ਕੋਟਕਪੂਰਾ, 5 ਫ਼ਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਾਕੀ ਵਿੱਚ ਪਿਛਲੇ 12 ਸਾਲਾਂ ਤੋਂ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਓਲੰਪੀਅਨ ਰੁਪਿੰਦਰ ਪਾਲ ਸਿੰਘ ਨੂੰ ਅੱਜ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਤਹਿ ਦਿਲੋਂ ਵਧਾਈਆਂ ਦਿੱਤੀਆਂ। ਉਹਨਾਂ ਕਿਹਾ ਕਿ ਰੁਪਿੰਦਰ ਪਾਲ ਦੀ ਅਣਥੱਕ ਮਿਹਨਤ ਨੂੰ ਬੂਰ ਪਿਆ ਹੈ ਅਤੇ ਉਮੀਦ ਕਰਦੇ ਹਾਂ ਕਿ ਇਸ ਮਿਹਨਤ ਅਤੇ ਲਗਨ ਨਾਲ ਉਹ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਨਗੇ। ਉਹਨਾਂ ਦੱਸਿਆ ਕਿ ਰੁਪਿੰਦਰ ਪਾਲ ਨੇ ਬਾਬਾ ਸੇਰ ਸਾਹ ਵਲੀ ਅਕੈਡਮੀ ਫਿਰੋਜਪੁਰ ਤੋਂ ਖੇਡ ਦੀ ਦੁਨੀਆਂ ਵਿੱਚ ਪੈਰ ਰੱਖਿਆ ਅਤੇ ਹਾਕੀ ਵਿੱਚ ਬਤੌਰ ਡਿਫ਼ੈਂਡਰ ਇੰਡੀਅਨ ਓਵਰਸੀਜ, ਏਅਰ ਇੰਡੀਆ, ਇੰਡੀਅਨ ਆਇਲ ਦੀ ਵੀ ਪ੍ਰਤੀਨਿਧਤਾ ਕੀਤੀ। ਸ. ਸੇਖੋਂ ਨੇ ਕਿਹਾ ਕਿ ਰੁਪਿੰਦਰਪਾਲ ਦੀ ਪ੍ਰਾਪਤੀ ਨਾਲ ਜਿੱਥੇ ਇਸ ਇਲਾਕੇ ਦੇ ਲੋਕਾਂ ਦਾ ਸਿਰ ਮਾਨ ਨਾਲ ਉੱਚਾ ਹੋਇਆ ਹੈ ਉੱਥੇ ਖੇਡ ਜਗਤ ਨਾਲ ਜੁੜੇ ਹੋਏ ਨੌਜਵਾਨਾਂ ਨੂੰ ਵੀ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਮਿਲੇਗੀ। ਜਿਲਾ ਖੇਡ ਅਫਸਰ ਬਲਜਿੰਦਰ ਸਿੰਘ ਨੇ ਰੁਪਿੰਦਰ ਪਾਲ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਖਿਡਾਰੀ ਸਾਬਕਾ ਖੇਡ ਅਫਸਰ ਹਰਬੰਸ ਸਿੰਘ ਦਾ ਸਾਗਿਰਦ ਰਿਹਾ ਹੈ।