ਹੈ। ਇਸ ਖੇਤਰ ਦੇ ਮਾਹਿਰਾਂ ਨੇ ਦੱਸਿਆ ਕਿ ਭਾਰਤ ਦੀਆਂ ਵੱਡੀਆਂ ਏਅਰਲਾਈਨ ਕੰਪਨੀਆਂ ਵਲੋਂ ਆਉਣ ਵਾਲੇ ਸਾਲਾਂ ’ਚ 1000 ਜੈਟ ਹਵਾਈ ਜਹਾਜ ਖ੍ਰੀਦਣ ਦੀ ਤਜਵੀਜ ਹੈ। ਉਨ੍ਹਾਂ ਦੱਸਿਆ ਕਿ ਹਾਰਟਸ ਫੀਲਡ ਜੈਕਸ਼ਨ ਅਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡਾ ਅਮਰੀਕਾ ਤੋਂ ਬਾਅਦ ਦਿੱਲੀ ਵਿਖੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰ ਪੋਰਟ ਆਉਣ ਵਾਲੇ ਸਮੇਂ ’ਚ ਦੁਨੀਆਂ ਦਾ ਦੂਜਾ ਸਭ ਤੋਂ ਵੱਧ ਰੁਝੇਵੇ ਵਾਲਾ ਏਅਰਪੋਰਟ ਬਣਨ ਜਾ ਰਿਹਾ ਹੈ। ਵਿਧਾਇਕ ਸੇਖੋਂ ਨੇ ਦੱਸਿਆ ਕਿ ਇੱਕ ਅਨੁਮਾਨ ਮੁਤਾਬਿਕ ਭਾਰਤ ਦੀ 3 ਪ੍ਰਤੀਸ਼ਤ ਆਬਾਦੀ ਹਵਾਈ ਜਹਾਜ ਰਾਹੀਂ ਹੀ ਸਫਰ ਕਰ ਰਹੀ ਹੈ ਤੇ ਇਸ ਪ੍ਰਤੀਸਸ਼ਤਾ ’ਚ ਆਉਣ ਵਾਲੇ ਦਿਨਾਂ ਦੌਰਾਨ ਹੋਰ ਵਾਧਾ ਦਰਜ ਕੀਤਾ ਜਾਣਾ ਹੈ। ਇਨ੍ਹਾਂ ਗੱਲਾਂ ਦੇ ਚੱਲਦਿਆਂ ਵਿਧਾਇਕ ਸੇਖੋਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਜ਼ਿਲ੍ਹਾ ਫ਼ਰੀਦਕੋਟ ’ਚ ਕੁਝ ਸਮਾਂ ਪਹਿਲਾਂ ਫਲਾਇੰਗ ਕਲੱਬ ਵਾਸਤੇ ਵਿੱਢਿਆ ਗਿਆ ਕੰਮ ਜਲਦ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਪਹਿਲਾਂ ਹੀ ਤਕਰੀਬਨ 103 ਏਕੜ ਜਮੀਨ ਲੈਣ ਲਈ ਮਨਜ਼ੂਰੀ ਦਿੱਤੀ ਗਈ ਸੀ ਪਰ ਇਹ ਮਾਮਲਾ ਤਕਨੀਕੀ ਕਾਰਨਾਂ ਕਰਕੇ ਸਿਰੇ ਨਹੀਂ ਸੀ ਚੜ ਸਕਿਆ।
Leave a Comment
Your email address will not be published. Required fields are marked with *